ਬਿਆਸ 25 ਮਾਰਚ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਨੀਵਾਰ ਸਵੇਰੇ ਡੇਰਾ ਸਤਿਸੰਗ ਬਿਆਸ ਪਹੁੰਚੇ। ਉਨ੍ਹਾਂ ਉਥੇ ਸਤਸੰਗ ਸੁਣਿਆ ਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਡੇਰੇ ਅੰਦਰ ਚੱਲ ਰਹੀਆਂ ਵੱਖ-ਵੱਖ ਸੇਵਾਵਾਂ ਬਾਰੇ ਜਾਣਕਾਰੀ ਲਈ। ਰੱਖਿਆ ਮੰਤਰੀ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜੇ। ਉੱਥੇ ਭਾਜਪਾ ਦੇ ਕਈ ਨੇਤਾਵਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਜਨਾਥ ਸਿੰਘ ਤੋਂ ਇਲਾਵਾ ਦੇਸ਼ ਦੇ ਕਈ ਵੱਡੇ ਨੇਤਾ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨੂੰ ਮਿਲ ਚੁੱਕੇ ਹਨ। 5 ਨਵੰਬਰ 2022 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਡੇਰਾ ਮੁਖੀ ਨੂੰ ਮਿਲਣ ਗਏ ਸਨ।ਦੱਸ ਦੇਈਏ ਕਿ ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਵੱਡੀ ਗਿਣਤੀ ‘ਚ ਡੇਰਾ ਸਮਰਥਕ ਹਨ।ਅਧਿਕਾਰੀਆਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਬਿਆਸ ਕਸਬੇ ‘ਚ ਰਾਧਾ ਸੁਆਮੀ ਸਤਿਸੰਗ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕਰੀਬ ਇਕ ਘੰਟੇ ਤਕ ਬੰਦ ਕਮਰਾ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਸਵੇਰੇ 9.30 ਵਜੇ ਬਿਆਸ ਪਹੁੰਚ ਕੇ ਗੁਰਿੰਦਰ ਸਿੰਘ ਢਿੱਲੋਂ ਨਾਲ ਕਰੀਬ ਇਕ ਘੰਟਾ ਗੱਲਬਾਤ ਕੀਤੀ।ਡੇਰਾ ਅਧਿਕਾਰੀਆਂ ਮੁਤਾਬਕ ਰਾਜਨਾਥ ਸਿੰਘ ਨੇ ਸਤਿਸੰਗ ਸਥਾਨ ਦਾ ਵੀ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਕਰੀਬ ਅੱਧਾ ਘੰਟਾ ਬਿਤਾਇਆ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਉਹ ਸਤਿਸੰਗ ਦੀ ਕਮਿਊਨਿਟੀ ਰਸੋਈ ਵਿਚ ਗਏ ਤੇ ਖ਼ੁਦ ਢਿੱਲੋਂ ਨੇ ਉਨ੍ਹਾਂ ਨੂੰ ਰਸੋਈ ਦਿਖਾਈ। ਡੇਰਾ ਬਾਬਾ ਜੈਮਲ ਸਿੰਘ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਰਾਧਾ ਸੁਆਮੀ ਸਤਿਸੰਗ ਅੰਮ੍ਰਿਤਸਰ ਸ਼ਹਿਰ ਤੋਂ ਲਗਪਗ 45 ਕਿਲੋਮੀਟਰ ਦੂਰ ਬਿਆਸ ਵਿੱਚ ਸਥਿਤ ਹੈ। ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਨ੍ਹਾਂ ਦੇ ਪੈਰੋਕਾਰ ਹਨ