30 ਦੇ ਕਰੀਬ ਸਕੂਲੀ ਬੱਚੇ ਅਤੇ 10 ਬੱਸ ਸਵਾਰ ਹੋਏ ਜ਼ਖ਼ਮੀ
ਜਗਰਾਓਂ, 15 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ, ਜਗਰੂਪ ਸੋਹੀ, ਮੋਹਿਤ ਜੈਨ )-ਸੋਮਵਾਰ ਦੁਪਹਿਰ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਲੁਧਿਆਣਾ ਸਾਈਡ ਜੀ.ਟੀ ਰੋਡ ’ਤੇ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਵੈਨ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਮੋਗਾ ਸਾਈਡ ਦੇ ਕੋਕਲਾ ਹਸਪਤਾਲ ਨੇੜੇ ਜੀ.ਟੀ ਰੋਡ ’ਤੇ ਅੰਮ੍ਰਿਤਸਰ ਤੋਂ ਆ ਰਹੀ ਰੋਡਵੇਜ਼ ਦੀ ਬੱਸ ਨਾਲ ਸਕੂਲ ਵੈਨ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਵਿੱਚ ਸਕੂਲ ਵੈਨ ਦੇ ਪਰਖੱਚੇ ਉੱਡ ਗਏ ਅਤੇ ਰੋਡਵੇਜ਼ ਦੀ ਬੱਸ ਦਾ ਡਰਾਈਵਰ ਸਾਈਡ ਨੁਕਸਾਨਿਆ ਗਿਆ। ਹਾਦਸੇ ਦੇ ਸਮੇਂ ਸਕੂਲ ਵੈਨ ਵਿੱਚ ਕਰੀਬ 42 ਬੱਚੇ ਸਵਾਰ ਸਨ। ਜਿਸ ਵਿੱਚ 30 ਦੇ ਕਰੀਬ ਬੱਚੇ ਜ਼ਖ਼ਮੀ ਹੋ ਗਏ ਅਤੇ ਬੱਸ ਵਿੱਚ ਸਵਾਰ 10 ਦੇ ਕਰੀਬ ਸਵਾਰੀਆਂ ਵੀ ਜ਼ਖ਼ਮੀ ਹੋ ਗਈਆਂ। ਸਕੂਲ ਵੈਨ ਦੇ ਡਰਾਈਵਰ ਅਤੇ ਗੰਭੀਰ ਜ਼ਖ਼ਮੀ 3 ਬੱਚਿਆਂ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਸੂਚਨਾ ਮਿਲਣ ’ਤੇ ਸ਼ਹਿਰ ’ਚ ਹੜਕੰਪ ਮਚ ਗਿਆ। ਬੱਚਿਆਂ ਦੇ ਮਾਂ ਬਾਪ ਅਤੇ ਸ਼ਹਿਰ ਵਾਸੀ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਏਡੀਸੀ ਅਮਿਤ ਸਰੀਨ, ਡੀਐਸਪੀ ਸਤਵਿੰਦਰ ਸਿੰਘ ਵਿਰਕ, ਤਹਿਸੀਲਦਾਰ ਮਨਮੋਹਨ ਕੌਸ਼ਿਕ, ਪੈਪਸੂ ਰੋਡਵੇਜ਼ ਦੇ ਡਾਇਰੈਕਟਰ ਪੁਰਸ਼ੋਤਮ ਲਾਲ ਖਲੀਫ਼ਾ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ ਸਿਵਲ ਹਸਪਤਾਲ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਕੁਝ ਮਾਂ ਬਾਪ ਆਪਣੇ ਬੱਚਿਆਂ ਨੂੰ ਸਿਵਲ ਹਸਪਤਾਲ ਤੋਂ ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਲੈ ਗਏ।
