ਗੁਰਭਜਨ ਗਿੱਲ
1974 ਚ ਪਹਿਲੀ ਵਾਰ ਡਾਃ ਜਗਤਾਰ ਜੀ ਦੇ ਮੂੰਹੋਂ ਪਾਕਿਸਤਾਨ ਵੱਸਦੇ ਸ਼ਾਇਰ ਤਨਵੀਰ ਬੁਖ਼ਾਰੀ ਦਾ ਨਾਮ ਸੁਣਿਆ ਸੀ। ਫਿਰ ਉਨ੍ਹਾੰ ਵੱਲੋਂ ਸੰਪਾਦਿਤ ਪੁਸਤਕ ਦੁੱਖ ਦਰਿਆਉਂ ਪਾਰ ਦੇ ਵਿੱਚ ਤਨਵੀਰ ਬੁਖ਼ਾਰੀ ਜੀ ਦੀਆਂ ਕੁਝ ਗ਼ਜ਼ਲਾਂ ਪੜ੍ਹੀਆਂ।
ਇਹ ਸ਼ਿਅਰ ਚੇਤਿਆਂ ‘ਚ ਖੁਭੇ ਪਏ ਨੇ।
ਮਰ ਗਿਆ ਤਨਵੀਰ ਹੋਈ ਨਾ ਕਿਸੇ ਨੂੰ ਵੀ ਖ਼ਬਰ,
ਨਾਲ ਦੇ ਕਮਰੇ ਚ ਓਵੇਂ ਰੇਡੀਉ ਵੱਜਦਾ ਰਿਹਾ।
ਮੇਰੇ ਸ਼ਿਅਰਾਂ ਵਿੱਚੋਂ ਮੇਰਾ ਆਪਾ ਇੰਜ ਦਿਸ ਆਵੇ,
ਜਿੱਸਰਾਂ ਕਿਸੇ ਡਰੈਵਰ ਕੋਲੋਂ ਡੀਜ਼ਲ ਦੀ ਬੂ ਆਵੇ।
ਉਹਦਾ ਰੂਪ ਉਧਾਰਾ ਲੈ ਕੇ ਗ਼ਜ਼ਲਾਂ ਲੀਕ ਰਿਹਾ ਵਾਂ,
ਮੰਗਵਾਂ ਸੂਟ ਜਿਵੇਂ ਕੋਈ ਪਾ ਕੇ ਇੰਟਰਵਿਊ ਲਈ ਜਾਵੇ।
ਡਰ ਦਾ ਮਾਰਾ ਡਿੱਗਦਾ ਨਹੀਂ ਮੈਂ, ਆਟਾ ਡੁੱਲ੍ਹ ਜੂ ਕੀੜੀ ਦਾ,
ਨਹੀਂ ਤੇ ਕਦਮ ਕਦਮ ਤੇ ਮੈਨੂੰ ਸੌ ਸੌ ਠੇਡਾ ਆਇਆ ਏ।
ਕਰਦਾ ਸੀ ਇੱਕ ਯਾਦ ਤੇ ਦੂਜਾ ਆਪੇ ਈ ਉੱਠ ਨੱਸਦਾ ਸੀ,
ਟੈਲੀਫੂਨ ਤੇ ਸਾਇੰਸਦਾਨਾਂ ਹਾਲੇ ਕੱਲ੍ਹ ਬਣਾਇਆ ਏ।
ਕੀਹ ਏ ਗ਼ਜ਼ਲ ਬੁਖ਼ਾਰੀਆ,
ਕਤਬਾ ਦਿਲ ਦੀ ਗੋਰ ਦਾ।
