63 ਹਜਾਰ ਬੋਰੀ ਕਣਕ ਪਈ ਖੁੱਲ੍ਹੇ ਅਸਮਾਨ ਹੇਠ
ਮੁੱਲਾਂਪੁਰ ਦਾਖਾ, 7 ਮਈ (ਸਤਵਿੰਦਰ ਸਿੰਘ ਗਿੱਲ)—ਲੁਧਿਆਣਾ ਜਿਲ੍ਹੇ ਦੇ ਪਿੰਡ ਸਵੱਦੀ ਕਲਾਂ ਦੇ ਖਰੀਦ ਕੇਂਦਰ ਵਿੱਚ ਅੱਜ ਵੱਡੀ ਗਿਣਤੀ ਪੱਲੇਦਾਰਾਂ ਤੇ ਮਜ਼ਦੂਰਾਂ ਵਲੋ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਪੱਲੇਦਾਰਾਂ(ਠੇਕੇਦਾਰਾਂ) ਤੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਹਰੇ ਲਗਾਏ ਤੇ ਇਹਨਾ ਨੇ ਮੰਗ ਕੀਤੀ ਕਿ ਦਾਣਾ ਮੰਡੀ ਚ ਖਰੀਦ ਕੀਤੀ ਕਣਕ ਦੀ ਲਿਫਟਿੰਗ ਕੀਤੀ ਜਾਵੇ। ਇਸ ਮੌਕੇ ਠੇਕੇਦਾਰ ਬਿੰਦਰ ਸਿੱਧਵਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਮਾਰ ਗਰੀਬ ਮਜ਼ਦੂਰਾਂ ਨੂੰ ਝਲਣੀ ਪੈ ਰਹੀ ਹੈ ਕਿਉਕਿ ਸਵੱਦੀ ਕਲਾਂ ਦੀ ਦਾਣਾ ਮੰਡੀ ਵਿੱਚ ਪਨਗਰੇਂਨ ਏਜੰਸੀ ਵਲੋ ਖਰੀਦ ਕੀਤੀ ਗਈ 1 ਲੱਖ 70 ਹਜਾਰ ਬੋਰੀ ਕਣਕ ਵਿਚੋਂ 63 ਹਜਾਰ ਬੋਰੀ ਕਣਕ ਦੀ ਬੋਰੀ ਖੁੱਲ੍ਹੇ ਅਸਮਾਨ ਹੇਠ ਪਈ ਹੈ ਜਿਸਦੀ ਸਮੇਂ ਸਿਰ ਲਿਫਟਿੰਗ ਨਾ ਹੋਣ ਕਾਰਨ ਜਿੱਥੇ ਇਸਦਾ ਵਜ਼ਨ ਘਟ ਰਿਹਾ ਹੈ ਉਥੇ ਵਿਹਲੇ ਬੈਠੇ ਮਜ਼ਦੂਰਾਂ ਦਾ ਖਰਚਾ ਵੀ ਉਹਨਾਂ ਨੂੰ ਝੱਲਣਾ ਪੈ ਰਿਹਾ ਹੈ। ਸਿੱਧਵਾਂ ਨੇ ਦਸਿਆ ਜਦੋ ਲਿਫਟਿੰਗ ਵਾਸਤੇ ਗੱਡੀਆਂ ਕਣਕ ਦੀ ਫ਼ਸਲ ਦੀ ਢੋਆ ਢੁਆਈ ਕਰਦੀਆਂ ਹਨ ਤਾਂ ਜਿਹੜਾ ਵਜ਼ਨ ਘਟ ਜਾਂਦਾਂ ਹੈ ਉਸਦੀ ਮਾਰ ਪੱਲੇਦਾਰਾਂ ਸਿਰ ਪਾਈ ਜਾਂਦੀ ਹੈ ਜਿਸ ਨਾਲ ਗਰੀਬ ਮਜ਼ਦੂਰਾਂ ਦਾ ਬੁਰਾ ਹਾਲ ਹੋ ਜਾਂਦਾ ਹੈ ਕਿਉਕਿ ਸ਼ਾਲਟੇਜ ਨਾਲ ਪ੍ਰਤੀ ਟਰੱਕ ਤਕਰੀਬਨ ਦੋ ਕੁਇੰਟਲ ਕਣਕ ਪੱਲੇਦਾਰਾਂ ਨੂੰ ਦੇਣੀ ਪੈ ਰਹੀ ਹੈ ।