ਕਲਾਨੌਰ,(ਵਿਕਾਸ ਮਠਾੜੂ) : ਸ਼ਨਿਚਰਵਾਰ ਨੂੰ ਕਲਾਨੌਰ ਤੋਂ ਬਟਾਲਾ ਮਾਰਗ ‘ਤੇ ਪੈਂਦੇ ਅੱਡਾ ਕੋਟ ਮੀਆਂ ਸਾਹਿਬ ਨਜ਼ਦੀਕ ਕਾਰ ਸੜਕ ਕਿਨਾਰੇ ਲੱਗੇ ਸਫ਼ੈਦੇ ਦੇ ਦਰੱਖਤ ਵਿਚ ਵੱਜਣ ਕਾਰਨ ਚਾਲਕ ਨੌਜਵਾਨ ਤੇ ਉਸ ਦੇ ਸਾਥੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਦੀ ਮਾਂ ਪਵਨਪ੍ਰੀਤ ਕੌਰ ਵਾਸੀ ਮਰੜੀ ਨੇ ਦੱਸਿਆ ਕਿ ਉਸ ਦਾ ਪੁੱਤਰ ਪਰਮਿੰਦਰ ਸਿੰਘ (20) ਘਰੋਂ ਵਿਦੇਸ਼ ਜਾਣ ਲਈ ਆਪਣੇ ਡਾਕੂਮੈਂਟ (ਕਾਗਜ਼ ਪੱਤਰ) ਦੇਣ ਲਈ ਆਪਣੇ ਪਿੰਡ ਦੇ ਦੋਸਤ ਸਾਹਿਲਪ੍ਰੀਤ (28) ਪੁੱਤਰ ਸੁਰਜੀਤ ਸਿੰਘ ਨਾਲ ਘਰੋਂ ਆਇਆ ਸੀ। ਉਨ੍ਹਾਂ ਨੂੰ ਫੋਨ ਰਾਹੀਂ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਰੋਂਦਿਆਂ ਕਿਹਾ ਕਿ ਜਿਥੇ ਉਨ੍ਹਾਂ ਦੇ ਪੁੱਤਰ ਵੱਲੋਂ ਵਿਦੇਸ਼ ਜਾਣ ਦੇ ਸੁਪਨੇ ਵੇਖੇ ਜਾ ਰਹੇ ਹਨ ਅਤੇ ਵਿਦੇਸ਼ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਉਥੇ ਉਸ ਦਾ ਪੁੱਤਰ ਸਦਾ ਲਈ ਉਹਨਾਂ ਨੂੰ ਛੱਡ ਕੇ ਚਲਾ ਗਿਆ ਹੈ। ਇਸ ਮੌਕੇ ਤੇ ਮ੍ਰਿਤਕ ਨੌਜਵਾਨ ਸਹਿਲਪ੍ਰੀਤ ਸਿੰਘ ਦੇ ਮਾਮਾ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਅੱਡਾ ਖਾਨੋਵਾਲ ਵਿਖੇ ਮੋਬਾਇਲਾਂ ਦੀ ਦੁਕਾਨ ਕਰਦਾ ਹੈ ਅਤੇ ਹਾਦਸੇ ਸਬੰਧੀ ਜਦੋਂ ਪਤਾ ਲੱਗਾ ਤਾਂ ਉਹ ਘਟਨਾ ਸਥਾਨ ‘ਤੇ ਪੁੱਜੇ ਤਾਂ ਵੇਖਿਆ ਕਿ ਉਸ ਦੇ ਭਾਣਜੇ ਦੀ ਮੌਤ ਹੋ ਚੁੱਕੀ ਸੀ।ਇਸ ਘਟਨਾ ਦੀ ਖਬਰ ਮਿਲਦਿਆਂ ਹੀ ਪੁਲਿਸ ਥਾਣਾ ਕਲਾਨੌਰ ਦੇ ਐਸਐਚਓ ਮਨਜੀਤ ਸਿੰਘ ਘਟਨਾ ਸਥਾਨ ਤੇ ਪੁੱਜੇ ਅਤੇ ਜਾਇਜ਼ਾ ਲਿਆ। ਇਸ ਮੌਕੇ ਤੇ ਐੱਸਐੱਚਓ ਮਨਜੀਤ ਸਿੰਘ ਨੇ ਦੱਸਿਆ ਕਿ ਕਾਰ ਦਾ ਸੰਤੁਲਨ ਵਿਗੜਣ ਕਾਰਨ ਕਾਰ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰਖ਼ਤਾਂ ਨਾਲ ਜਾ ਟਕਰਾਈ ਜਿਸ ਕਾਰਨ ਵਾਪਰੇ ਦਰਦਨਾਕ ਹਾਦਸੇ ਦੌਰਾਨ ਚਾਲਕ ਅਤੇ ਉਸਦੇ ਸਾਥੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਧਾਰਾ 174 ਦੀ ਕਾਰਵਾਈ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਕਲਾਨੌਰ ਤੋਂ ਬਟਾਲਾ ਮਾਰਗ ‘ਤੇ ਪੈਂਦੇ ਕੋਟ ਮੀਆਂ ਸਾਹਿਬ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਕਾਰਨ ਸੜਕ ਦੇ ਕਿਨਾਰੇ ਲੱਗੇ ਦਰਖ਼ਤਾਂ ਨੂੰ ਮੰਨਿਆ ਜਾ ਰਿਹਾ ਹੈ। ਮੌਕੇ ‘ਤੇ ਰਾਹਗੀਰ ਬਲਦੇਵ ਸਿੰਘ, ਸਰਬਜੀਤ ਸਿੰਘ, ਸੰਦੀਪ ਸਿੰਘ, ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਕਲਾਨੌਰ ਤੋਂ ਲੈ ਕੇ ਕੋਟ ਮੀਆਂ ਸਾਹਿਬ ਤੱਕ ਸੜਕ ਦੇ ਦੋਵਾਂ ਕਿਨਾਰਿਆਂ ਤੇ ਲੱਗੇ ਦਰੱਖ਼ਤ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਦੋਵਾਂ ਕਿਨਾਰਿਆਂ ਤੇ ਬਰਮ ਨਾ ਹੋਣ ਕਾਰਨ ਸਫੈਦਿਆਂ ਦੇ ਦਰੱਖਤ ਸੜਕ ਦੇ ਕੰਢੇ ਤੇ ਆ ਗਏ ਹਨ ਅਤੇ ਬਾਹਰੀ ਵਾਹਨ ਚਾਲਕ ਜਦੋਂ ਇਸ ਮਾਰਗ ਤੋਂ ਗੁਜਰਦੇ ਹਨ ਤਾਂ ਸੜਕ ਦੇ ਕਿਨਾਰੇ ਨਾ ਹੋਣ ਕਾਰਨ ਵਾਹਨ ਸੜਕ ਕਿਨਾਰੇ ਲੱਗੇ ਦਰਖ਼ਤਾਂ ਵਿਚ ਟਕਰਾ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੜਕ ਦੇ ਕਿਨਾਰੇ ਨਾ ਹੋਣ ਕਾਰਨ ਪਿਛਲੇ ਸਮਿਆਂ ਤੋਂ ਅਨੇਕਾਂ ਸੜਕ ਹਾਦਸੇ ਵਾਪਰ ਚੁੱਕੇ ਹਨ ਅਤੇ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਰਾਹਗੀਰਾਂ ਨੇ ਦੱਸਿਆ ਕਿ ਸੜਕ ਕਿਨਾਰੇ ਲੱਗੇ ਦਰਖ਼ਤਾਂ ਦੀ ਕਟਾਈ ਸਬੰਧੀ ਕਈ ਵਾਰ ਮੰਗ ਵੀ ਉਠਾਈ ਗਈ ਹੈ ਪਰੰਤੂ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਭਿਆਨਕ ਸਿੱਟੇ ਰਾਹਗੀਰਾਂ ਨੂੰ ਆਪਣੀਆਂ ਕੀਮਤੀ ਜਾਨਾਂ ਗੁਆ ਕਿ ਭੁਗਤਣੇ ਪੈ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਜੰਗਲਾਤ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੜਕ ਕਿਨਾਰੇ ਲੱਗੇ ਦਰਖ਼ਤਾਂ ਦੀ ਕਟਾਈ ਕੀਤੀ ਜਾਵੇ।