ਪਿਛਲੇ ਦਿਨੀਂ ਪਹਿਲਾਂ ਅਫ਼ਜ਼ਲ ਸਾਹਿਰ ਨੂੰ ਕਿਹਾ ਕਿ ਯਾਰ! ਤਨਵੀਰ ਬੁਖ਼ਾਰੀ ਸਾਹਿਬ ਦਾ ਚੋਣਵਾਂ ਪੰਜਾਬੀ ਕਲਾਮ ਗੁਰਮੁਖੀ ਚ ਕਰਕੇ ਭੇਜੋ। ਫਿਰ ਆਸਿਫ਼ ਰਜ਼ਾ ਨੂੰ ਬੇਨਤੀ ਕੀਤੀ। ਦੋਹਾਂ ਨੇ ਇਕਰਾਰ ਕੀਤਾ ਪਰ ਤਨਵੀਰ ਬੁਖ਼ਾਰੀ ਸਾਹਿਬ ਅੱਜ ਸਵੇਰੇ ਲਗਪਗ 11.00 ਵਜੇ ਸਰ ਗੰਗਾ ਰਾਮ ਹਸਪਤਾਲ ਲਾਹੌਰ ਵਿੱਚ ਸਦੀਵੀ ਅਲਵਿਦਾ ਕਹਿ ਗਏ।
ਉਨ੍ਹਾਂ ਦੀ ਸ਼ਾਇਰੀ ਤੇ ਐੱਮ ਫਿੱਲ ਕਰ ਚੁਕੇ ਮਿੱਤਰ ਮਸੂਦ ਮੱਲ੍ਹੀ ਨੇ ਰੋ ਰੋ ਕੇ ਦੱਸਿਆ ਕਿ ਮੇਰਾ ਬਾਬਲ ਵਰਗਾ ਮੁਰਸ਼ਦ ਚਲਾ ਗਿਆ ਹੈ। ਲੰਮੜੇ ਪੈਂਡਿਆਂ ਤੇ।
ਤਨਵੀਰ ਬੁਖ਼ਾਰੀ ਸਾਹਿਬ ਦਾ ਟੈਲੀਫ਼ੋਨ ਨੰਬਰ ਲੈ ਕੇ ਮੈਂ ਚਾਰ ਪੰਜ ਮਹੀਨੇ ਪਹਿਲਾਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਾ ਮਿਲੀ। ਮਨ ਦੀਆਂ ਮਨ ਵਿੱਚ ਰਹਿ ਗਈਆਂ।
ਏਧਰਲੇ ਪੰਜਾਬ ਵਿੱਚ ਉਨ੍ਹਾਂ ਦੀ ਸ਼ਾਇਰੀ ਦਾ ਇੱਕ ਵੀ ਸੰਗ੍ਰਹਿ ਨਹੀਂ ਮਿਲਦਾ। ਏਸੇ ਕਰਕੇ ਦਿਲ ਕੀਤਾ ਸੀ ਕਿ ਉਨ੍ਹਾਂ ਦੇ ਕਲਾਮ ਨੂੰ ਏਧਰ ਛਾਪਿਆ ਜਾਵੇ। ਉਨ੍ਹਾਂ ਦੀ ਸਿਮਰਤੀ ਵਿੱਚ ਹੁਣ ਇਹ ਕਾਰਜ ਸੰਪੂਰਨ ਕਰਾਂਗੇ ਪਰ ਉਹ ਇਸ ਨੂੰ ਆਪ ਨਹੀਂ ਵੇਖ ਸਕਣਗੇ।
ਤਨਵੀਰ ਬੁਖ਼ਾਰੀ ਜੀ ਬਾਰੇ ਕੁਝ ਦੁਨਿਆਵੀ ਜਾਣਕਾਰੀ ਦਾ ਵੀ ਪਤਾ ਹੋਣਾ ਚਾਹੀਦੈ।
ਉਨ੍ਹਾਂ ਦਾ ਮਾਪਿਆਂ ਵੱਲੋਂ ਦਿੱਤਾ ਨਾਮ
ਫ਼ਕੀਰ ਮੁਹੰਮਦ ਸੀ ਪਰ ਕਲਮੀ ਨਾਂ-ਤਨਵੀਰ ਬੁਖ਼ਾਰੀ ਹੀ ਪ੍ਰਵਾਨ ਚੜ੍ਹਿਆ। ਉਨ੍ਹਾਂ ਦੇ ਅੱਬਾ ਜੀ ਦਾ ਨਾਂ-ਅਲਾਮਾ ਅਬਦੁਲ ਰਹਿਮਾਨ ਸ਼ਾਹ ਬੁਖ਼ਾਰੀ ਸੀ।
ਤਨਵੀਰ ਬੁਖ਼ਾਰੀ ਜੀ ਦਾ ਜਨਮ 10 ਨਵੰਬਰ 1939 ਨੂੰ ਭਿਖੀਵਿੰਡ ਹਠਾੜ, ਜ਼ਿਲਾ ਕਸੂਰ ਵਿੱਚ ਹੋਇਆ।
ਐਮ. ਏ ਕਰਕੇ ਉਹ ਅਧਿਆਪਕ ਬਣ ਗਏ।
ਤਨਵੀਰ ਬੁਖ਼ਾਰੀ ਜੀ ਦੀਆਂ ਕਿਤਾਬਾਂ ਦੀ ਗਿਣਤੀ ਤਾਂ ਸੈਂਕੜਿਆਂ ਚ ਦੱਸਦੇ ਹਨ ਪਰ ਪ੍ਰਮੁੱਖ ਛਪੀਆਂ ਕਿਤਾਬਾਂ-ਵਿਲਕਣੀਆਂ (ਗ਼ਜ਼ਲ ਸੰਗ੍ਰਿਹ), ਲੋਏ ਲੋਏ (ਗ਼ਜ਼ਲ ਸੰਗ੍ਰਿਹ), ਐਸ਼ ਟਰੇ, (ਗ਼ਜ਼ਲ ਸੰਗ੍ਰਿਹ), ਪੀੜ ਦਾ ਬੂਟਾ (ਗ਼ਜ਼ਲ ਸੰਗ੍ਰਿਹ), ਗ਼ਜ਼ਲ ਸ਼ੀਸ਼ਾ (ਗ਼ਜ਼ਲ ਸੰਗ੍ਰਿਹ) ਕਾਵਿ ਸੰਗ੍ਰਹਿ, ਮੁਕਾਸ਼ਫ਼ਾ, ਬੁਝੀ ਇਸ਼ਕ ਦੀ ਅੱਗ ਨੂੰ ਵਾ ਲੱਗੀ, ਤਾਜ਼ੇ ਫੁੱਲ, ਇਸ਼ਕ ਦੀਆਂ ਛੱਲਾਂ, ਤਨਵੀਰ ਦੇ ਗੀਤ, ਗੋਰੀ ਦੀਆਂ ਝਾਂਜਰਾਂ, ਜਾਹ ਬੇਦਰਦਾ, ਕੁੜੱਤਣਾਂ, ਨਜ਼ਰਾਨਾ, ਸਲਾਮ ਆਖਨਾਂ ਵਾਂ, ਮਾਅਰਫ਼ਤ ਦਾ ਖ਼ਜ਼ੀਨਾ, ਵੈਣ, ਉਦਾਸੀਆਂ, ਸੁਨੇਹੜੇ, ਵਾਸ਼ਨਾ, ਸੋਹਣੀ ਧਰਤੀ, ਮਾਹੀਆ,
ਇਸ ਵੇਲੇ ਉਹ ਕੜਿਆਲ ਕਲਾਂ, ਜ਼ਿਲਾ ਗੁਜਰਾਂਵਾਲਾ (ਪਾਕਿਸਤਾਨ)ਵਿੱਚ ਵੱਸਦੇ ਸਨ।
ਕੁਝ ਚੋਣਵੀਆਂ ਗ਼ਜ਼ਲਾਂ ਨਾਲ ਤੁਸੀਂ ਵੀ ਸਾਂਝ ਪਾਉ।
ਪੰਨਾ-2
ਅੱਠ ਗ਼ਜ਼ਲਾਂ
ਗ਼ਜ਼ਲ -1
ਉਮਰ ਪੜ੍ਹੇਂਦਿਆਂ ਬੁੱਢੀ ਹੋਈ, ਹਾਲੇ ਇਲਮ ਅੰਞਾਣਾ ।
ਸਮਝ ਕੇ ਆਪਣੇ ਆਪ ਨੂੰ ਦਾਨਾ, ਜਾਹਲ ਰਹਿਆ ਨਿਮਾਣਾ ।
