◼️ਗੁਰਭਜਨ ਗਿੱਲ
ਸੌ ਗਈ ਹੈ ਧਰਤ ਸਾਰੀ,
ਰੁਕ ਗਏ ਦਰਿਆ ਦੇ ਪਾਣੀ ।
ਬਾਤ ਹੋ ਗਈ ਬੇਹੁੰਗਾਰਾ ।
ਦੂਰ ਜਹੇ ਕਿਧਰੇ ਟਟੀਹਰੀ ਬੋਲਦੀ ਹੈ ।
ਚੁੱਪ ਹੈ ਗਲੀਆਂ ’ਚ ਪਸਰੀ,
ਬੰਦਿਆਂ ਦੀ ਪੈਰ ਚਾਪ ।
ਜਾਗਦੀ ਹੈ ਮਾਂ ਅਜੇ ।
ਭਾਂਡਾ ਟੀਂਡਾ ਸਾਂਭ ਸੁੰਬਰ ਕੇ,
ਦੁੱਧ ਨੂੰ ਜਾਗ ਲਾ ਕੇ,
ਛੇਕਾਲੇ ਹੇਠ ਧਰ ਆਈ ਹੈ ।
ਬਿੱਲੀ ਕੁੱਤੇ ਤੋਂ ਡਰਦੀ ਮਾਰੀ ।
ਪੀ ਨਾ ਜਾਣ ਕਿਤੇ ਇਹ ਜਾਨਵਰ ।
ਲਾਲਟੈਣ ਦੇ ਚਾਨਣੇ ’ਚ,
ਪਤਾ ਨਹੀਂ ਕੀ ਵੇਖਦੀ ਹੈ ।
ਕਿਤਾਬ ਦੇ ਪੰਨਿਆਂ ’ਚੋਂ ।
ਸ਼ਾਇਦ ਪੁੱਤਰ ਦੀ ਭਾਗ ਰੇਖਾ ।
ਧੀ ਦੇ ਅਗਲੇ ਘਰ ਦਾ ਨਕਸ਼ਾ ।
ਪੇਕਿਆਂ ਦੀ ਸੁਖ ਸਾਂਦ,
ਸਹੁਰੇ ਘਰ ਦੀ ਖੁਸ਼ਹਾਲੀ ਦੇ ਵੇਰਵੇ ।
ਅਨਪੜ੍ਹ ਹੋ ਕੇ ਵੀ,
ਕਿੰਨਾ ਕੁਝ ਪੜ੍ਹੀ ਜਾਂਦੀ ਹੈ ।
ਐਨਕ ਵਿੱਚੋਂ ਦੀ,
ਸਗਲ ਸੰਸਾਰ ਨਾਲ ਰਿਸ਼ਤਾ ਜੋੜਦੀ
ਪੈਨਸਿਲ ਨਾਲ ਲੱਗੇ ਨਿਸ਼ਾਨਾਂ ਨੂੰ
ਗਹੁ ਨਾਲ ਵਾਚਦੀ,
ਪੜ੍ਹੇ ਹੋਏ ਨੂੰ ਪੁਣਦੀ ਛਾਣਦੀ ।
ਜਾਗਦੀ ਹੈ ਮਾਂ ਅਜੇ,
ਦਾਦੀ ਬਣ ਕੇ ਵੀ ਜਾਗਦੀ ਹੈ ਹਾਲੇ ।
ਅੰਬਰ ’ਚ ਨਹੀਂ ਵੇਖਦੀ ਤਾਰੇ ।
ਅੱਖਰਾਂ ’ਚੋਂ ਅੱਖ ਦੇ ਤਾਰਿਆਂ ਦੇ,
ਸਿਤਾਰੇ ਪਛਾਣਦੀ ਹੈ ।
ਜਾਗਦੀ ਹੈ ਮਾਂ ਅਜੇ ।
ਜਿਹੜੇ ਘਰੀਂ ਮਾਂਵਾਂ ਸੌ ਜਾਂਦੀਆਂ,
ਓਥੇ ਘਰਾਂ ਨੂੰ,
ਜਗਾਉਣ ਵਾਲਾ ਕੋਈ ਨਹੀਂ ਹੁੰਦਾ ।
ਰੱਬ ਵੀ ਨਹੀਂ ।
ਮਾਂ ਵੱਡਾ ਸਾਰਾ ਰੱਬ ਹੈ ।
ਧਰਤੀ ਜਿੱਡਾ ਜੇਰਾ ।
ਅੰਬਰ ਜਿੱਡੀ ਅੱਖ ।
ਸਮੁੰਦਰ ਤੋਂ ਡੂੰਘੀ ਨੀਝ ।
ਪੌਣਾਂ ਤੋਂ ਤੇਜ਼ ਉਡਾਰੀ ।
ਬਾਗ ਹੈ ਚੰਦਨ ਰੁੱਖਾਂ ਦਾ,
ਮਹਿਕਵੰਤੀ ਬਹਾਰ ।
ਇਹ ਮਾਂ ਹੀ ਹੈ,
ਧਰਤ ਵਾਂਗ ਸਭ ਦੇ ਪਰਦੇ ਕੱਜਦੀ ।
ਰੋਂਦੇ ਨੂੰ ਚੁੱਪ ਕਰਾਉਂਦੀ ਥਾਂ ਸਿਰ ਬਿਠਾਉਂਦੀ ।
ਕੁਝ ਨਹੀਂ ਮੰਗਦੀ ਮੂੰਹੋਂ ਆਪਣੇ ਆਪ ਲਈ ।
ਮਾਂ ਜਦ ਤੀਕ ਜਾਗਦੀ ਹੈ ।
ਲਾਲਟੈਣ ਵੀ ਨਹੀਂ ਬੁਝਣ ਦਿੰਦੀ ।
ਪੁੱਤਰ ਧੀਆਂ ਤੇ ਸਗਲ ਸੰਸਾਰ ਲਈ
ਜਾਗਦੀ ਹੈ ਮਾਂ ਅਜੇ ।
🟩