ਗੁਰਦਾਸਪੁਰ 25 ਮਾਰਚ (ਬੋਬੀ ਸਹਿਜਲ – ਮੋਹਿਤ ਜੈਨ) : ਕਿਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਇਜਾਲਸ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦੁਰ, ਰਾਏਪੁਰ ਵਿਖੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾ ਖਜ਼ਾਨਚੀ ਹਰਮੇਸ਼ ਸਿੰਘ ਢੇਸੀ ਦੀ ਦੇਖ-ਰੇਖ ਵਿੱਚ ਮੁਕੰਮਲ ਹੋਇਆ।ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਦਲਬੀਰ ਸਿੰਘ ਸ਼ਮਸ਼ੇਰਪੁਰ ਵੱਲੋਂ ਨਿਭਾਈ ਗਈ।ਇਜਲਾਸ ਦੀ ਸ਼ੁਰੂਆਤ ਵਿੱਚ ਜੱਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਅਤੇ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਇਜਲਾਸ ਵਿੱਚ ਸੈਂਕੜੇ ਡੈਲੀਗੇਟ ਇਕੱਤਰ ਹੋਏ, ਜਿਹਨਾਂ ਸਾਹਮਣੇ ਜ਼ਿਲ੍ਹਾ ਸਕੱਤਰ ਦਲਬੀਰ ਸਿੰਘ ਸ਼ਮਸ਼ੇਰਪੁਰ ਵੱਲੋਂ ਜੱਥੇਬੰਦੀ ਦੀ ਸਰਗਰਮੀਆਂ ਸੰਬੰਧੀ ਰੀਵਿਊ ਰਿਪੋਰਟ ਪੇਸ਼ ਕੀਤੀ ਗਈ।ਇਸ ਰਿਵਿਊ ਰਿਪੋਰਟ ਨੂੰ ਪੜ੍ਹਨ ਉਪਰੰਤ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ।ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸਤਿਬੀਰ ਸਿੰਘ ਸੁਲਤਾਨੀ, ਜ਼ਿਲ੍ਹਾ ਸਕੱਤਰ ਅਨੋਖ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਜ਼ਿਲ੍ਹਾ ਖਜ਼ਾਨਚੀ ਪਰਮਜੀਤ ਸਿੰਘ ਰਤਨਗੜ੍ਹ, ਬਿਕਰਮਜੀਤ ਸਿੰਘ ਬਿੱਕਾ ਚੇਬੇ, ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ ਵਾਲਾ, ਸਤਨਾਮ ਸਿੰਘ ਮਾਨੇਪੁਰ, ਸੂਰਤ ਸਿੰਘ ਅੰਤੋਰ, ਅਨੋਖ ਸਿੰਘ ਘੋੜੇਵਾਹ, ਮੁਖਤਿਆਰ ਸਿੰਘ ਮੱਲੀਆਂ ਨੂੰ ਮੈਂਬਰ ਚੁਣਿਆ ਗਿਆ।ਇਸ ਮੌਕੇ ਅਜੋਕੇ ਹਾਲਤਾਂ ਉੱਪਰ ਆਪਣੇ ਵਿਚਾਰ ਰੱਖਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਪੰਜਾਬ ਵਿੱਚ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਪੰਜਾਬ ਨੂੰ ਬਲ਼ਦੀ ਦੇ ਬੂਥੇ ਵਿੱਚ ਸੁੱਟਣਾ ਚਾਹੁੰਦੀ ਹੈ।ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇਹ ਸਾਜ਼ਿਸਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਪੰਜਾਬ ਵਿੱਚ ਕਿਸਾਨੀ ਮੰਗਾਂ ਉੱਪਰ ਘੋਲ਼ ਨੂੰ ਲਾਮਬੰਦ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਅੱਜ ਸੂਬੇ ਭਰ ਵਿੱਚ ਹਰੇ ਇਨਕਲਾਬ ਦੇ ਸਾਮਰਾਜੀ ਮਾਡਲ ਨੂੰ ਬਦਲ ਕੇ ਖੇਤੀ ਦੇ ਹੰਢਣਸਾਰ ਮਾਡਲ ਨੂੰ ਲਾਗੂ ਕਰਵਾਉਣ ਲਈ ਸਰਕਾਰ ਉੱਪਰ ਦਬਾ ਬਣਾਇਆ ਜਾਣਾ ਚਾਹੀਦਾ ਹੈ।ਉਹਨਾਂ ਕਿਰਤੀ ਕਿਸਾਨ ਯੂਨੀਅਨ ਦੀ ਪੰਜਾਬ ਦੇ ਪਾਣੀਆਂ ਸੰਬੰਧੀ ਸਮਝ ਨੂੰ ਪੇਸ਼ ਕਰਦਿਆਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਮੰਗ ਕਰਦੀ ਹੈ ਕਿ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਮਿਲਣਾ ਚਾਹੀਦਾ ਹੈ, ਤਾਂ ਹੀ ਧਰਤੀ ਹੇਠਲੇ ਪਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬਚਾਇਆ ਜਾ ਸਕਦਾ ਹੈ।