ਨਾਦਰ ਸ਼ਾਹ ਦੇ ਲਸ਼ਕਰ ਵਾਂਗੂੰ, ਮਿੱਧ ਗਿਆ ਪੈਰਾਂ ਥੱਲੇ,
ਕਿਹੜੇ ਵਸਲੋਂ ਚੇਤੇ ਆਵੇ, ਸਾਨੂੰ ਵਕਤ ਪੁਰਾਣਾ ।
ਅਸੀਂ ਬੇਹਿਰਸੇ ਜਿਹੇ ਜ਼ਰਦਾਰਾ! ਬੁਜ਼ਦਿਲ ਆਂ ਯਾ ਸੂਫ਼ੀ,
ਸਹਿ ਜਾਨੇ ਆਂ ਜ਼ੁਲਮ ਤਿਰੇ ਨੂੰ, ਸਮਝ ਕੇ ਰੱਬ ਦਾ ਭਾਣਾ ।
ਖਾ ਜਾਣਾ ਸੀ ਵੇਚ ਕੇ ਰੱਬ ਨੂੰ, ਕਰ ਕੇ ਹੇਰਾ ਫੇਰੀ,
ਜੇਕਰ ਮੁੱਲਾਂ ਵਾਂਗੂੰ ਮੈਂ ਵੀ, ਹੁੰਦਾ ਏਡ ਸਿਆਣਾ ।
ਅਸੀਂ ਉਨ੍ਹਾਂ ਚੋਂ ਨਾਹੀਂ ਜਿਹੜੇ, ਨਿਰੇ ਮਰਨ ਲਈ ਜੰਮੇ,
ਅਸੀਂ ‘ਬੁਖਾਰੀ’ ਦੁਨੀਆਂ ਨੂੰ ਕੋਈ ਕੰਮ ਵਿਖਾ ਕੇ ਜਾਣਾ ।
ਗ਼ਜ਼ਲ-2
ਅਜੇ ਕਿੰਨੀ ਕੁ ਡੂੰਘੀ ਏ ਸਫ਼ਰ ਦੀ ਰਾਤ ਯਾ ਅੱਲ੍ਹਾ ।
ਕਦੋਂ ਆਖ਼ਰ ਬਣੇਗੀ ਮੰਜ਼ਿਲਾਂ ਦੀ ਬਾਤ ਯਾ ਅੱਲ੍ਹਾ ।
ਉਡੇਂਦੇ ਪੰਛੀ ਰਲ-ਮਿਲ ਕੇ ਤੇ ਚੁਗਦੇ ਚੋਗ ਵੀ ਸਾਂਝੀ,
ਜੁਦਾ ਏ ਆਦਮੀ ਤੋਂ ਆਦਮੀ ਦੀ ਜ਼ਾਤ ਯਾ ਅੱਲ੍ਹਾ ।
ਤੇਰੇ ਆਸੇ ਉਸਾਰੀ ਬੈਠਾ ਹਾਂ ਮੈਂ ਮਹਿਲ ਆਸਾਂ ਦੇ,
ਮੇਰੀ ਕੱਖਾਂ ਦੀ ਕੁੱਲੀ ਵੱਲੇ ਵੀ ਇਕ ਝਾਤ ਯਾ ਅੱਲ੍ਹਾ ।
ਵਪਾਰੀ ਤੇਰੇ ਦੁੱਖਾਂ ਦਾ ਮੈਂ ਸ਼ਾਹੂਕਾਰ ਦਰਦਾਂ ਦਾ,
ਨਜ਼ਰ ਆਵੇ ਕੀ ਦੁਨੀਆਂ ਨੂੰ ਮੇਰੀ ਔਕਾਤ ਯਾ ਅੱਲ੍ਹਾ ।
ਬਿਨਾ ਤੇਰੀ ਮੁਹੱਬਤ ਦੇ ਸਿਵਾ ਆਪਣੇ ਗੁਨਾਹਾਂ ਤੋਂ,
‘ਬੁਖ਼ਾਰੀ’ ਕੋਲ ਨਾਹੀਂ ਹੋਰ ਕੋਈ ਸੌਗ਼ਾਤ ਯਾ ਅੱਲ੍ਹਾ ।
ਗ਼ਜ਼ਲ -3
