–ਚੈਕਿੰਗ ਦੌਰਾਨ ਊਣਤਾਈਆਂ ਕਾਰਨ 5 ਸਕੂਲੀ ਵਾਹਨਾਂ ਦੇ ਕਰੀਬ 16 ਹਜ਼ਾਰ ਰੁਪਏ ਦੇ ਚਲਾਨ ਕੱਟੇ
ਮਾਲੇਰਕੋਟਲਾ 30 ਜਨਵਰੀ ( ਬੌਬੀ ਸਹਿਜਲ, ਧਰਮਿੰਦਰ) -ਉਪ ਮੰਡਲ ਮੈਜਿਸਟਰੇਟ ਮਾਲੇਰਕੋਟਲਾ ਸ੍ਰੀ ਕਰਨਦੀਪ ਸਿੰਘ ਨੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿੱਦਿਆ ਮੰਦਿਰ ਸਰਵਹਿੱਤਕਾਰੀ ਸਕੂਲ ਮਾਲੇਰਕੋਟਲਾ ਵਿਖੇ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਊਣਤਾਈਆਂ ਕਾਰਨ 5 ਸਕੂਲੀ ਵਾਹਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆ ਕਰੀਬ 16 ਹਜ਼ਾਰ ਰੁਪਏ ਦੇ ਚਲਾਨ ਕੀਤੇ ਗਏ । ਇਸ ਮੌਕੇ ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਲਾਗੂ ਕੀਤੀ ਗਈ ਸੇਫ਼ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪਾਲਿਸੀ ਤਹਿਤ ਸਕੂਲੀ ਬੱਸਾਂ ਵਿੱਚ ਜ਼ਰੂਰੀ ਤੌਰ ਤੇ ਹੋਣ ਵਾਲੇ ਉਪਕਰਨ ਨਾ ਲਗਵਾਉਣ ਵਾਲੇ ਸਕੂਲ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਜਿਹੜੀਆਂ ਸਕੂਲੀ ਬੱਸਾਂ ਵਿੱਚ ਲੜਕੀਆਂ ਸਫ਼ਰ ਕਰਦੀਆਂ ਹੋਣ ਉਨ੍ਹਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ, ਮਹਿਲਾ ਅਟੈਂਡੈਂਟ ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਬੱਸਾਂ ਵਿੱਚ ਫ਼ਸਟ ਏਡ ਬਾਕਸ ਅਤੇ ਸਪੀਡ ਗਵਰਨਸ ਲਗਾਉਣੇ ਅਤਿ ਜ਼ਰੂਰੀ ਹਨ।ਉਨ੍ਹਾਂ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਖ਼ੁਦ ਵੀ ਬੱਸਾਂ ਨੂੰ ਨਿਰੰਤਰ ਚੈੱਕ ਕਰਨ ਤਾਂ ਜੋ ਸਕੂਲੀ ਬੱਸਾਂ ਵਿੱਚ ਪਾਈਆਂ ਜਾਂਦੀਆਂ ਖ਼ਾਮੀਆਂ ਨੂੰ ਪੂਰਾ ਕੀਤਾ ਜਾ ਸਕੇ।