ਜਗਰਾਉਂ , 10 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ )—ਐਤਵਾਰ ਨੂੰ ਇਕ ਸੜਕ ਹਾਦਸੇ ਤੋਂ ਬਾਅਦ ਸਾਬਕਾ ਸੈਨਿਕ ਦੀ ਮੌਤ ਹੋਣ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਕਿਸਾਨ ਯੂਨੀਅਨ ਦੇ ਮੈਂਬਰਾਂ ਨੂੰ ਨਾਲ ਲੈ ਕੇ ਸਿਵਿਲ ਹਸਪਤਾਲ ਵਿਖੇ ਹੰਗਾਮਾ ੍ਰੜਾ ਕਰ ਦਿਤਾ ਅਤੇ ਹਾਦਸੇ ਚ ਜ਼ਖਮੀਂ ਸੈਨਿਕ ਦੀ ਮੌਤ ਨੂੰ ਸਿਵਿਲ ਹਸਪਤਾਲ ਪ੍ਰਸਾਸ਼ਨ ਦੀ ਲਾਪਰਵਾਹੀ ਕਰਾਰ ਦਿੰਦੇ ਹੋਏ ਉਸ ਸਮੇਂ ਡਿਊਟੀ ਤੇ ਤਾਇਨਾਤ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਧਰਨਾ ਲਗਾ ਦਿਤਾ। ਇਸ ਮੌਕੇ ਦਸ਼ਮੇਸ਼ ਕਿਸਾਨ ਯੂਨੀਅਨ ਚੌਂਕੀਮਾਨ ਅਤੇ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੇ ਦੋਸ਼ ਲਗਾਇਆ ਕਿ ਸਾਬਕਾ ਕੈਪਟਨ ਕੁਲਰਾਜ ਸਿੰਘ ਸਿੱਧਵਾਂ ਖੁਰਦ ਐਤਵਾਰ ਨੂੰ ਟੋਲ ਪਲਾਜ਼ਾ ਬੈਰੀਅਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਿਨ੍ਹਾਂ ਨੂੰ ਟੋਲ ਪਲਾਜ਼ਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਜਗਰਾਓਂ ਪਹੁੰਚਾਇਆ ਗਿਆ ਸੀ। ਸਿਵਲ ਹਸਪਤਾਲ ਦੇ ਡਿਊਟੀ ਤੇ ਤਾਇਨਾਤ ਡਾਕਟਰ ਵਲੋਂ ਉਨ੍ਹਾਂ ਨੂੰ ਕੋਈ ਮੁਢਲੀ ਸਹਾਇਤਾ ਪ੍ਰਦਾਨ ਨਮਹੀਂ ਕੀਤੀ ਗਈ। ਡਾਕਟਰ ਵਲੋਂ ਕਾਫੀ ਸਮਾਂ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰਨ ਲਈ ਕਾਗਜੀ ਕਾਰਵਾਈ ਨੂੰ ਲਗਾ ਦਿਤਾ ਗਿਆ। ਇਸੇ ਦੌਰਾਨ ਹੀ ਕੈਪਟਨ ਕੁਲਰਾਜ ਸਿੰਘ ਦਾ ਕਾਫੀ ਖੂਨ ਵਹਿ ਗਿਆ ਸੀ। ਡਾਕਟਰ ਵਲੋਂ ਉਸਨੂੰ ਹਾਲਾਤ ਅਨੁਸਾਰ ਆਕਸੀਜਨ ਦੇਣ ਦੀ ਵੀ ਜਰੂਰਤ ਨਹੀਂ ਸਮਝੀ ਗਈ। ਉਸਨੂੰ ਉਸੇ ਹਾਲਤ ਵਿਚ 108 ਐਂਬੂਲੈਂਸ ਵਿੱਚ ਪਾ ਕੇ ਭੇਜ ਦਿੱਤਾ। ਐਂਬੂਲੈਂਸ ਦੇ ਡਰਾਈਵਰ ਨੂੰ ਐਂਬੂਲੈਂਸ ਦੀ ਸਪੀਡ 60 ਕਿਲੋਮੀਟਰ ਤੋਂ ਵੱਧ ਕਰਨ ਦੀ ਇਜਾਜਤ ਨਾ ਹੋਣ ਕਾਰਨ ਉਪਰੋਂ ਫੋਨ ਕਰਕੇ ਆਰਡਰ ਲੈ ਕੇ ਐੰਬੂਲੈਂਲ ਦੀ ਸਪੀਡ ਵਧਾ ਕੇ ਦਯਾਨੰਦ ਹਸਪਤਾਲ ਪਹੁੰਚਾਇਆ ਗਿਆ। ਪਰ ਖੂਨ ਜ਼ਿਆਦਾ ਵਹਿਣ ਕਾਰਨ ਕੈਪਟਨ ਕੁਲਰਾਜ ਸਿੰਘ ਦੀ ਮੌਤ ਹੋ ਗਈ।
