ਪੀੜਤ ਨੇ ਇਨਸਾਫ਼ ਲਈ ਜਗਰਾਉਂ ਤੋਂ ਚੰਡੀਗੜ੍ਹ ਤੱਕ ਪੈਦਲ ਰੋਸ ਮਾਰਚ ਸ਼ੁਰੂ ਕੀਤਾ
ਜਗਰਾਓਂ, 25 ਫਰਵਰੀ ( ਭਗਵਾਨ ਭੰਗੂ, ਅਸ਼ਵਨੀ )-ਜਗਰਾਉਂ ਦੇ ਅੱਡਾ ਰਾਏਕੋਟ ਨੇੜੇ ਪੀਰ ਲਾਲਾਂ ਵਾਲੇ ਦੀ ਦਰਗਾਹ ’ਤੇ ਪੁਲਿਸ ਮੁਲਾਜ਼ਮ ਵੱਲੋਂ ਤਫ਼ਤੀਸ਼ ਕਰਨ ਮੌਕੇ ਬੇਅਦਬੀ ਕਰਨ ਅਤੇ ਦਰਗਾਹ ’ਚੋਂ ਕਾਰ, ਮੋਟਰਸਾਈਕਲ, ਸਕੂਟੀ, ਸ਼ਰਧਾਲੂਆਂ ਵਲੋਂ ਦਾਨ ਕੀਤੀ ਹੋਈ ਰਕਮ ਅਤੇ ਸੋਨੇ-ਚਾਂਦੀ ਦੇ ਗਹਿਣੇ ਅਤੇ ਡੀ.ਵੀ.ਆਰ. ਜਾਂਦੇ ਸਮੇਂ ਨਾਲ ਲੈ ਜਾਣ ਦੇ ਦੋਸ਼ ਲਗਾਏ ਗਏ। ਇਸ ਸਬੰਧੀ ਦਰਗਾਹ ਦੇ ਸ਼ਰਧਾਲੂ ਰਵੀਦੀਪ ਸਿੰਘ ਉੱਪਲ ਨੇ ਸ਼ਨੀਵਾਰ ਨੂੰ ਜਗਰਾਉਂ ਤੋਂ ਚੰਡੀਗੜ੍ਹ ਮੁੱਖ ਮੰਤਰੀ ਦਫਤਰ ਅਤੇ ਡੀਜੀਪੀ ਦਫਤਰ ਤੱਕ ਪੈਦਲ ਰੋਸ ਮਾਰਚ ਸ਼ੁਰੂ ਕੀਤਾ। ਇਸ ਮੌਕੇ ਰਵੀਦੀਪ ਸਿੰਘ ਉੱਪਲ ਨੇ ਦੱਸਿਆ ਕਿ ਪੀਰਾਂ ਲਾਲਾਂ ਵਾਲੇ ਦੀ ਦਰਗਾਹ ’ਤੇ 4 ਜਨਵਰੀ ਦੀ ਰਾਤ ਨੂੰ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਨੇ ਬਿਨਾਂ ਜੁੱਤੀ ਲਾਹ ਕੇ ਦਰਗਾਹ ਦੇ ਅੰਦਰ ਵੜ ਕੇ ਤੋੜ ਭੰਨ੍ਹ ਕੀਤੀ ਅਤੇ ਦਰਗਾਹ ਦੀ ਬੇਅਦਬੀ ਕੀਤੀ। ਇਸਤੋਂ ਇਲਾਵਾ ਉਹ ਦਰਗਾਹ ਅੰਦਰ ਖੜੀ ਕਾਰ, ਮੋਟਰਸਾਈਕਲ ਅਤੇ ਸਕੁਟਾਰੀ ਤੋਂ ਇਲਾਵਾ ਦਰਗਾਹ ’ਤੇ ਚੜ੍ਹਾਏ ਗਏ ਪੈਸੇ, ਸੋਨੇ-ਚਾਂਦੀ ਦੇ ਗਹਿਣੇ ਅਤੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਜਾਣ ਸਮੇਂ ਆਪਣੇ ਨਾਲ ਲੈ ਗਏ। ਉਨ੍ਹਾਂ ਕਿਹਾ ਕਿ ਸਾਰੇ ਵਾਹਨ ਅਜੇ ਵੀ ਥਾਣਾ ਸਿਟੀ ਵਿੱਚ ਖੜ੍ਹੇ ਹਨ। ਜਿਸ ਦੀ ਉਸ ਕੋਲ ਫੋਟੋ ਵੀ ਹੈ। ਰਵੀਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਸੰਬੰਧੀ ਐਸਐਸਪੀ ਪੁਲਿਸ ਜਿਲਾ ਲੁਧਿਆਣਾ ਦਿਹਾਤੀ, ਡੀਜੀਪੀ ਪੰਜਾਬ ਪੁਲੀਸ ਅਤੇ ਮੁੱਖ ਮੰਤਰੀ ਨੂੰ ਸ਼ਿਕਾਇਤ ਪੱਤਰ ਭੇਜ ਕੇ ਇਸ ਸਬੰਧੀ ਥਾਣਾ ਇੰਚਾਰਜ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਉਹ ਇਨਸਾਫ ਲੈਣ ਲਈ ਉੱਚ ਅਧਿਕਾਰੀਆਂ ਦੇ ਦਫਤਰਾਂ ਦੇ ਹੁਣ ਤੱਕ ਗੇੜੇ ਮਾਰ ਰਿਹਾ ਹੈ। ਇਨਸਾਫ਼ ਨਾ ਮਿਲਣ ਕਾਰਨ ਹੁਣ ਉਸਨੂੰ ਮਜਬੂਰ ਗੋ ਕੇ ਜਗਰਾਉਂ ਤੋਂ ਪੈਦਲ ਮੁੱਖ ਮੰਤਰੀ ਦਫ਼ਤਰ ਅਤੇ ਡੀਜੀਪੀ ਦਫ਼ਤਰ ਤੱਕ ਪਹੁੰਚਣ ਦਾ ਫ਼ੈਸਲਾ ਕੀਤਾ ਹੈ। ਜੇਕਰ ਉਥੇ ਵੀ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਉਥੇ ਹੀ ਭੁੱਖ ਹੜਤਾਲ ’ਤੇ ਬੈਠ ਜਾਵੇਗਾ। ਉਸਦਾ ਸੰਘਰਸ਼ ਉਸ ਸਮੇਂ ਦੇ ਥਾਣਾ ਸਿਟੀ ਜਗਰਾਓਂ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਖਿਲਾਫ ਮੁਕਦਮਾ ਦਰਜ ਕਰਵਾਉਣ ਤੱਕ ਜਾਰੀ ਰਹੇਗਾ।
ਕੀ ਕਹਿਣਾ ਹੈ ਪੁਲਿਸ ਅਧਿਕਾਰੀ ਦਾ-ਇਸ ਸਬੰਧੀ ਥਾਣਾ ਸਿਟੀ ਦੇ ਉਸ ਸਮੇਂ ਇੰਚਾਰਜ ਰਹੇ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵਿਅਕਤੀ ਖਿਲਾਫ ਪੁਲਿਸ ਕਰਮਚਾਰੀ ਨਾਲ ਹਥੋਪਾਈ ਕਰਨ ਦੀ ਸ਼ਿਕਾਇਤ ਹੈ। ਉਸੇ ਸੰਬੰਧ ਵਿਚ ਉਹ ਪੁੱਛ ਪੜਤਾਲ ਲਈ ਦਰਗਾਹ ’ਤੇ ਗਏ ਸਨ। ਉੱਥੇ ਉਸ ਨੇ ਜਾਂ ਕਿਸੇ ਹੋਰ ਪੁਲਿਸ ਮੁਲਾਜ਼ਮ ਨੇ ਕਿਸੇ ਕਿਸਮ ਦੀ ਬੇਅਦਬੀ ਨਹੀਂ ਕੀਤੀ। ਪੁਲਿਸ ਵੱਲੋਂ ਉਥੋਂ ਬਰਾਮਦ ਹੋਏ ਸਾਮਾਨ ਦੀ ਵੀਡੀਓਗ੍ਰਾਫੀ ਕਰਵਾਈ ਗਈ, ਜੋ ਪੁਲਿਸ ਕੋਲ ਮੌਜੂਦ ਹੈ ਅਤੇ ਉਥੋਂ ਬਰਾਮਦ ਹੋਏ ਸਾਰੇ ਵਾਹਨ ਥਾਣਾ ਸਿਟੀ ਵਿਖੇ ਮੌਜੂਦ ਹਨ। ਇਸ ਲਈ ਰਵੀਦੀਪ ਸਿੰਘ ਵੱਲੋਂ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।
