ਜਗਰਾਓਂ , 22 ਦਸੰਬਰ ( ਬਲਦੇਵ ਸਿੰਘ)-ਜੀ ਟੀ ਯੂ (ਵਿਗਿਆਨਕ) ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਆਗੂਆਂ ਜਗਦੀਪ ਸਿੰਘ ਜੌਹਲ, ਇਤਬਾਰ ਸਿੰਘ, ਰਾਜਵਿੰਦਰ ਸਿੰਘ ਛੀਨਾ ਆਦਿ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਸਰਦੀ ਦੀ ਰੁੱਤ ਕਾਰਨ ਸਕੂਲਾਂ ਵਿੱਚ 25 ਤੋਂ 31 ਦਸੰਬਰ ਤੱਕ ਸਰਦ ਰੁੱਤ ਦੀਆਂ ਛੁੱਟੀਆਂ ਕਰਨ ਜਾ ਰਹੀ ਹੈ ਅਤੇ ਦੂਜੇ ਪਾਸੇ ਸਕੂਲ ਮੁਖੀਆਂ ਨੂੰ ਯੂ ਡਾਈਸ ਸਰਵੇ ਵਿੱਚ ਉਲਝਾਉਣ ਜਾ ਰਹੀ ਹੈ, ਜਿਸ ਨੂੰ ਭਰਨ ਦੀ ਅੰਤਿਮ ਮਿਤੀ 31 ਦਸੰਬਰ ਵੀ ਤੈਅ ਕਰ ਦਿੱਤੀ ਗਈ ਹੈ ਤਾਂ ਕਿ ਸੂਬੇ ਭਰ ਦੇ ਸਕੂਲ ਮੁਖੀਆਂ ਨੂੰ ਛੁੱਟੀਆਂ ਵਿੱਚ ਉਲ਼ਝਾਇਆ ਜਾ ਸਕੇ। ਚੇਤੇ ਰਹੇ ਕਿ ਇਸ ਯੂ ਡਾਈਸ ਪ੍ਰੋਫਾਰਮੇ ਨੂੰ ਭਰਨ ਲਈ ਮਾਮੂਲੀ ਤੌਰ ਤੇ ਹਫਤਾ ਦਸ ਦਿਨ ਲੱਗ ਹੀ ਜਾਂਦੇ ਹਨ, ਕਿਉਂਕਿ ਇਸ ਪ੍ਰੋਫਾਰਮੇ ਵਿੱਚ ਸਾਲ ਭਰ ਦੀ ਮੁਕੰਮਲ ਜਾਣਕਾਰੀ ਭਰੀ ਜਾਣੀ ਹੁੰਦੀ ਹੈ, ਜੋ ਕਿ ਸਕੂਲ ਰਿਕਾਰਡ ਨਾਲ਼ ਸਬੰਧਤ ਵੱਖੋ-ਵੱਖ ਰਜਿਸਟਰਾਂ ਵਿੱਚੋਂ ਕੱਢ ਕੇ ਭਰੀ ਜਾਣੀ ਹੈ। ਸੂਬੇ ਦੇ ਅੱਧੇ ਤੋਂ ਜ਼ਿਆਦਾ ਸਕੂਲ ਪ੍ਰਾਇਮਰੀ ਹਨ, ਜਿਨ੍ਹਾਂ ਕੋਲ਼ ਕੋਈ ਕਲਰਕ ਆਦਿ ਵੀ ਨਹੀਂ ਹੁੰਦਾ। ਜਿੱਥੇ ਪੰਜਾਬ ਭਰ ਦੇ ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਨ ਸਕੂਲ ਬੰਦ ਹੋਣਗੇ, ਓਥੇ ਦੂਜੇ ਪਾਸੇ ਸਕੂਲ ਮੁਖੀ ਪ੍ਰੋਫਾਰਮੇ ਭਰਨ ਲਈ ਠੰਢ ਵਿੱਚ ਸਕੂਲਾਂ ਦੇ ਗੇੜੇ ਕੱਢਦੇ ਨਜ਼ਰ ਆਉਣਗੇ। ਯੂਨੀਅਨ ਆਗੂਆਂ ਕੇਵਲ ਸਿੰਘ, ਰਾਜਵੀਰ ਸਿੰਘ, ਸੁਖਦੀਪ ਸਿੰਘ, ਕਮਲਜੀਤ ਸਿੰਘ ਮਾਨ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲ ਮੁਖੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਇਹ ਪ੍ਰੋਫਾਰਮੇ ਛੁੱਟੀਆਂ ਤੋਂ ਬਾਅਦ ਢੁਕਵਾਂ ਸਮਾਂ ਦੇ ਕੇ ਭਰਾਏ ਜਾਣ ।*