ਐਡੇ ਕੂੜੇ ਜੱਗ ਵਿਚ ਯਾਰਾ ਸੱਚ ਕਿਵੇਂ ਕੋਈ ਬੋਲੇ ।
ਕਿੰਜ ਕਰੇ ਕੋਈ ਦਿਲ ਨੂੰ ਨੰਗਾ ਭੇਦ ਦਿਲਾਂ ਦੇ ਖੋਲ੍ਹੇ ।
ਦਗ਼ੀਆਂ ਹੋਈਆਂ ਸੱਧਰਾਂ ਵਾਲੀ ਅੱਗ ਹੀ ਅੱਗ ਚੁਫ਼ੇਰੇ,
ਨੰਗੀ ਚਿੱਟੀ ਆਸ ਨਿਮਾਣੀ ਕਿਹੜੇ ਘੁਰਨੇ ਟੋਲ੍ਹੇ ।
ਰਾਤ ਦੇ ਹਿਰਖੀ ਰੁੱਖ ਦੇ ਉੱਤੇ ਚੰਨ ਦਾ ਫੱਟੜ ਪੰਛੀ,
ਖ਼ੇਰੂੰ ਖ਼ੇਰੂੰ ਚਿੜੀਆਂ ਹੋਈਆਂ ਉਡ ਪੁਡ ਗਏ ਮਮੋਲੇ ।
ਉਤਲੇ ਉਤਲੇ ਹਾਸਿਆਂ ਅੰਦਰ ਹੁਣ ਥੱਲੇ ਦੇ ਰੋਣੇ,
ਜਿੰਨੇ ਚੀੜ੍ਹੇ ਚਾਨਣ ਬਾਹਰੋਂ ਓਨੇ ਅੰਦਰੋਂ ਪੋਲੇ ।
ਰੋਈਏ ਰੱਜ ਰੱਜ ਕੇ ਅੱਜ ਬੱਲੀ ਰਹੇ ਨਾ ਕੋਈ ਉਲਾਹਮਾ,
ਕਿਸ ਨੂੰ ਕਾਹਦੀ ਪੀੜ ‘ਬੁਖ਼ਾਰੀ’ ਆਵੇ ਤੇ ਦੁਖ ਫੋਲੇ ।
ਗ਼ਜ਼ਲ -4
ਸਾਹਵਾਂ ਦੀ ਜ਼ੰਜੀਰ ਦੀ ਈ ਕਾਫ਼ੀ ਏ ਮੈਨੂੰ ਸਜ਼ਾ ।
ਜਾਣ ਦੇ ਹੁਣ ਜ਼ਿੰਦਗੀ ਨੂੰ ਰੇਤ ਦੇ ਪੈਂਖੜ ਨਾ ਪਾ ।
ਕੱਲਾ ਬਹਿ ਕੇ ਕਰਨਾ ਵਾਂ ਜਦ ਗੱਲਾਂ ਆਪਣੇ ਆਪ ਨਾਲ,
ਇੰਜ ਲਗਦਾ ਏ ਜਿਵੇਂ ਹੋਰ ਈ ਕੋਈ ਹੈ ਬੋਲਦਾ ।
ਕੀ ਏ ਜੇ ਕਰ ਚੜ੍ਹ ਗਈ ਘੂਕੀ ਜ਼ਰਾ ਕੁ ਵਿਸ਼ ਦੀ,
ਸੱਧਰਾਂ ਦੀ ਸੱਪਣੀ ਦੱਸੋ ਕੀਹਨੂੰ ਜੇ ਡੰਗਿਆ ।
ਸੁਫ਼ਨਿਆਂ ਦੇ ਪੈਂਡੇ ਵਿਚ ਸੀ ਉਹ ਵੀ ਮੇਰੇ ਨਾਲ ਨਾਲ,
ਸਫ਼ਰ ਪਰ ਜਗਰਾਤਿਆਂ ਦਾ ਕੱਲ੍ਹਿਆਂ ਕਰਨਾ ਪਿਆ ।
ਮਰ ਗਿਆ ‘ਤਨਵੀਰ’ ਹੋਈ ਨਾ ਕਿਸੇ ਨੂੰ ਵੀ ਖ਼ਬਰ,
