ਜਗਰਾਉਂ, 14 ਦਸੰਬਰ ( ਲਿਕੇਸ਼ ਸ਼ਰਮਾਂ, ਅਸ਼ਵਨੀ )-ਕੋਰਟ ਵਿਚ ਦਰਜਾ ਚਾਰ ਮੁਲਾਜ਼ਮਾਂ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਦੋ ਸਾਬਕਾ ਫੌਜੀਆਂ ਨਾਲ ਤਿੰਨ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਹਰਦੀਪ ਸਿੰਘ ਵਾਸੀ ਪਿੰਡ ਐਤੀਆਣਾ ਅਤੇ ਮੌਜੂਦਾ ਪਿੰਡ ਗਿੱਲ ਖ਼ਿਲਾਫ਼ ਥਾਣਾ ਹਠੂਰ ਵਿੱਚ ਧੋਖਾ ਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਾਬਕਾ ਫੌਜੀ ਭੁਪਿੰਦਰ ਸਿੰਘ ਅਤੇ ਜਸਪਾਲ ਸਿੰਘ ਵਾਸੀ ਪਿੰਡ ਮਾਣੂੰਕੇ (ਜੋ ਕਿ ਆਰਮੀ ਵਿੱਚੋਂ ਸੇਵਾਮੁਕਤ ਹੈ) ਨੇ ਪੁਲੀਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਸਾਲ 2021 ਵਿੱਚ ਅਦਾਲਤਾਂ ਵਿੱਚ ਦਰਜਾ ਚਾਰ ਮੁਲਾਜ਼ਮਾਂ ਦੀਆਂ ਅਸਾਮੀਆਂ ਨਿਕਲੀਆਂ ਸਨ। ਉਨ੍ਹਾਂ ਦੇ ਇੱਕ ਜਾਣਕਾਰ ਨੇ ਸਾਨੂੰ ਪਿੰਡ ਐਤੀਆਣਾ ਦੇ ਵਸਨੀਕ ਹਰਦੀਪ ਸਿੰਘ, ਜੋ ਕਿ ਆਪਣੇ ਆਪ ਨੂੰ ਵੱਡਾ ਕਾਂਗਰਸੀ ਆਗੂ ਦੱਸਦਾ ਸੀ, ਨਾਲ ਮਿਲਾਇਆ ਅਤੇ ਸਾਨੂੰ ਭਰੋਸਾ ਦਿਵਾਉਣ ਲਈ ਉਸ ਨੇ ਸਾਂਸਦ ਰਵਨੀਤ ਸਿੰਘ ਬਿੱਟੂ, ਤਤਕਾਲੀਨ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਹੋਰ ਵੱਡੇ ਕਾਂਗਰਸੀ ਨੇਤਾਵਾਂ ਨਾਲ ਆਪਣੀਆਂ ਫੋਟੋ ਦਿਖਾਈ। ਉਸਨੇ ਕਿਹਾ ਕਿ ਤੁਹਾਨੂੰ ਦੋਵਾਂ ਨੂੰ ਅਦਾਲਤ ਵਿੱਚ ਦਰਜਾ ਚਾਰ ਮੁਲਾਜ਼ਮਾਂ ਦੀ ਪੋਸਟ ’ਤੇ ਨਿਯੁਕਤ ਕਰਵਾ ਦਿਆੰਗਾ। ਇਸ ਲਈ ਪੰਜ ਲੱਖ ਰੁਪਏ ਲੱਗਣਗੇ। ਜਿਸ ’ਤੇ ਉਨ੍ਹਾਂ ਨੇ ਭਰੋਸਾ ਕਰਕੇ ਉਸਨੂੰ ਪੰਜ ਲੱਖ ਰੁਪਏ ਦੇ ਦਿੱਤੇ। ਪਰ ਹਰਦੀਪ ਸਿੰਘ ਨੇ ਉਨਾਂ ਨੂੰ ਨੌਕਰੀ ਨਹੀਂ ਦਵਾਈ। ਸਾਡੇ ਵਾਰ-ਵਾਰ ਕਹਿਣ ’ਤੇ ਉਸ ਨੇ ਸਾਨੂੰ 2 ਲੱਖ ਰੁਪਏ ਵਾਪਸ ਕਰ ਦਿੱਤੇ ਪਰ ਬਾਕੀ 3 ਲੱਖ ਰੁਪਏ ਵਾਪਸ ਨਹੀਂ ਕੀਤੇ। ਇਸ ਸੰਬਧੀ ਉਨ੍ਹਾਂ ਵਲੋਂ ਸ਼ਿਕਾਇਤ ਐਸਐਸਪੀ ਲੁਧਿਆਣਾ ਦਿਹਾਤੀ ਨੂੰ ਕੀਤੀ। ਜਿਸ ਦੀ ਜਾਂਚ ਡੀਐਸਪੀ ਰਾਏਕੋਟ ਨੇ ਕੀਤੀ। ਜਾਂਚ ਤੋਂ ਬਾਅਦ ਹਰਦੀਪ ਸਿੰਘ ਖ਼ਿਲਾਫ਼ ਥਾਣਾ ਹਠੂਰ ਵਿੱਚ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ।