ਜਗਰਾਉਂ, 12 ਮਈ ( ਰਾਜਨ ਜੈਨ)-ਮਾਲਵੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਪ੍ਰਿੰਸੀਪਲ ਨਵਨੀਤ ਚੌਹਾਨ ਦੀ ਅਗਵਾਈ ਹੇਠ ਸਿੱਖ ਕੌਮ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਸਰਹਿੰਦ ਉੱਪਰ ਫਤਿਹ ਪਾਉਣ ਅਤੇ ਖਾਲਸੇ ਰਾਜ ਦੀ ਸਥਾਪਨਾ ਕਰਨ ਦੇ ਦਿਨ ਵਜੋ ਸਰਹਿੰਦ ਫਤਿਹ ਦਿਵਸ ਮਨਾਇਆ ਗਿਆ।ਇਸ ਦੌਰਾਨ ਸਕੂਲ ਅਧਿਆਪਕ ਕਰਮਜੀਤ ਸੰਗਰਾਉ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੇ ਝਾਤ ਅਤੇ ਸਰਹਿੰਦ ਫਤਿਹ ਦਿਵਸ ਉੱਪਰ ਚਾਨਣਾ ਪਾਇਆ। ਉਹਨਾਂ ਦੱਸਿਆ ਕਿ 12 ਮਈ 1710 ਈਸਵੀ ਨੂੰ ਬਾਬਾ ਜੀ ਨੇ ਸਰਹਿੰਦ ਫਤਿਹ ਕਰਕੇ ਸਿੱਖ ਰਾਜ ਦੀ ਸਥਾਪਨਾ ਦੀ ਨੀਂਹ ਰੱਖ ਦਿੱਤੀ ਸੀ। ਸਕੂਲ ਵਿਦਿਆਰਥਣ ਸੁਖਰਾਜੀਪ ਕੌਰ ਨੇ ਭਾਵ ਪੂਰਤ ਰਚਨਾ “ਬੰਦੀ ਵੀਰ” ਪੇਸ਼ ਕੀਤੀ। ਵਿਦਿਆਰਥੀ ਜਸਮਨਜੋਤ ਕੌਰ ਸਾਹਿਬ ਸਿੰਘ ਨੇ ਬਾਬਾ ਜੀ ਉਪਰ ਵਾਰਾਂ ਪੇਸ਼ ਕੀਤੀਆਂ।ਇਸ ਦੌਰਾਨ ਸਕੂਲ ਮੈਨੇਜਮੈਂਟ ਵਲੋ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਮੈਨੇਜਰ ਮਨਦੀਪ ਚੌਹਾਨ ਅਤੇ ਸਮੂਹ ਅਧਿਆਪਕ ਸਾਹਿਬਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।