ਇਹ ਬੱਚੇ ਜਖਮੀ ਹੋਏ- ਜਪਮਨ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ, ਵਿਪਨ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ, ਅਨੂਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ, ਅਮਰੂਪ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ। ਜਗਤਾਰ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ, ਰਵਨੂਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ, ਹਰਪ੍ਰੀਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ, ਅਰਮਾਨ ਸਿੰਘ, ਜਸ਼ਨਪ੍ਰੀਤ ਸਿੰਘ, ਅਵਨੀਤ ਕੌਰ, ਤਾਨੀਆ, ਅਰਸ਼ , ਗੁਰਸੇਵਕ ਸਿੰਘ, ਸਮਰਵੀਰ, ਹਰਮਨਜੋਤ ਅਤੇ ਅੰਮ੍ਰਿਤਪਾਲ ਸਿੰਘ ਜੋ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ।
ਲੁਧਿਆਣਾ ਭੇਜੇ ਗਏ-ਇਸ ਹਾਦਸੇ ਵਿੱਚ ਸਕੂਲ ਵੈਨ ਦਾ ਡਰਾਈਵਰ ਗੁਰਮੁਖ ਸਿੰਘ ਵਾਸੀ ਪਿੰਡ ਦੋਧਰ ਗੰਭੀਰ ਜ਼ਖ਼ਮੀ ਹੋ ਗਿਆ। ਗੰਭੀਰ ਜ਼ਖ਼ਮੀਆਂ ਵਿੱਚ ਗੁਰਮੁੱਖ ਸਿੰਘ ਤੋਂ ਇਲਾਵਾ ਜਪਮਨ, ਵਿਪਨ, ਅਨੂਪ, ਰਵਨੂਰ ਅਤੇ ਹਰਪ੍ਰੀਤ ਸਿੰਘ ਸਾਰੇ ਪਿੰਡ ਕਾਉਂਕੇ ਕਲਾਂ ਅਤੇ ਬੱਸ ਯਾਤਰੀ ਕਾਂਤਾ ਸ਼ਰਮਾ ਨੂੰ ਲੁਧਿਆਣਾ ਭੇਜਿਆ ਗਿਆ।
ਕਲਿਆਣੀ ਹਸਪਤਾਲ ’ਚ ਦਾਖਲ ਬੱਚੇ- ਹਾਦਸੇ ’ਚ ਜ਼ਖਮੀ ਹੋਏ 11 ਬੱਚਿਆਂ ਨੂੰ ਸਥਾਨਕ ਕਲਿਆਣੀ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚ ਮਨਜੋਤ ਸਿੰਘ, ਤਰਨਜੋਤ, ਗੁਰਲੀਨ ਕੌਰ, ਮਨਪ੍ਰੀਤ ਕੌਰ, ਜਸਕਰਨ ਸਿੰਘ, ਗੁਰਸੀਰਤ ਕਾਉਂਕੇ, ਗੁਰਵਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਸ਼ਾਮਲ ਹਨ। ਡਾ: ਦੀਪਕ ਕਲਿਆਣੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਤਿੰਨ ਬੱਚੇ ਮਾਮੂਲੀ ਜ਼ਖ਼ਮੀ ਹੋਏ ਸਨ, ਜਿਨ੍ਹਾਂ ਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ ਗਿਆ ।
ਬਾਂਸਲ ਹਸਪਤਾਲ ਵਿੱਚ ਦਾਖ਼ਲ ਬੱਚੇ-ਇਸ ਹਾਦਸੇ ਵਿਚ ਬਾਂਸਲ ਹਸਪਤਾਲ ਕੱਚਾ ਮਲਕ ਰੋਡ ਵਿਖੇ ਦਾਖਲ ਕਰਵਾਏ ਗਏ ਬੱਚਿਆਂ ਵਿੱਚ ਜਸਮੀਨ ਕੌਰ, ਹਰਕੋਮਲ ਸਿੰਘ, ਰਣਵੀਰ ਸਿੰਘ, ਬੰਧਨਜੋਤ ਸਿੰਘ, ਏਕਮਜੋਤ ਕੌਰ, ਪ੍ਰਦੀਪ ਸਿੰਘ, ਨੂਰਜੋਤ ਕੌਰ, ਮੰਨਤ ਕੌਰ, ਪ੍ਰਣਾਮ ਸਿੰਘ, ਪ੍ਰਨੀਤ ਕੌਰ, ਅੰਸ਼ ਅਲੀ, ਸਾਨੀਆ ਅਤੇ ਗੁਰਕੀਰਤ ਸਿੰਘ ਸ਼ਾਮਲ ਹਨ।
