ਭਿੱਖੀਵਿੰਡ(ਬੋਬੀ ਸਹਿਜਲ)ਸੀਪੀਆਈ ਬਲਾਕ ਭਿੱਖੀਵਿੰਡ ਦੀ ਮੀਟਿੰਗ ਟਹਿਲ ਸਿੰਘ ਲੱਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਨਰੇਗਾ ਕੰਮ ਤੇ ਦਿਹਾੜੀ ਵਧਾਉਣ ਲਈ ਬੀਡੀਪੀਓ ਦਫਤਰ ਭਿੱਖੀਵਿੰਡ ਵਿਖੇ ਨਾਟਕਾਂ ਤੇ ਭੰਡਾਂ ਰਾਹੀਂ ਪੰਜਾਬ ਸਰਕਾਰ ਤੇ ਅਫ਼ਸਰਸ਼ਾਹੀ ਦੀ ਕੁਰੱਪਟ ਨੀਤੀ ਦਾ ਵਿਰੋਧ ਕੀਤਾ ਜਾਵੇਗਾ। ਹਾਲਾਤ ਇਹ ਹਨ ਕਿ ਅਫਸਰਸ਼ਾਹੀ ਸਰਕਾਰ ਦੇ ਇਸ਼ਾਰੇ ‘ਤੇ ਚੱਲਦੀ ਹੈ।
ਇਸੇ ਕਰਕੇ ਹੀ ਨਰੇਗਾ ਕਾਨੂੰਨ ਸਹੀ ਮਾਅਨਿਆਂ ਵਿਚ ਜਮੀਨੀ ਪੱਧਰ ‘ਤੇ ਲਾਗੂ ਕਰਨ ਦੀ ਥਾਂ ਕੁਰੱਪਸ਼ਨ ਦਾ ਘਰ ਬਣ ਚੁੱਕਾ ਹੈ। ਹੈਰਾਨੀ ਹੈ ਕਿ ਇਕ ਪਿੰਡ ਵਿਚ 95 ਫੀਸਦੀ ਜਾਅਲੀ ਵਰਕਰ ਕੰਮ ਕਰਦੇ ਹਨ। ਸਿਰਫ 5 ਫੀਸਦੀ ਹੀ ਅਸਲੀ ਕਾਮੇ ਹਨ। ਮਾੜੀਮੇਘਾ ਨੇ ਕਿਹਾ ਕਿ ਉਹ ਕੁਰੱਪਸ਼ਨ ਨਹੀਂ ਚੱਲਣ ਦੇਣਗੇ। ਸਹੀ ਵਰਕਰਾਂ ਨੂੰ ਕੰਮ ਤੇ ਪੈਸੇ ਦਿਵਾਏ ਜਾਣਗੇ।
ਸੀਪੀਆਈ ਨੇ ਮੰਗ ਕੀਤੀ ਕਿ ਨਰੇਗਾ ਕੰਮ ਸਾਰਾ ਸਾਲ ਦਿੱਤਾ ਜਾਵੇ ਤੇ ਦਿਹਾੜੀ ਘੱਟ ਤੋਂ ਘੱਟ 700 ਰੁਪਏ ਪ੍ਰਤੀ ਦਿਨ ਕੀਤੀ ਜਾਵੇ। ਕੇਂਦਰ ਸਰਕਾਰ ਨੇ ਨਰੇਗਾ ਦੇ ਬਜਟ ਵਿਚ 30 ਫੀਸਦੀ ਕਮੀ ਕਰ ਕੇ ਨਰੇਗਾ ਕਾਮਿਆਂ ਨਾਲ ਧੋ੍ਹ ਕਮਾਇਆ ਹੈ। ਬਲਾਕ ਸਕੱਤਰ ਨਰਿੰਦਰ ਸਿੰਘ ਅਲਗੋਂ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਜੋ ਵਾਅਦਿਆਂ ਸਮੇਤ ਪਾਸ ਕੀਤੀ ਗਈ। ਸੁਖਦੇਵ ਸਿੰਘ ਕਾਲਾ, ਪੂਰਨ ਸਿੰਘ ਮਾੜੀਮੇਘਾ, ਡਾ. ਰਸਾਲ ਸਿੰਘ ਪਹੂਵਿੰਡ, ਜਸਪਾਲ ਸਿੰਘ ਕਲਸੀਆਂ, ਬਲਬੀਰ ਬੱਲੂ, ਮਨਜੀਤ ਕੌਰ ਅਲਗੋਂ ਨੇ ਵੀ ਸੰਬੋਧਨ ਕੀਤਾ।