ਬੀਡੀਪੀਓ, ਪਿੰਡ ਦੇ ਸਰਪੰਚ ਤੇ ਪਟਵਾਰੀ ਤੇ ਚਾਰ ਪੰਚਾਇਤ ਮੈਂਬਰਾਂ ਖ਼ਿਲਾਫ਼ ਕੇਸ ਦਰਜ
ਸੁਧਾਰ, 17 ਦਸੰਬਰ ( ਜਗਰੂਪ ਸੋਹੀ, ਅਸ਼ਵਨੀ )- ਲਖਵੰਤ ਸਿੰਘ ਵਾਸੀ ਪਿੰਡ ਲੀਲ ਥਾਣਾ ਸੁਧਾਰ ਦੀ ਸ਼ਿਕਾਇਤ ’ਤੇ ਪਿੰਡ ਲੀਲ ਦੀ ਸਰਪੰਚ ਸਤਵੰਤ ਕੌਰ, ਬੀ.ਡੀ.ਪੀ.ਓ ਰੁਪਿੰਦਰ ਕੌਰ, ਸੰਮਤੀ ਪਟਵਾਰੀ ਦਲਜੀਤ ਸਿੰਘ ਬਲਾਕ ਡੇਹਲੋਂ ਅਤੇ ਪਿੰਡ ਲੀਲ ਦੇ ਪੰਚਾਇਤ ਮੈਂਬਰਾਂ ਪਰਮਜੀਤ ਕੌਰ, ਇੰਦਰਜੀਤ ਕੌਰ, ਹਰਵਿੰਦਰ ਸਿੰਘ ਅਤੇ ਜਗਦੇਵ ਸਿੰਘ ਖ਼ਿਲਾਫ਼ ਸ਼ਿਕਾਇਤਕਰਤਾ ਦੀ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਦਿਖਾ ਕੇ ਐਕੁਆਇਰ ਕਰਨ ਅਤੇ ਸਰਕਾਰ ਤੋਂ ਮਿਲੇ ਪੈਸਿਆਂ ਦਾ ਗਬਨ ਕਰਨ ਦੇ ਦੋਸ਼ ਹੇਠ ਥਾਣਾ ਸੁਧਾਰ ਵਿੱਚ ਸਾਜ਼ਿਸ਼ ਰਚਣ ਅਤੇ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਏਐਸਆਈ ਰਾਜਦੀਪ ਸਿੰਘ ਨੇ ਦੱਸਿਆ ਕਿ ਲਖਵੰਤ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸ ਦੀ ਮਾਲਕੀ ਵਾਲੀ ਜ਼ਮੀਨ ਪਿੰਡ ਲੀਲ ਦੇ ਸਰਪੰਚ, ਪੰਚਾਇਤ ਮੈਂਬਰਾਂ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਲੁਧਿਆਣਾ ਦੀ ਮਿਲੀਭੁਗਤ ਨਾਲ ਉਸ ਦੀ ਜ਼ਮੀਨ ਦੇ ਕਾਗਜ਼ਾਤ ਗਲਤ ਤਰੀਕੇ ਨਾਲ ਵਰਤੋਂ/ਤਿਆਰ ਕਰ ਕੇ ਸਰਕਾਰ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਲਖਵੰਤ ਸਿੰਘ ਦੀ ਮਲਕੀਅਤ ਵਾਲੀ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਐਲਾਨ ਕੇ ਜ਼ਮੀਨ ਐਕੁਆਇਰ ਕਰਕੇ ਹਾਸਲ ਕੀਤੇ ਪੈਸੇ ਹੜੱਪ ਲਏ ਗਏ ਹਨ। ਇਸ ਸ਼ਿਕਾਇਤ ਵਿੱਚ ਲਖਵੰਤ ਸਿੰਘ ਵੱਲੋਂ ਲਾਏ ਦੋਸ਼ ਜਾਂਚ ਵਿੱਚ ਸਹੀ ਪਾਏ ਗਏ। ਜਿਸ ’ਤੇ ਉਕਤ ਸਾਰਿਆਂ ਖਿਲਾਫ ਥਾਣਾ ਸੁਧਾਰ ’ਚ ਮਾਮਲਾ ਦਰਜ ਕਰ ਲਿਆ ਗਿਆ।