ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਡੀਜੀਪੀ ਗੌਰਵ ਦੀ ਅਗਵਾਈ ਹੇਠ ਪੰਜਾਬ ਭਰ ’ਚ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਸਮੂਹਿਕ ਤੌਰ ’ਤੇ ਦੋ ਰੋਜ਼ਾ ਅਪ੍ਰੇਸ਼ਨ ਵਿਜਿਲ ਸ਼ੁਰੂ ਕੀਤਾ ਗਿਆ। ਜਿਸ ਤਹਿਤ ਡੀ.ਜੀ.ਪੀ ਗੌਰਵ ਯਾਦਵ ਤੋਂ ਇਲਾਵਾ ਪੰਜਾਬ ਭਰ ਦੇ ਉੱਚ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਸ਼ਹਿਰ ਵਿਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਦਾ ਮਕਸਦ ਸਮਾਜ ਵਿਰੋਧੀ ਅਨਸਰਾਂ ਦੇ ਮਨਾਂ ਵਿਚ ਡਰ ਪੈਦਾ ਕਰਨਾ ਹੈ ਅਤੇ ਆਮ ਲੋਕਾਂ ਦੇ ਮਨਾਂ ਵਿਚ ਸੁਰੱਖਿਆ ਦੀ ਭਾਵਨਾ ਨੂੰ ਬਰਕਰਾਰ ਰੱਖਣਾ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਕੀ ਅਜਿਹੇ ਅਪਰੇਸ਼ਨਾਂ ਨਾਲ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦਾ ਖਾਤਮਾ ਹੋ ਸਕਦਾ ਹੈ। ਇਸ ਦਾ ਜਵਾਬ ਪਹਿਲੀ ਨਜ਼ਰੇ ਹਰ ਕਿਸੇ ਨੂੰ ਨਹੀਂ ਮਿਲੇਗਾ, ਕਿਉਂਕਿ ਮੌਜੂਦਾ ਸਰਕਾਰ ਦਾ ਇਹ ਇਸ ਤਰ੍ਹਾਂ ਦਾ ਪਹਿਲਾ ਅਪਰੇਸ਼ਨ ਨਹੀਂ ਹੈ। ਇਸ ਤਰ੍ਹਾਂ ਦੇ ਆਪ੍ਰੇਸ਼ਨ ਪਹਿਲਾਂ ਵੀ ਸਰਕਾਰਾਂ ਕਰਦੀਆਂ ਰਹੀਆਂ ਹਨ ਅਤੇ ਮੌਜੂਦਾ ਸਰਕਾਰ ਵੀ ਕਰ ਰਹੀ ਹੈ। ਨਾ ਤਾਂ ਪਿਛਲੀਆਂ ਸਰਕਾਰਾਂ ਅਜਿਹੇ ਆਪ੍ਰੇਸ਼ਨਾਂ ਤੋਂ ਕੁਝ ਹਾਸਲ ਕਰ ਸਕੀਆਂ ਅਤੇ ਨਾ ਹੀ ਹੁਣ ਹੋਵੇਗਾ। ਜਦੋਂ ਕਦੇ ਵੀ ਅਜਿਹਾ ਆਪ੍ਰੇਸ਼ਨ ਸ਼ੁਰੂ ਕੀਤਾ ਜਾਂਦਾ ਹੈ ਤਾਂ ਪਹਿਲਾਂ ਹੀ ਬਹੁਤ ਰੌਲਾ-ਰੱਪਾ ਪਾ ਦਿਤਾ ਜਾਂਦਾ ਹੈ। ਜਿਸ ਨਾਲ ਉਦੋਂ ਤੱਕ ਸਮਾਜ ਵਿਰੋਧੀ ਅਨਸਰ ਪਹਿਲਾਂ ਹੀ ਆਪੋ-ਆਪਣੇ ਟਿਕਾਣਿਆਂ ’ਤੇ ਬੈਠ ਜਾਂਦੇ ਹਨ। ਇਹ ਤਾਂ ਬੜੀ ਸਿੱਧੀ ਜਿਹੀ ਗੱਲ ਹੈ ਜਦੋਂ ਕਿਤੇ ਮਾੜੀ ਮੋਟੀ ਘਟਨਾ ਸਮੇਂ ਵੀ ਪੁਲਿਸ ਦੇ ਮੌਕੇ ਤੇ ਪਹੁੰਚਣ ਦਾ ਪਤਾ ਲੱਗਦਾ ਹੈ ਤਾਂ ਲੋਕ ਉਥੋਂ ਪਹਿਲਾਂ ਹੀ ਖਿਸਕ ਜਾਂਦੇ ਹਨ। ਫਿ੍ਰਰ ਇਹ ਤਾਂ ਵੱਡੇ ਅਧਿਕਾਰੀਆਂ ਨਾਲ ਵੱਡਾ ਸਰਚ ਆਪ੍ਰੇਸ਼ਨ ਹੁੰਦਾ ਹੈ। ਫਿਰ ਰੌਲਾ ਪਾ ਕੇ ਪੁਲਿਸ ਦੇ ਹੱਥ ਅਪਰਾਧੀ ਕਿਸ ਤਰ੍ਹਾਂ ਆ ਸਕਦੇ ਹਨ ? ਅਜਿਹੇ ਆਪ੍ਰੇਸ਼ਨ ’ਚ ਪੁਲਸ ਦੇ ਹੱਥ ਕੀ ਆਵੇਗਾ। ਹਾਂ ਅਜਿਹੇ ਆਪ੍ਰੇਸ਼ਨ ਨਾਲ ਆਮ ਜੰਤਾ ਦੇ ਮਨ ਵਿਚ ਜਰੂਰ ਸੁਰਖਿਆ ਦੀ ਭਾਵਨਾ ਮਜਬੂਤ ਹੁੰਦੀ ਹੈ। ਪਰ ਸਮਾਜ ਵਿਰੋਧੀ ਅਨਸਰਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ। ਜੇਕਰ ਸਰਕਾਰ ਜਾਂ ਪੁਲਿਸ ਸੱਚ ਮੁੱਚ ਹੀ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਚਲਾਉਣਾ ਚਾਹੁੰਦੀ ਹੈ ਤਾਂ ਹੇਠਲੇ ਪੱਧਰ ’ਤੇ ਕੰਮ ਕਰਨ ਦੀ ਜਰੂਰਤ ਹੈ। ਜੇਕਰ ਨਸ਼ਾ ਤਸਕਰਾਂ ਖਿਲਾਫ ਪੁਲਿਸ ਦੀਆਂ ਮੁਹਿੰਮਾਂ ਦੀ ਗੱਲ ਕਰੀਏ ਤਾਂ ਕੋਈ ਵੀ ਵੱਡਾ ਨਸ਼ਾ ਤਸਕਰ ਹੁਣ ਤੱਕ ਪੁਲਿਸ ਨਹੀਂ ਫੜ ਸਕੀ। ਜਦਕਿ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਦੀਆਂ ਗਲੀਆਂ ’ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਨਿੱਤ ਦਿਨ ਬੱਚੇ ਇਸ ਨਸ਼ੇ ਦੀ ਲਪੇਟ ’ਚ ਆ ਰਹੇ ਹਨ। ਨਸ਼ਾ ਤਸਕਰੀ ਦਾ ਕੰਮ ਜੇਕਰ ਕਹੀਏ ਤਾਂ ਇਕ ਦਿਨ ਵਿਚ ਸ਼ੁਰੂ ਨਹੀਂ ਹੋਇਆ ਬਲਕਿ ਦਹਾਕਿਆਂ ਤੋਂ ਜਾਰੀ ਹੈ। ਨਸ਼ਏ ਦੇ ਵੱਖ ਵੱਖ ਰੂਪ ਬਦਲਦੇ ਗਏ ਪਰ ਹੁਣ ਟਿੱਟਾ ਨਸ਼ਾ ਜੋ ਕਿ ਜਾਨਲੇਵਾ ਸਾਬਿਤ ਹੋ ਰਿਹਾ ਹੈ ਇਸਦਾ ਵੀ ਕਹਿਰ ਪਿਛਲੇ ਦਸ ਸਾਲਾਂ ਤੋਂ ਸ਼ੁਰੂ ਹੋਇਆ ਹੈ। ਪੰਜਾਬ ਵਿੱਚ ਨਸ਼ਿਆਂ ਦਾ ਧੰਦਾ ਇਸ ਸਮੇਂ ਧੜੱਲੇ ਨਾਲ ਚੱਲ ਰਿਹਾ ਹੈ। ਇਸ ਲਈ ਹੇਠਾਂ ਤੋਂ ਲੈ ਕੇ ਉੱਪਰ ਤੱਕ ਹਰ ਖੇਤਰ ਵਿੱਚ ਪੁਲਿਸ ਮੁਲਾਜ਼ਮ ਇਸ ਸੰਬਧੀ ਪੂਰੀ ਤਰ੍ਹਾਂ ਨਾਲ ਜਾਣੂ ਹਨ। ਸਭ ਨੂੰ ਪਤਾ ਹੈ ਕਿ ਨਸ਼ਾ ਵੇਚਣ ਵਾਲੇ ਲੋਕ ਕੌਣ ਹਨ। ਪਰ ਹੁਣ ਤੱਕ ਫੜੇ ਗਏ ਨਸ਼ਾ ਤਸਕਰਾਂ ਵਿੱਚੋਂ 90% ਅਜਿਹੇ ਹਨ ਜੋ ਖੁਦ ਨਸ਼ੇੜੀ ਹਨ ਅਤੇ ਇਸੇ ਨਸ਼ੇ ਤੋਂ ਅੱਗੇ ਵੇਚਦੇ ਹਨ। ਅਜਿਹੇ ਲੋਕਾਂ ਨੂੰ ਫੜ ਕੇ ਜੇਲ੍ਹਾਂ ਭਰੀਆਂ ਜਾ ਰਹੀਆਂ ਹਨ। ਜੋ ਕੁਝ ਦਿਨ ਜੇਲ ਵਿਚ ਰਹਿਣ ਤੋਂ ਬਾਅਦ ਵਾਪਸ ਆ ਜਾਂਦੇ ਹਨ ਅਤੇ ਪਹਿਲਾਂ ਨਾਲੋਂ ਵਧੇਰੇ ਸਰਗਰਮ ਹੋ ਜਾਂਦੇ ਹਨ। ਜੇਕਰ ਨਸ਼ਾ ਤਸਕਰੀ ਦੇ ਸੰਬੰਧ ਵਿਚ ਹਲਕੇ ਦੇ ਪੁਲਿਸ ਥਾਣਾ ਇੰਚਾਰਜਾਂ ਅਤੇ ਪੁਲਿਸ ਚੌਕੀ ਇੰਚਾਰਜਾਂ ਨੂੰ ਜਵਾਬਦੇਹ ਬਣਾਇਆ ਜਾਵੇ ਤਾਂ ਇਹ ਕੁਝ ਹੱਦ ਤੱਕ ਕਾਮਯਾਬੀ ਹਾਸਿਲ ਹੋ ਸਕਦੀ ਹੈ। ਜੇਕਰ ਫੜੇ ਗਏ ਨਸ਼ਾ ਤਸਕਰਾਂ ਤੋਂ ਹੋਰ ਅੱਗੇ ਪੁੱਛ-ਗਿੱਛ ਕੀਤੀ ਜਾਵੇ ਅਤੇ ਅੱਗੇ ਜਾ ਕੇ ਚੇਨ ਦੀ ਆਖਰੀ ਕੜੀ ਤੱਕ ਪਹੁੰਚਿਆ ਜਾ ਸਕਦਾ ਹੈ। ਪਰ ਅਜਿਹਾ ਨਹੀਂ ਹੁੰਦਾ। ਪੁਲਸ ਇਹ ਕਹਿ ਕੇ ਟਾਲਾ ਵੱਟ ਲੈਂਦੀ ਹੈ ਕਿ ਜੋ ਨਸ਼ਾ ਤਸਕਰ ਫੜਿਆ ਗਿਆ ਹੈ ਉਹ ਤਾਂ ਚੱਲ ਫਿਰ ਕੇ ਨਸ਼ਾ ਵੇਚਣ ਵਾਲੇ ਤੋਂ ਲੈਂਦਾ ਸੀ। ਪਰ ਅਜਿਹਾ ਸੰਭਵ ਨਹੀਂ ਹੈ। ਬਹੁਤੇ ਪੁਲਿਸ ਅਧਿਕਾਰੀ ਨਸ਼ਾ ਕਰਦੇ ਹੋਏ ਛੋਟੇ-ਛੋਟੇ ਨਸ਼ਾ ਤਸਕਰਾਂ ਨੂੰ ਫੜ ਕੇ ਆਪਣਾ ਰਿਕਾਰਡ ਵੀ ਪੂਰਾ ਕਰ ਲੈਂਦੇ ਹਨ ਅਤੇ ਅਗਲੇਰੀ ਪੁੱਛ-ਪੜਤਾਲ ’ਚ ਅੱਗੇ ਆਉਣ ਵਾਲੇ ਲੋਕਾਂ ਤੋਂ ਪੈਸੇ ਵੀ ਇਕੱਠੇ ਕਰ ਲੈਂਦੇ ਹਨ। ਜੇਕਰ ਇਸ ਤਰ੍ਹਾਂ ਦੇ ਵਤੀਰੇ ਨੂੰ ਖਤਮ ਕੀਤਾ ਜਾਵੇ ਤਾਂ ਕਾਫੀ ਹੱਦ ਤੱਕ ਨਸ਼ਾ ਤਸਕਰੀ ’ਤੇ ਕਾਬੂ ਪਾਉਣਾ ਸੰਭਵ ਹੋ ਸਕਦਾ ਹੈ। ਇਸ ਲਈ ਜੇਕਰ ਸਰਕਾਰ ਅਤੇ ਡੀ ਜੀ ਪੀ ਚਾਹੁੰਦੇ ਹਨ ਕਿ ਪੰਜਾਬ ’ਚ ਨਸ਼ਾ ਮੁਕਤ ਮੁਹਿੰਮ ਸਫਲ ਹੋਵੇ ਤਾਂ ਇਸ ਤਰ੍ਹਾਂ ਜ਼ਮੀਨੀ ਪੱਧਰ ਤੋਂ ਕਾਰਵਾਈ ਕੀਤੀ ਜਾਵੇ।
ਹਰਵਿੰਦਰ ਸਿੰਘ ਸੱਗੂ।