ਸੂਚਨਾ ਮਿਲਣ ਤੇ ਪਹੁੰਚੇ ਡੀਐਸਪੀ ਵਿਰਕ-ਸਿਵਿਲ ਹਸਪਤਾਲ ਵਿਖੇ ਧਰਨੇ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ ਸਤਵਿੰਦਰ ਸਿੰਘ ਵਿਰਕ ਮੌਕੇ ’ਤੇ ਪਹੁੰਚੇ। ਉਨ੍ਹਾਂ ਪ੍ਰਦਰਸ਼ਨ ਕਰਨ ਵਾਲਿਆਂ ਦੀ ਗੱਲ ਸੁਣ ਕੇ ਜਾਂਚ ਕਰਨ ਦਾ ਭਰੋਸਾ ਦਿਤਾ। ਪਰ ਧਰਨਾਕਾਰੀ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਉਸ ਦਿਨ ਡਿਊਟੀ ਤੇ ਤਾਇਨਾਤ ਡਾਕਟਰ ਨੂੰ ਮੁਅੱਤਲ ਕਰਨ ਦੀ ਜ਼ਿੱਦ ’ਤੇ ਅੜੇ ਰਹੇ ਅਤੇ ਉਨ੍ਹਾਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ 17 ਮਈ ਤੱਕ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਪੱਕੇ ਧਰਨੇ ਤੇ ਬੈਠ ਜਾਣਗੇ।
ਕੀ ਕਹਿਣਾ ਹੈ ਐਸ ਐੱਮ ਓ ਦਾ-ਇਸ ਸੰਬਧੀ ਸਿਵਿਲ ਹਸਪਤਾਲ ਦੀ ਐਸ ਐਮ ਓ ਡਾ ਪੁਨੀਤ ਸਿੱਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੈਪਟਨ ਕੁਲਰਾਜ ਸਿੰਘ ਦੀ ਮੌਤ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਵਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਹਾਦਸੇ ਵਿਚ ਜ਼ਖਮੀ ਸਾਬਕਾ ਸੈਨਿਕ ਨੂੰ ਜਦੋਂ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਨ੍ਹਾਂ ਦੇ ਸਿਰ ਵਿਚ ਸੱਟ ਲੱਗੀ ਹੋਣ ਕਾਰਨ ਹਾਲਤ ਗੰਭੀਰ ਸੀ। ਜਗਰਾਓਂ ਹਸਪਤਾਲ ਵਿਖੇ ਹੈੱਡ ਇੰਜਰੀ ਦਾ ਇਲਾਜ ਸੰਭਵ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਜਰੂਰੀ ਬਣਦੀ ਸਾਰੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਬਕਾਇਦਾ ਉਨ੍ਹਾਂ ਨੂੰ ਜੋ ਇਲਾਜ ਕੀਤਾ ਗਿਆ ਸੀ ਉਸਦੀ ਰਿਪੋਰਟ ਬਣਾ ਕੇ ਡਿਊਟੀ ਤੇ ਤਾਇਨਾਤ ਡਾਕਟਰ ਵਲੋਂ ਦਿਤੀ ਗਈ ਸੀ। ਉਸਦੇ ਬਾਵਜੂਦ ਵੀ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਕੋਈ ਅਣਗਹਿਲੀ ਹੋਈ ਹੈ ਤਾਂ ਉਸਦੀ ਜਾਂਚ ਕਰਵਾ ਲਈ ਜਾਵੇਗੀ।