ਮੋਗਾ, 7 ਮਈ ( ਅਸ਼ਵਨੀ) -ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਦੇ ਰਾਹਾਂ ਉੱਪਰ ਤੋਰਨ ਲਈ ਪੰਜਾਬ ਸਰਕਾਰ ਆਪਣਾ ਵਿਸ਼ੇਸ਼ ਯੋਗਦਾਨ ਦੇ ਰਹੀ ਹੈ। ਫ਼ਸਲੀ ਵਿਭਿੰਨਤਾ ਵੱਲ ਤੁਰਨ ਵਾਲੇ ਕਿਸਾਨਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ, ਜੋ ਕਿਸਾਨ ਇਸ ਸੀਜ਼ਨ ਦੌਰਾਨ ਨਰਮਾ ਦੀ ਕਾਸ਼ਤ ਕਰਨਗੇ ਉਨ੍ਹਾਂ ਕਿਸਾਨਾਂ ਨੂੰ ਸਰਕਾਰ ਬੀਜ ਦੇ ਪ੍ਰਤੀ ਪੈਕਿਟ ਦੀ ਕੀਮਤ ਉੱਪਰ 33 ਫੀਸਦੀ ਸਬਸਿਡੀ ਦੇਣ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਨੂੰ ਵੀ ਸਖਤ ਨਿਰਦੇਸ਼ ਦਿੱਤੇ ਹਨ ਕਿ ਨਰਮਾ ਬੀਜਣ ਵਾਲੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣ ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਮੁਸ਼ਕਿਲਾਂ ਦੇ ਹੱਲ ਵੀ ਢੁਕਵੇਂ ਸਮੇਂ ਅੰਦਰ ਮਾਹਿਰਾਂ ਤੋਂ ਕਰਵਾ ਕੇ ਦਿੱਤੇ ਜਾਣ। ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਬਸਿਡੀ ਪ੍ਰਾਪਤ ਕਰਨ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ ਸਰਕਾਰ ਵੱਲੋਂ ਹੁਣ 31 ਮਈ ਤੱਕ ਦਾ ਵਾਧਾ ਵੀ ਕਰ ਦਿੱਤਾ ਗਿਆ ਹੈ, ਪਹਿਲਾਂ ਇਹ ਮਿਤੀ 15 ਮਈ ਤੱਕ ਸੀ।ਜਿਆਦਾ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨਾਂ ਵੱਲੋਂ ਆਨਲਾਈਨ ਪੋਰਟਲ https://agrimachinerypb.com/, ਉੱਪਰ ਆਾਧਾਰ ਕਾਰਡ ਰਾਹੀਂ ਰਜਿਸਟਰਡ ਮੋਬਾਇਲ ਨੰਬਰ ਤੇ ਓ.ਟੀ.ਪੀ. ਵੈਰੀਫਾਈ ਕਰਨ ਉਪਰੰਤ ਅਪਲਾਈ ਕੀਤਾ ਜਾ ਸਕਦਾ ਹੈ। ਕਿਸਾਨ ਸਬਸਿਡੀ ਲਈ ਅਪਲਾਈ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾ ਲੈਣ ਕਿ ਕਿਸਾਨ ਨੇ ਆਪਣੀਆਂ ਬੈਂਕ ਦੀਆਂ ਜਾਣਕਾਰੀਆਂ ਦਾ ਵੇਰਵਾ ਪਹਿਲਾਂ ਪੋਰਟਲ ਉੱਪਰ ਦਰਜ ਕਰਵਾ ਲਿਆ ਹੈ।