ਅੰਮ੍ਰਿਤਸਰ 25 ਮਾਰਚ (ਵਿਕਾਸ ਮਠਾੜੂ – ਅਸ਼ਵਨੀ) : ਮਹਿੰਗਾਈ ਤੇ ਭੁੱਖਮਰੀ ਕਾਰਨ ਪਾਕਿਸਤਾਨ ਵਿਚ ਹਾਹਾਕਾਰ ਮਚੀ ਹੋਈ ਹੈ। ਦੂਜੇ ਪਾਸੇ ਪਾਕਿਸਤਾਨੀ ਸਮੱਗਲਰ ਭਾਰਤ ਵਿਚ ਨਸ਼ਾ ਅੱਤਵਾਦ ਫੈਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਇਸ ਵਾਰ ਉਨ੍ਹਾਂ ਨੇ ਚਾਹ ਦੀ ਕੇਤਲੀ ‘ਚ ਹੀ ਹੈਰੋਇਨ ਭੇਜਣ ਦੀ ਹਿੰਮਤ ਕੀਤੀ ਹੈ।ਹਾਲਾਂਕਿ ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਸੈਕਟਰ ਦੇ ਪਿੰਡ ਭੈਰੋਪਾਲ ਵਿੱਚ ਖੇਤਾਂ ‘ਚ ਰੱਖੀ ਕੇਤਲੀ ਬਰਾਮਦ ਕੀਤੀ ਹੈ। ਪਹਿਲਾਂ ਤਾਂ ਇਹ ਮਹਿਸੂਸ ਹੋਇਆ ਕਿ ਕਿਸਾਨ ਖੇਤਾਂ ਵਿੱਚ ਚਾਹ ਲੈ ਕੇ ਆਇਆ ਹੋਵੇਗਾ ਤੇ ਕੇਤਲੀ ਲਿਜਾਣਾ ਭੁੱਲ ਗਿਆ ਹੋਵੇਗਾ ਪਰ ਜਦੋਂ ਕੇਤਲੀ ਦਾ ਢੱਕਣ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਹੈਰੋਇਨ ਨਿਕਲੀ।ਹੈਰੋਇਨ ਦਾ ਭਾਰ 819 ਗ੍ਰਾਮ ਹੈ। ਤਸਕਰੀ ਦਾ ਇਹ ਨਵਾਂ ਤਰੀਕਾ ਵੀ ਪਾਕਿਸਤਾਨੀ ਸਮੱਗਲਰਾਂ ਨੂੰ ਅੰਜਾਮ ਤਕ ਨਹੀਂ ਪਹੁੰਚ ਸਕਿਆ। ਹੁਣ ਤਕ ਡਰੋਨਾਂ ਤੇ ਗੁਬਾਰਿਆਂ ਰਾਹੀਂ ਨਸ਼ਿਆਂ ਦੀ ਤਸਕਰੀ ਹੋ ਰਹੀ ਸੀ। ਹੁਣ ਇਕ ਕੇਤਲੀ ਵਿਚ ਹੈਰੋਇਨ ਭੇਜੀ ਗਈ। ਹਾਲਾਂਕਿ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪਾਕਿਸਤਾਨੀ ਸਮੱਗਲਰਾਂ ਨੇ ਕੇਤਲੀ ਨੂੰ ਉਸ ਪਾਸੇ ਤੋਂ ਇਸ ਪਾਸੇ ਸੁੱਟਿਆ ਹੋ ਸਕਦਾ ਹੈ। ਫਿਲਹਾਲ ਬੀਐਸਐਫ ਵੱਲੋਂ ਪੂਰੇ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।