ਨਾਲ ਦੇ ਕਮਰੇ ‘ਚ ਉਵੇਂ ਰੇਡੀਉ ਵਜਦਾ ਰਿਹਾ ।
ਗ਼ਜ਼ਲ -5
ਸ਼ਿਅਰ ਸੋਨਾ ਹੋਣ ਤੇ ਟੂੰਬਾਂ ਉਹਨੂੰ ਘੜਵਾ ਦਿਆਂ ।
ਸੋਚ ਸ਼ੈ ਹੋਵੇ ਕੋਈ ਤੇ ਉਸਦੇ ਨਾਵੇਂ ਲਾ ਦਿਆਂ ।
‘ਵਾਜ ਦੇਵੇ ਯਾ ਨਾ ਦੇਵੇ ਓਸਦੀ ਮਰਜ਼ੀ ਹੈ ਇਹ,
ਫ਼ਰਜ਼ ਏ ਇਕਵਾਰ ਉਹਦਾ ਬੂਹਾ ਤੇ ਖੜਕਾ ਦਿਆਂ ।
ਮੰਨਿਆਂ ਹੋ ਜਾਏਗਾ ਦੋ ਵਕਤ ਦੀ ਰੋਟੀ ਦਾ ਆਹਰ,
ਘਰ ਦੀਆਂ ਗੱਲਾਂ ਕਿਵੇਂ ਅਖ਼ਬਾਰ ਵਿਚ ਛਪਵਾ ਦਿਆਂ ।
ਖ਼ਤਮ ਹੋਵਣ ਫ਼ਾਸਿਲੇ ਤੇ ਮੁੱਕ ਜਾਵੇ ਤੇਰ-ਮੇਰ
ਜੀ ਕਰੇ ‘ਤਨਵੀਰ’ ਕੰਧਾਂ ਸਾਰੀਆਂ ਈ ਢਾਹ ਦਿਆਂ।
ਗ਼ਜ਼ਲ -6
ਹਿਯਾਤੀ ਦੋਸਤੋ ਜੇ ਕਰਬਲਾ ਏ ।
ਸ਼ਹਾਦਤ ਪਾਉਣ ਦਾ ਮੈਨੂੰ ਵੀ ਚਾਅ ਏ ।
ਮੈਂ ਅੱਖੀਆਂ ਮੀਟ ਕੇ ਪਿਆ ਵੇਖਨਾਂ ਵਾਂ,
ਉਹ ਮੇਰੇ ਸਾਹਮਣੇ ਆਇਆ ਖੜ੍ਹਾ ਏ ।
ਨਿਸੂੰਹਾਂ ਬੰਦਿਆਂ ਦੇ ਚਿਹਰਿਆਂ ਤੋਂ,
ਕਿਤਾਬਾਂ ‘ਚੋਂ ਭਲਾ ਕੀ ਟੋਲਦਾ ਏ ।
ਕਿਰੀ ਜਾਂਦੇ ਨੇ ਇੰਜ ਅੱਖਰ ਲਬਾਂ ‘ਚੋਂ,
ਜਿਵੇਂ ਝੋਲੀ ‘ਚ ਮੋਰਾ ਹੋ ਗਿਆ ਏ ।
ਕੋਈ ਝਾਲੂ ਨਾ ਬਣਦਾ ਏਸ ਦਾ ਵੀ,
‘ਬੁਖ਼ਾਰੀ’ ਵੀ ਜਿਵੇਂ ਮੇਰਾ ਭਰਾ ਏ ।
ਗ਼ਜ਼ਲ -7
ਹੁਸਨ ਅੱਖੀਆਂ ਵਿੱਚ ਪਿਆ ਹਜ਼ਮ ਕਰਨਾਂ, ਹੋਇਆ ਸੁੰਨ ਮੈਂ ਹੈਰਤ ਦੇ ਨਾਲ ਨਹੀਂ ਜੀ।
ਸੱਤੇ ਰੰਗ ਸਮੇਟ ਕੇ ਵਿੱਚ ਨੈਣਾਂ, ਅਜੇ ਰੱਜਿਆ ਮੇਰਾ ਖ਼ਿਆਲ ਨਹੀਂ ਜੀ।
