ਜਗਰਾਉਂ, 10 ਮਈ ( ਜਗਰੂਪ ਸੋਹੀ )-ਮੰਗਲਵਾਰ ਦੇਰ ਰਾਤ ਪਿੰਡ ਨੱਥੋਵਾਲ ਤੋਂ ਆਪਣੇ ਪਿੰਡ ਧੂਰਕੋਟ ਜਾ ਰਹੇ ਇੱਕ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਉਸ ਦੇ ਪਰਿਵਾਰਿਕ ਮੈਂਬਰਾਂ ਨੇ ਮੌਤ ਦਾ ਕਾਰਨ ਸੜਕ ਹਾਦਸਾ ਨਹੀਂ ਸਗੋਂ ਕਤਲ ਦੱਸਿਆ ਹੈ। ਮ੍ਰਿਤਕ ਦੇ ਭਰਾ ਜਸਵਿੰਦਰ ਸਿੰਘ ਵਾਸੀ ਧੂਰਕੋਟ ਨੇ ਦੱਸਿਆ ਕਿ ਉਸ ਦੇ ਭਰਾ ਬਲਵਿੰਦਰ ਸਿੰਘ ਦੀ ਪਿੰਡ ਨੱਥੋਵਾਲ ਵਿੱਚ ਸਕੂਟਰ ਮਕੈਨਿਕ ਦੀ ਦੁਕਾਨ ਹੈ। ਰੋਜ਼ ਦੀ ਤਰ੍ਹਾਂ ਉਹ ਮੰਗਲਵਾਰ ਨੂੰ ਦੁਕਾਨ ਬੰਦ ਕਰਕੇ ਮੋਟਰਸਾਈਕਲ ’ਤੇ ਘਰ ਆ ਰਿਹਾ ਸੀ। ਰਸਤੇ ਵਿੱਚ ਉਹ ਕਿਸੇ ਦੇ ਕੋਲ ਰੁਕਿਆ ਅਤੇ ਕਰੀਬ 10 ਵਜੇ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਬਲਵਿੰਦਰ ਸਿੰਘ ਦਾ ਐਕਸੀਡੈਂਟ ਹੋ ਗਿਆ ਹੈ। ਜਦੋਂ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਬਲਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਸਿਰ ’ਤੇ ਡੂੰਘੀ ਸੱਟ ਦਾ ਨਿਸ਼ਾਨ ਸੀ। ਜਸਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਬਲਵਿੰਦਰ ਸਿੰਘ ਦੀ ਮੌਤ ਸੜਕ ਹਾਦਸੇ ਵਿੱਚ ਨਹੀਂ ਹੋਈ, ਸਗੋਂ ਕਿਸੇ ਨੇ ਉਸ ਨੂੰ ਮਾਰਿਆ ਹੈ। ਉਸ ਨੇ ਇਸ ਸਬੰਧੀ ਥਾਣਾ ਹਠੂਰ ਵਿੱਚ ਸ਼ਿਕਾਇਤ ਵੀ ਦਿੱਤੀ ਹੈ।
ਕੀ ਕਹਿਣਾ ਹੈ ਥਾਣਾ ਇੰਚਾਰਜ ਦਾ- ਇਸ ਸਬੰਧੀ ਥਾਣਾ ਹਠੂਰ ਦੀ ਇੰਚਾਰਜ ਸਬ-ਇੰਸਪੈਕਟਰ ਕਮਲਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਲਵਿੰਦਰ ਦੀ ਮੌਤ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟ ਮਾਰਟਮ ਦੀ ਜੋ ਵੀ ਰਿਪੋਰਟ ਆਵੇਗੀ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।