ਜਗਰਾਉਂ, 3 ਜਨਵਰੀ ( ਵਬੌਬੀ ਸਹਿਜਲ, ਧਰਮਿੰਦਰ )-ਸਕੂਟੀ ’ਤੇ ਜਾ ਰਹੀ ਮਾਂ ਧੀ ਨੂੰ ਲੱਤ ਮਾਰ ਕੇ ਹੇਠਾਂ ਸੁੱਟ ਕੇ ਉਸ ਦਾ ਮੋਬਾਈਲ ਫ਼ੋਨ ਖੋਹ ਕੇ ਭੱਜਣ ਵਾਲੇ ਤਿੰਨ ਵਿਅਕਤੀਆਂ ਨੂੰ ਥਾਣਾ ਹਠੂਰ ਦੀ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਨ੍ਹਾਂ ਕੋਲੋਂ ਖੋਹੇ ਗਏ ਤਿੰਨ ਵੱਖ-ਵੱਖ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਏਐਸਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਦਵਿੰਦਰ ਕੌਰ ਵਾਸੀ ਗਰੀਨ ਐਵੀਨਿਊ, ਰਾਏਕੋਟ, ਮੌਜੂਦਾ ਨਿਵਾਸੀ ਪਿੰਡ ਮਾਣੂੰਕੇ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਆਪਣੀ ਲੜਕੀ ਜਸਮੀਨ ਕੌਰ ਨਾਲ ਸਕੂਟੀ ’ਤੇ ਗੁਰਦੁਆਰਾ ਮੇਹਦੀਆਣਾ ਸਾਹਿਬ ਮੱਥਾ ਟੇਕਣ ਲਈ ਗਈ ਹੋਈ ਸੀ। ਜਦੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਵਾਪਸ ਪਿੰਡ ਮਾਣੂੰਕੇ ਆ ਰਹੇ ਸੀ ਤਾਂ ਮੋਟਰਸਾਈਕਲ ’ਤੇ ਤਿੰਨ ਲੜਕੇ ਸਾਡੇ ਪਿੱਛੇ ਆ ਗਏ। ਉਨ੍ਹਾਂ ਨੇ ਆਪਣਾ ਮੋਟਰਸਾਈਕਲ ਸਕੂਟੀ ਦੇ ਬਰਾਬਰ ਕਰਕੇ ਮੈਨੂੰ ਅਤੇ ਮੇਰੀ ਲੜਕੀ ਨੂੰ ਚੱਲਦੀ ਸਕੂਟੀ ’ਤੇ ਲੱਤ ਮਾਰ ਕੇ ਹੇਠਾਂ ਸੁੱਟ ਦਿੱਤਾ। ਡਰਾ ਧਮਕਾ ਕੇ ਮੇਰੀ ਲੜਕੀ ਜਸਮੀਨ ਕੌਰ ਦੇ ਹੱਥੋਂ ਐੱਮਆਈ ਫੋਨ ਖੋਹ ਲਿਆ ਅਤੇ ਮੋਟਰਸਾਈਕਲ ’ਤੇ ਪਿੰਡ ਮਾਣੂੰਕੇ ਵੱਲ ਭੱਜ ਗਏ। ਦਵਿੰਦਰ ਕੌਰ ਦੀ ਸ਼ਿਕਾਇਤ ਦੀ ਪੜਤਾਲ ਉਪਰੰਤ ਲਵਪ੍ਰੀਤ ਸਿੰਘ ਉਰਫ਼ ਬੁਲਾਰਾ, ਲਵਪ੍ਰੀਤ ਸਿੰਘ ਉਰਫ਼ ਬੱਗੀ ਵਾਸੀ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਅਤੇ ਜਸਵੀਰ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕੋਲੋਂ ਜੈਸਮੀਨ ਤੋਂ ਖੋਹਿਆ ਗਿਆ ਫੋਨ ਅਤੇ ਜਗਰਾਓਂ ਤੋਂ ਖੋਹੇ ਗਏ ਦੋ ਹੋਰ ਮੋਬਾਈਲ ਬਰਾਮਦ ਕੀਤੇ ਗਏ ਹਨ।