ਮੇਰੇ ਮੱਥੇ ‘ਤੇ ਵੱਜੀਆਂ ਇੰਜ ਲੀਕਾਂ, ਜਿਵੇਂ ਤਖ਼ਤੀ ‘ਤੇ ਲਿਖਦੇ ਬਾਲ ਨਹੀਂ ਜੀ,
ਜਿਹੋ ਜਿਹਾ ਪਏ ਵੇਖਦੇ ਹੋ ਬਾਹਰੋਂ, ਮੇਰਾ ਅੰਦਰੋਂ ਏਹੋ ਜਿਹਾ ਹਾਲ ਨਹੀਂ ਜੀ।
ਰਹਿਨਾਂ ਪਿਛ੍ਹਾਂ ਪੈਰ ਮੈਂ ਜੱਗ ਕੋਲੋਂ, ਅੱਗੇ ਲੰਘਦਾ ਮਾਰ ਕੇ ਛਾਲ਼ ਨਹੀਂ ਜੀ,
ਪਤਾ ਨਹੀਂ ਕਿਓਂ ਲੋਕੜੇ ਵੈਰ ਪੈ ਗਏ, ਮੈਂ ਕਦੇ ਵਿਖਾਇਆ ਕਮਾਲ ਨਹੀਂ ਜੀ।
ਵੱਗ ਪੀੜਾਂ ਦਾ ਆਪੇ ਈ ਚਾਰਨੇ ਆਂ, ਅਸਾਂ ਰੱਖਿਆ ਕੋਈ ਭਿਆਲ ਨਹੀਂ ਜੀ।
ਖ਼ੈਰ ਨਾਲ਼ ਇਹ ਸਾਰਾ ਈ ਆਪਣਾ ਏ, ਕਿਸੇ ਹੀਰ ਸਿਆਲ ਦਾ ਮਾਲ ਨਹੀਂ ਜੀ
ਵਿੱਚੋਂ ਗੱਲ ਦਿਓਂ ਨਿਕਲੇ ਗੱਲ ਜਿਵੇਂ, ਵਿੱਚੋਂ ਨਹਿਰ ਦਿਓਂ ਨਿਕਲ਼ਦਾ ਖਾਲ਼ ਨਹੀਂ ਜੀ,
ਚੋ ਲਵੋ ਹਯਾਤੀ ਦਾ ਨੂਰ ਜਿਵੇਂ, ਡੂਨਾ ਭਰੀ ਦਾ ਡੋਕਿਆਂ ਨਾਲ਼ ਨਹੀਂ ਜੀ।
ਕੀਤਾ ਕੈਦ ਸਮੁੰਦਰ ਨੂੰ ਵਿੱਚ ਕੁੱਜੇ, ਆਖ ਦੇਣਾ ਤੇ ਕੋਈ ਮੁਹਾਲ ਨਹੀਂ ਜੀ,
ਚੁੰਝ ਭਰ ਕੇ ਚਿੜੀ ਜਿਓਂ ਸਮਝਦੀ ਏ, ਪਾਣੀ ਨੈਂ ‘ਚ ਰਹਿਆ ਰਵਾਲ ਨਹੀਂ ਜੀ।
ਵਾਂਗ ਬੁੱਤ ਦੇ ਕੁਸਕਦਾ ਬੋਲਦਾ ਨਹੀਂ, ਲੱਗੀ ਹੋਈ ਜਿਵੇਂ ਅਲਫ਼ੀ ਬੁੱਲ੍ਹੀਆਂ ‘ਤੇ ,
ਓਥੇ ਖੜਾ ਹੈ ਅੱਜ ਤਨਵੀਰ ਖ਼ੌਰੇ, ਜਿਥੇ ਬੋਲਣ ਦੀ ਹੁੰਦੀ ਮਜਾਲ ਨਹੀਂ ਜੀ।
ਗ਼ਜ਼ਲ-7
ਕਿਸੇ ਦੀ ਭਾਲ ਵਿਚ ਪੈ ਕੇ ਖੁਰਾ ਬੈਠੇ ਖੁਰਾ ਅਪਣਾ ।