ਵੱਡੀ ਗਿਣਤੀ ਮਜ਼ਦੂਰਾਂ ਨੇ ਦੱਸਿਆ ਕਿ ਹਰ ਸਾਲ ਇਹੋ ਹਾਲ ਹੁੰਦਾ ਹੈ ਜਿਸ ਨਾਲ ਇਹਨਾ ਨੂੰ ਵੱਡੀ ਗਿਣਤੀ ਮਜ਼ਦੂਰਾਂ ਨੂੰ ਵਿਹਲੇ ਬੈਠਿਆਂ ਨੂੰ ਰੋਟੀ ਖਵਾਉਣੀ ਪੈ ਰਹੀ ਹੈ ਜਦਕਿ ਕਣਕ ਦੀ ਫਸਲ ਦੀ ਖਰੀਦ ਤਕਰੀਬਨ ਮੁਕੰਮਲ ਹੋ ਗਈ ਹੈ। ਇਹਨਾ ਪੱਲੇਦਾਰਾਂ ਨੇ ਦੱਸਿਆ ਕਿ ਲਿਫਟਿੰਗ ਵਿੱਚ ਹੋ ਰਹੀ ਦੇਰੀ ਕਾਰਨ ਉਹਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ।ਇਸ ਮੌਕੇ ਪ੍ਰਧਾਨ ਹਰਬਿੰਦਰ ਸਿੰਘ,ਚੌਧਰੀ ਜਸਵੀਰ ਸਿੰਘ,ਚੌਧਰੀ ਪ੍ਰਵੀਨ,ਚੌਧਰੀ ਕੈਲਾਸ਼,ਚੌਧਰੀ ਕਾਲਾ,ਚੌਧਰੀ ਮੋਮਨ ਤੇ ਚੌਧਰੀ ਲੱਕੀ ਆਦਿ ਦੀ ਅਗਵਾਈ ਚ ਵੱਡੀ ਗਿਣਤੀ ਪੱਲੇਦਾਰਾਂ ਤੇ ਮਜ਼ਦੂਰਾਂ ਵਲੋ ਪੰਜਾਬ ਦੀ ਮੌਜੂਦਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਇਹਨਾ ਵਲੋ ਮੰਗ ਕੀਤੀ ਗਈ ਕਿ ਜਲਦੀ ਤੋ ਜਲਦੀ ਖਰੀਦ ਕੀਤੀ ਕਣਕ ਦੀ ਫ਼ਸਲ ਦੀ ਚੁਕਾਈ ਕੀਤੀ ਜਾਵੇ। ਲੇਬਰ ਆਗੂਆਂ ਨੇ ਕਿਹਾ ਕਿ ਇਸ ਵਿੱਚ ਨਾ ਤਾਂ ਕਿਸੇ ਅੜਤੀਏ ਦਾ ਕਸੂਰ ਹੈ ਅਤੇ ਨਾ ਹੀ ਮਾਰਕੀਟ ਕਮੇਟੀ ਦਾ ਕੋਈ ਰੋਲ ਹੈ।ਇਸ ਮੌਕੇ ਪਰਮਜੀਤ ਸਿੰਘ ਅਰਮਾਨ ਖ਼ਾਨ, ਬਾਬੂ, ਲਾਲੂ,ਸੁਰਜੀਤ,ਪਿਆਰੇ,ਮੁਸ਼ਤਾਕ,ਮੁਜਰਫ ਅਤੇ ਜਗਦੀਸ਼ ਆਦਿ ਮਜ਼ਦੂਰਾਂ ਨੇ ਭਗਵੰਤ ਮਾਨ ਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।