ਸਾਹਨੇਵਾਲ 30 ਜਨਵਰੀ ( ਬੌਬੀ ਸਹਿਜਲ, ਧਰਮਿੰਦਰ ) – ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੂੰਡੀਆਂ ਦੀ ਅਗਵਾਈ ਹੇਠ ਨਗਰ ਕੌਂਸਲ ਸਾਹਨੇਵਾਲ ਵੱਲੋਂ ਵਾਰਡ ਨੰਬਰ 10, 11 ਅਤੇ 12 ਵਿਖੇ ਨਾਗਰਿਕ ਜਾਗਰੂਕਤਾ ਅਤੇ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ ਜਿਸ ਵਿੱਚ ਲੋਕਾਂ ਦੀਆਂ ਸਮੱਸਿਆਂਵਾਂ ਸੁਣੀਆਂ ਗਈਆਂ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ. ਬਲਵੀਰ ਸਿੰਘ ਵੀ ਮੌਜੂਦ ਸਨ।ਵਿਧਾਇਕ ਹਰਦੀਪ ਸਿੰਘ ਮੂੰਡੀਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਸੁਚੇਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਵੀ ਜਲਦ ਨਿਪਟਾਰਾ ਕਰਨ ਲਈ ਵਚਨਬੱਧ ਹੈ।ਕੈਂਪ ਦੌਰਾਨ ਉਨ੍ਹਾਂ ਵਾਰਡ ਨੰਬਰ 10, 11, 12 ਅਤੇ ਹੋਰ ਦੂਰੋਂ ਨੇੜਿਓ ਆਓ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਨਿਪਟਾਰਾ ਕਰਨ ਦੇ ਵੀ ਨਿਰਦੇਸ਼ ਦਿੱਤੇ।ਇਸ ਮੌਕੇ ਸ਼੍ਰੀ ਰਵੀਦਾਸ ਸੈਲਫ ਹੈਲਪ ਗਰੁੱਪ ਸਾਹਨੇਵਾਲ ਵੱਲੋਂ ਸਟਾਲ ਵੀ ਲਗਾਇਆ ਗਿਆ।ਜ਼ਿਕਰਯੋਗ ਹੈ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੇ-ਨੂਲਮ ਸਕੀਮ ਅਧੀਨ ਸਥਾਪਤ ਨਗਰ ਕੌਂਸਲ ਸਾਹਨੇਵਾਲ ਅਧੀਨ ਰਵੀਦਾਸ ਹੈਲਪ ਗਰੁੱਪ ਸਾਹਨੇਵਾਲ ਦੀ ਨਵੀਂ ਦਿੱਲੀ ਵਿਖੇ ‘ਭਾਰਤ ਪਰਵ’ ਸਮਾਗਮ ਮੌਕੇ ਸਟਾਲ ਲਗਾਉਣ ਲਈ ਵੀ ਚੋਣ ਹੋਈ ਹੈ ਜੋਕਿ 26 ਜਨਵਰੀ ਤੋਂ 31 ਜਨਵਰੀ 2023 ਤੱਕ ਮਨਾਇਆ ਜਾ ਰਿਹਾ ਹੈ। ਇਸ ਨਾਲ ਜਿੱਥੇ ਗਰੀਬ ਔਰਤਾਂ ਨੂੰ ਸਵੈ-ਰੋਜਗਾਰ ਮਿਲ ਰਿਹਾ ਹੈ ਉੱਥੇ ਹੀ ਈਕੋ-ਫਰੈਂਡਲੀ ਵਾਤਾਵਰਨ ਨੂੰ ਵੀ ਉਤਸ਼ਾਹ ਮਿਲ ਰਿਹਾ ਹੈ।