ਬੱਸ ’ਚ ਸਵਾਰ ਜ਼ਖਮੀ -ਇਸ ਹਾਦਸੇ ’ਚ ਅੰਮ੍ਰਿਤਸਰ ਤੋਂ ਆ ਰਹੀ ਰੋਡਵੇਜ਼ ਦੀ ਬੱਸ ਦੇ ਡਰਾਈਵਰ ਲਖਵੀਰ ਸਿੰਘ ਅਤੇ ਕੰਡਕਟਰ ਨੂੰ ਵੀ ਸੱਟਾਂ ਲੱਗੀਆਂ ਹਨ। ਇਸ ਤੋਂ ਇਲਾਵਾ ਬੱਸ ’ਚ ਸਵਾਰ ਗੁਰਮੁਖ ਸਿੰਘ, ਕਾਂਤਾ ਸ਼ਰਮਾ ਲੁਧਿਆਣਾ, ਪੂਨਮ ਸ਼ਰਮਾ, ਸ਼ਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਲਖਵੀਰ ਸਿੰਘ, ਗੁਰਸੇਵਕ ਸਿੰਘ ਘੋਲੀਆ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜੋ ਮੁਢਲੀ ਡਾਕਟਰੀ ਸਹਾਇਤਾ ਲੈ ਕੇ ਚਲੇ ਗਏ।
ਵਨ-ਵੇ ਸੜਕ ਬਣੀ ਹਾਦਸੇ ਦਾ ਕਾਰਨ-ਸਕੂਲ ਵੈਨ ਅਤੇ ਰੋਡਵੇਜ਼ ਦੀ ਬੱਸ ਵਿਚਾਲੇ ਭਿਆਨਕ ਟੱਕਰ ਦਾ ਕਾਰਨ ਪ੍ਰਸ਼ਾਸਨ ਨੇ ਬਿਨਾਂ ਦੱਸੇ ਹਾਦਸੇ ਵਾਲੀ ਥਾਂ ਤੋਂ ਚੌਕੀਮਾਨ ਤੋਂ ਜਗਰਾਓਂ ਤੱਕ ਸੜਕ ਦੀ ਆਵਾਜਾਈ ਨੂੰ ਵਨ-ਵੇ ਕੀਤਾ ਜਾਣਾ ਕਿਹਾ ਜਾ ਰਿਹਾ ਹੈ। ਇਸ ਬਾਰੇ ਕੋਈ ਜਾਣਕਾਰੀ ਜਾਂ ਨਿਸ਼ਾਨ, ਬੋਰਡ ਵੀ ਨਹੀਂ ਲਗਾਇਆ ਗਿਆ। ਜਿਸ ਕਾਰਨ ਇਹ ਹਾਦਸਾ ਅਚਾਨਕ ਵਾਪਰਿਆ। ਦੂਜੀ ਸਕੂਲ ਵੈਨ ਵਿੱਚ ਲੋੜ ਤੋਂ ਵੱਧ ਬੱਚੇ ਬੈਠੇ ਸਨ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਸਕੂਲ ਵੈਨ ਵਿੱਚ ਸੀਟਾਂ ਦੀ ਥਾਂ ’ਤੇ ਬੱਚਿਆਂ ਦੇ ਬੈਠਣ ਲਈ ਲੱਕੜ ਦੇ ਫੱਟੇ ਲਗਾਏ ਹੋਏ ਸਨ। ਇੱਥੇ ਵੱਡੀ ਗੱਲ ਇਹ ਹੈ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਟਰੈਫ਼ਿਕ ਵਿਭਾਗ ਦਾ ਮੁੱਖ ਦਫ਼ਤਰ ਮੇਨ ਤਹਿਸੀਲ ਚੌਕ ਵਿੱਚ ਹੈ। ਇੱਥੇ ਹਰ ਸਮੇਂ ਚੈਕਿੰਗ ਲਈ ਟਰੈਫਿਕ ਵਿਭਾਗ ਅਤੇ ਹੋਰ ਪੁਲੀਸ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਇੰਨਾ ਹੀ ਨਹੀਂ ਹੋਰਨਾਂ ਸਕੂਲਾਂ ਦੀਆਂ ਵੈਨਾਂ ਅਤੇ ਬੱਸਾਂ ਵੀ ਪੁਲੀਸ ਮੁਲਾਜ਼ਮਾਂ ਦੇ ਸਾਹਮਣੇ ਇਸ ਚੌਕ ਵਿੱਚੋਂ ਲੰਘਦੀਆਂ ਹਨ। ਹੁਣ ਜਦੋਂ ਇੰਨਾ ਵੱਡਾ ਹਾਦਸਾ ਵਾਪਰ ਗਿਆ ਹੈ ਤਾਂ ਐਸਡੀਐਮ ਗੁਰਵੀਰ ਸਿੰਘ ਕੋਹਲੀ ਕਹਿ ਰਹੇ ਹਨ ਕਿ ਸਾਰੀਆਂ ਸਕੂਲ ਵੈਨਾਂ ਅਤੇ ਬੱਸਾਂ ਦੀ ਚੈਕਿੰਗ ਕੀਤੀ ਜਾਵੇਗੀ।