ਲੁਧਿਆਣਾ 16 ਸਤੰਬਰ (ਵਿਕਾਸ ਮਠਾੜੂ):-ਪੰਜਾਬੀ ਭਾਸ਼ਾ ਵਿੱਚ ਕਵਿਤਾ, ਕਹਾਣੀ, ਨਾਵਲ ਆਦਿ ਵਿਧਾਵਾਂ ਵਿੱਚ ਤਾਂ ਬਹੁਤ ਮਹੱਤਵਪੂਰਨ ਕੰਮ ਹੋ ਰਿਹਾ ਹੈ ਪਰ ਵਾਰਤਕ ਰਚਨਾ ਆਪਣੇ ਸਿਰਜਣਾਤਮਕ ਅਮਲ ਨੂੰ ਓਨੀ ਸਮਰਥਾ ਨਾਲ ਨਹੀਂ ਨਿਭਾ ਰਹੀ, ਜਿੰਨੀ ਤਾਕਤਵਰ ਵਾਰਤਕ ਦੀ ਭਵਿੱਖ ਨੂੰ ਜ਼ਰੂਰਤ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਡਾ ਅਨੂਪ ਸਿੰਘ ਬਟਾਲਾ ਦੀਆਂ ਦੋ ਪੁਸਤਕਾਂ ਸ਼ਬਦਾਂ ਦੀ ਅਜ਼ਮਤ ਤੇ ਪੌਣੀ ਸਦੀ ਦਾ ਸਫ਼ਰ ਹਾਸਲ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਡਾ ਅਨੂਪ ਸਿੰਘ ਦੀਆਂ ਵਾਰਤਕ ਲਿਖਤਾਂ ਵਿੱਚੋਂ ਗਿਆਨ , ਵਿਗਿਆਨ ਅਤੇ ਭਵਿੱਖਮੁਖੀ ਸੋਚ ਦੇ ਦਰਸ਼ਨ ਹੁੰਦੇ ਹਨ।
ਉੱਘੇ ਪੰਜਾਬੀ ਲੇਖਕ ਡਾ ਅਨੂਪ ਸਿੰਘ ਬਟਾਲਾ ਨੇ ਵਰਗਿਸ ਸਲਾਮਤ ਸੰਗ ਲੁਧਿਆਣਾ ਪਹੁੰਚ ਕੇ ਆਪਣੀਆਂ ਇਹ ਦੋ ਕਿਤਾਬਾਂ “ਸ਼ਬਦਾਂ ਦੀ ਅਜ਼ਮਤ” ਤੇ “ਪੌਣੀ ਸਦੀ ਦਾ ਸਫ਼ਰ” ਪ੍ਰੋ ਗਿੱਲ ਨੂੰ ਭੇਂਟ ਕੀਤੀਆਂ। ਇਸ ਮੌਕੇ ਬੋਲਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਦਰਸ਼ਨ ਬੁੱਟਰ ਨੇ ਕਿਹਾ ਕਿ ਡਾ ਅਨੂਪ ਸਿੰਘ ਚੰਗਾ ਵਾਰਤਕ ਲੇਖਕ ਤਾਂ ਹੈ ਹੀ, ਸਾਡਾ ਵੱਡਾ ਵੀਰ ਵੀ ਹੈ ਜੋ ਵਾਰਤਕ ਸਿਰਜਣਾ ਵਿੱਚ ਨਵੇਂ ਦਿਸਹੱਦੇ ਸਥਾਪਤ ਕਰ ਰਿਹਾ ਹੈ। ਇਸ ਮੌਕੇ ਪੰਜਾਬੀ ਕਵੀ ਸੁਸ਼ੀਲ ਦੋਸਾਂਝ ਸੰਪਾਦਕ ਸਾਹਿੱਤਕ ਮੈਗਜ਼ੀਨ “ਹੁਣ” ਪੰਜਾਬੀ ਕਵੀ ਵਰਗਿਸ ਸਲਾਮਤ ਤੇ ਸੁਰਿੰਦਰਜੀਤ ਚੌਹਾਨ ਵੀ ਹਾਜ਼ਰ ਸਨ। ਸੁਸ਼ੀਲ ਦੋਸਾਂਝ ਨੇ ਸਭ ਲੇਖਕਾਂ ਨੂੰ ਨੂੰ “ਹੁਣ” ਦਾ ਸੱਜਰਾ ਅੰਕ ਭੇਂਟ ਕੀਤਾ।
ਧੰਨਵਾਦ ਕਰਦਿਆਂ ਡਾ ਅਨੂਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਵਾਰਤਕ ਸਿਰਜਣਾ ਦਾ ਅਸਲ ਮਨੋਰਥ ਚੰਗੇ ਸਮਾਜ ਦੀ ਸਿਰਜਣਾ ਹੈ। ਇਹੀ ਮਿਸ਼ਨ ਉਨ੍ਹਾਂ ਨੂੰ ਅੱਗੇ ਤੋਂ ਅੱਗੇ ਤੋਰ ਰਿਹਾ ਹੈ।