-31 ਮਾਰਚ 2023 ਤੱਕ 10 ਫੀਸਦੀ ਜੁਰਮਾਨਾ ਅਤੇ ਇਸਤੋਂ ਬਾਅਦ ਦੇਣਾ ਹੋਵੇਗਾ 18 ਫੀਸਦੀ ਵਿਆਜ ਨਾਲ 20 ਫੀਸਦੀ ਜੁਰਮਾਨਾ
ਮੋਗਾ 23 ਦਸੰਬਰ: ( ਕੁਲਵਿੰਦਰ ਸਿੰਘ)-ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਜਯੋਤੀ ਬਾਲਾ ਮੱਟੂ ਨੇ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਵਾਸੀ ਵਿੱਤੀ ਸਾਲ 2022-23 ਲਈ ਆਪਣਾ ਪ੍ਰਾਪਰਟੀ ਟੈਕਸ 31 ਦਸੰਬਰ, 2022 ਤੱਕ ਬਿਨ੍ਹਾਂ ਕਿਸੇ ਰਿਬੇਟ ਤੋਂ ਜਮ੍ਹਾਂ ਕਰਵਾ ਸਕਦੇ ਹਨ। ਮਿਤੀ 01-01-2023 ਤੋ 31-03-2023 ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲੇ ਵਿਅਕਤੀਆਂ ਤੋਂ 10 ਫੀਸਦੀ ਜੁਰਮਾਨੇ ਨਾਲ ਪ੍ਰਾਪਰਟੀ ਟੈਕਸ ਵਸੂਲ ਕੀਤਾ ਜਾਵੇਗਾ। 01-04-2023 ਤੋ ਵਿੱਤੀ ਸਾਲ 2022-23 ਲਈ ਬਣਦੇ ਪ੍ਰਾਪਰਟੀ ਟੈਕਸ ਨੂੰ 20 ਫੀਸਦੀ ਜੁਰਮਾਨੇ ਨਾਲ ਸਮੇਤ 18 ਫੀਸਦੀ ਵਿਆਜ ਨਾਲ ਵਸੂਲਿਆ ਜਾਵੇਗਾ। ਪ੍ਰਾਪਰਟੀ ਟੈਕਸ ਨੂੰ ਆਨਲਾਇਨ ਭਰਨ ਲਈ https://mseva.lgpunjab.gov.in/citizen ਵੈਬਸਾਈਟ ਉੱਪਰ ਪਹੁੰਚ ਕੀਤੀ ਜਾ ਸਕਦੀ ਹੈ।ਕਮਿਸ਼ਨਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪਨੈਲਟੀ/ਜੁਰਮਾਨੇ ਤੋਂ ਬਚਣ ਲਈ ਮਿਤੀ 31-12-2022 ਤੋ ਪਹਿਲਾਂ-2 ਆਪਣਾ ਬਣਦਾ ਪ੍ਰਾਪਰਟੀ ਟੈਕਸ ਦੀ ਰਿਟਰਨ ਫਾਇਲ ਕਰਕੇ ਇਸ ਤੇ ਲੱਗਣ ਵਾਲੀ ਪਨੈਲਟੀ ਤੋਂ ਬਚਣ ਲਈ ਇਸ ਦਾ ਲਾਭ ਉਠਾਉਣ। ਉਨ੍ਹਾਂ ਵੱਲੋਂ ਇਹ ਵੀ ਅਪੀਲ ਕੀਤੀ ਕਿ ਆਪਣੀ ਪ੍ਰਾਪਰਟੀ ਸਬੰਧੀ ਸਹੀ ਅਤੇ ਦਰੁੱਸਤ ਰਿਟਰਨ ਫਾਇਲ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਰਿਕਵਰੀ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਕਿ ਸ਼ਹਿਰ ਵਿਚ ਡੋਰ ਟੂ ਡੋਰ ਜਾ ਕੇ ਰਿਕਵਰੀ ਕਰੇਗੀ। ਇਸ ਰਿਕਵਰੀ ਟੀਮ ਦੇ ਅਫ਼ਸਰ ਇੰਚਾਰਜ ਹਰਬੰਸ ਸਿੰਘ ਨਿਗਮ ਸਕੱਤਰ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਟੀਮ ਡੋਰ ਟੂ ਡੋਰ ਸਰਵੇ ਰਾਹੀਂ ਪ੍ਰਾਪਰਟੀ ਟੈਕਸ ਨਾ ਜਮ੍ਹਾਂ ਕਰਵਾਉਣ ਵਾਲੇ/ ਘੱਟ ਜਮ੍ਹਾਂ ਕਰਵਾਉਣ ਵਾਲੇ/ਰਿਟਰਨ ਗਲਤ ਫਾਇਲ ਕਰਨ ਵਾਲਿਆਂ ਦੇ ਵਿਰੁੱਧ ਪੰਜਾਬ ਨਗਰ ਨਿਗਮ ਐਕਟ 1976 ਤਹਿਤ ਬਣਦੀ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦੀ ਪ੍ਰੇਸ਼ਾਨੀ/ਕਾਰਵਾਈ ਤੋਂ ਬਚਣ ਲਈ ਸ਼ਹਿਰ ਵਾਸੀ ਆਪੋ ਆਪਣਾ ਬਣਦਾ ਪ੍ਰਾਪਰਟੀ ਟੈਕਸ ਅਤੇ ਹੋਰ ਦੂਸਰੇ ਟੈਕਸ, ਫੀਸਾਂ ਸਬੰਧੀ ਸਹੀ ਅਤੇ ਦਰੁਸਤ ਰਿਟਰਨ ਫਾਇਲ ਕਰਕੇ ਸ਼ਹਿਰ ਦੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣ ਅਤੇ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ।ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਨਗਰ ਨਿਗਮ ਮੋਗਾ ਵੱਲੋਂ ਮਿਤੀ 31-12-2022 ਤੱਕ ਆਮ ਕੰਮ ਵਾਲੇ ਦਿਨਾਂ ਤੋ ਇਲਾਵਾ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤੱਕ ਪ੍ਰਾਪਰਟੀ ਟੈਕਸ ਨਗਰ ਨਿਗਮ ਮੋਗਾ ਦੀ ਪੁਰਾਣੀ ਲਾਇ੍ਰਬੇਰੀ ਵਿਚ ਬਣੇ ਸੁਵਿਧਾ ਕੇਂਦਰ ਵਿਚ ਜਮ੍ਹਾਂ ਕੀਤਾ ਜਾਵੇਗਾ।