ਅਸੀਂ ਕੀ ਹਾਂ ਤੇ ਕਿਹੜੇ ਹਾਂ ਕੀ ਹੁਣ ਦਸੀਏ ਪਤਾ ਅਪਣਾ ।
ਤਿਰੇ ਮਿਲਣ ਤੋਂ ਪਹਿਲੇ ਵੀ ਮੈਂ ਤਾਰੇ ਗਿਣਦਾ ਰਹਿੰਦਾ ਸਾਂ,
ਤਿਰੇ ਮਿਲਣ ਤੋਂ ਮਗਰੋਂ ਵੀ ਹੈ ਓਹੀ ਰਤਜਗਾ ਅਪਣਾ ।
ਪਤਾ ਸੀ ਝੱਖੜਾਂ ਦੇ ਕਾਰਨਾਮੇ ਦਾ, ਤੇ ਮੁੜ ਕਾਹਨੂੰ,
ਮੈਂ ਨਾਜ਼ਕ ਸ਼ਾਖ ਉੱਤੇ ਪਾ ਲਿਆ ਸੀ ਆਲ੍ਹਣਾ ਅਪਣਾ ।
ਤਿਰੇ ਪੈਰੀਂ ਵੀ ਕੰਡੇ ਨੇ, ਮਿਰੇ ਪੋਟੇ ਵੀ ਜ਼ਖ਼ਮੀ ਨੇ,
ਮਿਰਾ ਦਾਰੂ ਵੀ ਹੋ ਜਾਸੀ, ਉਪਾਅ ਕਰ ਦੋਸਤਾ ਅਪਣਾ ।
ਬੜਾ ਹੈਰਾਨ ਹੋਵਾਂਗਾ, ਮੈਂ ਕਿਸ ਰੰਗਣ ‘ਚ ਆਇਆ ਵਾਂ,
ਪਛਾਤਾ ਈ ਕਿ ਨਈਂ ਖ਼ਬਰੇ, ‘ਬੁਖ਼ਾਰੀ’ ਆਂ ਤਿਰਾ ਅਪਣਾ ।
ਗ਼ਜ਼ਲ -8
ਕੀਤਾ ਜਾਂਦਾ ਏ ਤੇ ਆਪੇ ਕਰ ਲਵੋ ਕੋਈ ਉਪਾਅ।
ਉਹ ਤੇ ਦਾਰੂ ਦੇਣ ਦੀ ਥਾਂ ਜ਼ਹਿਰ ਦੇ ਕੇ ਟੁਰ ਗਿਆ ।
ਤੋੜਨਾ ਈਂ ! ਜੇ ਜ਼ਰੂਰੀ, ਇੱਕ ਪਾਸੇ, ਕਰਕੇ ਤੋੜ,
ਰਸਤੇ ਵਿਚ ਕਿਰਚਾਂ ਖਿੰਡਣ ਇਹ ਠੀਕ ਨਈਓਂ ਬੇਲੀਆ ।
ਕੀ ਏ ਜੇ ਕਰ ਚੜ੍ਹ ਗਈ, ਘੂਕੀ ਜ਼ਰਾ ਕੁ ਜ਼ਹਿਰ ਦੀ,
ਸੱਧਰਾਂ ਦੀ ਨਾਗਣੀ ਦੱਸੋ ਕਿਹਨੂੰ ਨਈਂ ਡੰਗਿਆ ।
ਸੁਪਨਿਆਂ ਦੇ ਪੈਂਡੇ ਵਿਚ ਵੀ, ਸੀ ਉਹ ਮੇਰੇ ਨਾਲ ਨਾਲ,
ਪਰ ਸਫ਼ਰ ਜਗਰਾਤਿਆਂ ਦਾ ਕੱਲਿਆਂ ਕਰਨਾ ਪਿਆ ।
ਛਾਂ ਗ਼ਜ਼ਲ ਦੀ ਮਾਨਣੀ ‘ਤਨਵੀਰ’ ਤਦ ਹੁੰਦੀ ਨਸੀਬ,
ਦਿਲ ਦੇ ਵਿਹੜੇ ਵਿੱਚ ਉਗ ਆਵੇ ਜੇ ਬੂਟਾ ਪੀੜ ਦਾ।
🟩