ਜੇਕਰ ਕਿਸੇ ਕਿਸਾਨ ਦਾ ਵੇਰਵਾ ਅਨਾਜ ਖਰੀਦ ਪੋਰਟਲ ਤੇ ਅਪਲੋਡ ਨਹੀਂ ਹੈ ਤਾਂ ਉਹ ਕਿਸਾਨ ਪੋਰਟਲ ਤੇ ਦਰਸਾਏ ਗਏ ਨਿਊ ਰਜਿਸਟ੍ਰੇਸ਼ਨ ਆਪਸ਼ਨ ਤੇ ਅਪਲਾਈ ਕਰ ਸਕਦਾ ਹੈ। ਇੱਕ ਕਿਸਾਨ ਵੱਧ ਤੋਂ ਵੱਧ 5 ਏਕੜ/10 ਪੈਕਿਟ ਬੀ.ਟੀ. ਕਾਟਨ ਹਾਈਬ੍ਰਿਡ ਬੀਜ ਉੱਤੇ ਸਬਸਿਡੀ ਲੈਣ ਲਈ ਯੋਗ ਹੋਵੇਗਾ। ਉਨ੍ਹਾਂ ਦੱਸਿਆ ਕਿ ਬੀਜ ਦੇ ਬਿੱਲ ਉੱਪਰ ਉਸੇ ਕਾਸ਼ਤਕਾਰ ਕਿਸਾਨ ਦਾ ਹੀ ਨਾਮ ਹੋਣਾ ਲਾਜ਼ਮੀ ਹੈ, ਜੋ ਸਬਸਿਡੀ ਅਪਲਾਈ ਅਤੇ ਪ੍ਰਾਪਤ ਕਰੇਗਾ। ਇਹ ਸਬਸਿਡੀ ਖੇਤੀਬਾੜੀ ਵਿਭਾਗ ਵੱਲੋਂ ਪ੍ਰਵਾਨਿਤ ਬੀ.ਟੀ. ਕਾਟਨ ਹਾਈਬ੍ਰਿਡ ਬੀਜ ਦੀਆਂ ਕਿਸਮਾਂ ਉੱਪਰ ਹੀ ਮਿਲਣਯੋਗ ਹੋਵੇਗੀ, ਜਿੰਨ੍ਹਾਂ ਦੀ ਲਿਸਟ ਦੀ ਇਸੇ ਪੋਰਟਲ ਉੱਪਰ ਅਪਲੋਡ ਕੀਤੀ ਗਈ ਹੈ। ਕਿਸਾਨ ਵੱਲੋਂ ਸਬਸਿਡੀ ਅਪਲਾਈ ਕਰਨ ਉਪਰੰਤ ਕੇਸ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੀ ਆਈ.ਡੀ. ਵਿੱਚੋਂ ਵੈਰੀਫਾਈ ਕਰਨਾ ਯੋਗ ਹੋਵੇਗਾ। ਇਸ ਉਪਰੰਤ ਸਬੰਧਤ ਜਿ਼ਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਪੋਰਟਲ ਤੇ ਵੈਰੀਫਾਈ ਕਰਨ ਉਪਰੰਤ ਪੁਸ਼ ਫਾਰ ਪੇਮੈਂਟ ਕਰਨਾ ਯੋਗ ਹੋਵੇਗਾ। ਮਿਤੀ 31 ਮਈ ਤੱਕ ਇਹ ਬਿੱਲ ਵੈਰੀਫਾਈ ਕੀਤੇ ਜਾਣਗੇ। ਭਾਰਤ ਸਰਕਾਰ ਵੱਲੋਂ ਬੀ.ਟੀ. ਕਾਟਨ ਹਾਈਬ੍ਰਿਡ ਦੇ ਇੱਕ ਪੈਕਿਟ ਦਾ ਕੀਮਤ 853 ਰੁਪਏ ਨਿਰਧਾਰਿਤ ਕੀਤਾ ਗਿਆ ਹੈ।ਮੁੱਖ ਖੇਤਬਾੜੀ ਅਫ਼ਸਰ ਨੇ ਜਿ਼ਲ੍ਹਾ ਮੋਗਾ ਦੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਵੱਲ ਤੁਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਸਬਸਿਡੀ ਲਈ ਅਪਲਾਈ ਕਰਨ ਵਿੱਚ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਆਪਣੇ ਨਾਲ ਸਬੰਧਤ ਬਲਾਕ ਦੇ ਬਲਾਕ ਖੇਤੀਬਾੜੀ ਦਫ਼ਤਰਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਜਿੱਥੇ ਉਨ੍ਹਾਂ ਦੀ ਅਪਲਾਈ ਕਰਨ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ।