ਜਗਰਾਓਂ, 6 ਫਰਵਰੀ ( ਬੌਬੀ ਸਹਿਜਲ, ਧਰਮਿੰਦਰ )-ਅੱਡਾ ਰਾਏਕੋਟ ਵਿੱਚ ਫਰੂਟ ਦੀ ਦੁਕਾਨ ਤੋਂ ਲੈ ਕੇ 5 ਨੰਬਰ ਚੁੰਗੀ ਤੱਕ ਨਗਰ ਕੌਂਸਲ ਵੱਲੋਂ ਬਣਾਇਆ ਗਿਆ ਸਿੰਗਲ ਫੁੱਟਪਾਥ ਹਾਦਸਿਆਂ ਦਾ ਮੁੱਖ ਬਿੰਦੂ ਬਣ ਗਿਆ ਹੈ। ਜਿਸ ਕਾਰਨ ਰਾਤ ਦੇ ਹਨੇਰੇ ਵਿੱਚ ਰੋਜ਼ਾਨਾ ਕੋਈ ਨਾ ਕੋਈ ਵਾਹਨ ਇਸ ਫੁੱਟਪਾਥ ਵਿੱਚ ਟਕਰਾ ਕੇ ਨੁਕਸਾਨਿਆ ਜਾਂਦਾ ਹੈ ਅਤੇ ਇਸ ਦੇ ਚਾਲਕ ਅਤੇ ਵਾਹਨਾਂ ਵਿੱਚ ਬੈਠੇ ਲੋਕਾਂ ਨੂੰ ਵੀ ਗੰਭੀਰ ਸੱਟਾਂ ਲੱਗ ਜਾਂਦੀਆਂ ਹਨ। ਜਿਸ ਦੀ ਮਿਸਾਲ ਐਤਵਾਰ ਰਾਤ ਕਰੀਬ 9 ਵਜੇ ਵੀ ਦੇਖਣ ਨੂੰ ਮਿਲੀ ਜਦੋਂ ਰਾਏਕੋਟ ਵਾਲੀ ਸਾਇਡ ਤੋਂ ਆ ਰਹੀ ਇੱਕ ਆਲਟੋ ਕਾਰ ਦੇ ਚਾਲਕ ਫੁੱਟਪਾਥ ਨਾਲ ਜਾ ਟਕਰਾਇਆ ਅਤੇ ਉਸਦੀ ਕਾਰ ਸੜਕ ’ਤੇ ਕਾਫੀ ਦੂਰ ਤੱਕ ਘਸੀਟ ਕੇ ਪਲਟ ਗਈ ਪਰ ਦਨੀਮਤ ਇਹ ਰਹੀ ਕਿ ਕਾਰ ਚਾਲਕ ਬਾਲ ਬਾਲ ਬਚ ਗਿਆ। ਹਾਦਸੇ ਵਿੱਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਗੱਡੀ ਦੇ ਅੱਗੇ ਦੇ ਦੋਵੇਂ ਟਾਇਰ ਫਟ ਗਏ ਅਤੇ ਖਿੜਕੀਆਂ ਦੇ ਨਾਲ-ਨਾਲ ਅਗਲੇ ਅਤੇ ਪਿਛਲੇ ਹਿੱਸੇ ਦੇ ਸ਼ੀਸ਼ੇ ਵੀ ਚਕਨਾਚੂਰ ਹੋ ਗਏ। ਰਾਮਗੜ੍ਹੀਆ ਵੈਲਫੇਅਰ ਕੌਂਸਲ ਦੇ ਸਕੱਤਰ ਹਰਜਿੰਦਰ ਸਿੰਘ ਗੁੱਲੂ, ਕੇ.ਕੇ.ਯੂਨੀਅਨ ਦੇ ਸਕੱਤਰ ਸੰਜੀਵ ਬਾਂਸਲ, ਟੈਂਪੂ ਯੂਨੀਅਨ ਦੇ ਪ੍ਰਧਾਨ ਰਵਿੰਦਰ ਸਿੰਘ ਬੱਬੂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਸ ਫੁੱਟਪਾਥ ’ਤੇ ਰਿਫਲੈਕਟਰ ਲਾਏ ਜਾਣ ਤਾਂ ਜੋ ਰਾਤ ਦੇ ਹਨੇਰੇ ’ਚ ਲੋਕਾਂ ਨੂੰ ਇਸ ਬਾਰੇ ਪਤਾ ਚੱਲ ਲਕੇ ਅਤੇ ਹਾਦਸਿਆਂ ਤੋਂ ਬਚਾਅ ਹੋ ਸਕੇ। ਇਸ ਸਬੰਧੀ ਨਗਰ ਕੌਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਡਾ ਰਾਏਕੋਟ ’ਚ ਫੁੱਟਪਾਥ ’ਤੇ ਜਲਦੀ ਹੀ ਐਂਗਲ ਲਗਾ ਕੇ ਰਿਫਲੈਕਟਰ ਲਗਾ ਦਿਤੇ ਜਾਣਗੇ।

