ਰੂਪਨਗਰ ( ਰੋਹਿਤ ਗੋਇਲ – ਧਰਮਿੰਦਰ ) -ਲੀਬੀਆ ‘ਚ ਫਸੇ ਭਾਰਤੀ ਨੌਜਵਾਨਾਂ ਦਾ ਪਹਿਲਾ ਬੈਚ ਆਪਣੇ ਦੇਸ਼ ਪਰਤ ਆਇਆ ਹੈ। ਇਸ ਬੈਚ ਵਿੱਚ ਵਾਪਸ ਆਏ ਚਾਰ ਨੌਜਵਾਨਾਂ ‘ਚੋਂ ਤਿੰਨ ਪੰਜਾਬ ਤੇ ਇਕ ਬਿਹਾਰ ਦਾ ਰਹਿਣ ਵਾਲਾ ਹੈ। ਰੂਪਨਗਰ ਪਹੁੰਚੇ ਤਿੰਨ ਨੌਜਵਾਨਾਂ ‘ਚੋਂ ਇਕ ਕਪੂਰਥਲਾ ਦੇ ਪਿੰਡ ਨੂਰਪੁਰ ਰਾਜਪੂਤ ਦਾ, ਦੂਜਾ ਮੋਗਾ ਦੇ ਫਤਿਹਪੁਰ ਕਰੋਟੀਆ ਦਾ ਜੋਗਿੰਦਰ ਸਿੰਘ ਤੇ ਤੀਜਾ ਜ਼ਿਲ੍ਹਾ ਰੂਪਨਗਰ ਦੇ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡ ਲੰਗਮਾਜਰੀ ਦਾ ਲਖਵਿੰਦਰ ਸਿੰਘ ਸ਼ਾਮਲ ਹੈ।
ਮੌਤ ਦੇ ਮੂੰਹ ‘ਚੋਂ ਪਰਤੇ ਇਹ ਨੌਜਵਾਨ ਕੇਂਦਰ ਸਰਕਾਰ, ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ। ਪੰਜਾਬ ਸਰਕਾਰ ਨੇ ਵੀ ਇਨ੍ਹਾਂ ਨੌਜਵਾਨਾਂ ਨੂੰ ਸਹੀ ਸਲਾਮਤ ਦੇਸ਼ ਲਿਆਉਣ ਲਈ ਉਪਰਾਲੇ ਕਰਨ ਦਾ ਦਾਅਵਾ ਕੀਤਾ ਸੀ ਜਿਸ ਤੋਂ ਬਾਅਦ ਇਹ ਨੌਜਵਾਨ ਆਪਣੇ ਵਤਨ ਪਰਤ ਗਏ ਹਨ।