ਖੰਨਾ(ਭੰਗੂ-ਲਿਕੇਸ ਸ਼ਰਮਾ )ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ ਮੁਹਿੰਮ ਜਾਰੀ ਹੈ। ਜਿਸਦੇ ਤਹਿਤ ਹੁਣ ਖੰਨਾ ਪੁਲਿਸ ਨੇ 3 ਵੱਖ-ਵੱਖ ਮਾਮਲਿਆਂ ‘ਚ 626 ਗ੍ਰਾਮ ਹੈਰੋਇਨ ਅਤੇ 2 ਕਿਲੋ ਅਫੀਮ ਸਮੇਤ 7 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ। ਦਿੱਲੀ ਤੋਂ ਹੈਰੋਇਨ ਦੀ ਤਸਕਰੀ ਲਗਜ਼ਰੀ ਗੱਡੀਆਂ ਵਿੱਚ ਕੀਤੀ ਜਾਂਦੀ ਸੀ। ਨਸ਼ਾ ਤਸਕਰਾਂ ਨੇ ਡਰੱਗ ਮਨੀ ਨਾਲ ਲਗਜ਼ਰੀ ਗੱਡੀਆਂ ਖਰੀਦੀਆਂ ਅਤੇ ਫਿਰ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਨਸ਼ਿਆਂ ਦਾ ਨੈੱਟਵਰਕ ਵਿਛਾਇਆ। ਪੁਲਿਸ ਨੇ ਡਰੱਗ ਮਨੀ ਤੋਂ ਬਣਾਈ ਜਾਇਦਾਦ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਡੀਐਸਪੀ ਹਰਸਿਮਰਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਦੋਰਾਹਾ ਤੋਂ ਫਾਰਚੂਨਰ ਗੱਡੀ ਵਿੱਚ ਸਵਾਰ ਜਗਬੀਰ ਸਿੰਘ ਜੱਗਾ ਵਾਸੀ ਪਿੰਡ ਉਮਰਵਾਲ ਬਿੱਲਾ (ਜਲੰਧਰ) ਅਤੇ ਜਸਵਿੰਦਰ ਸਿੰਘ ਜੱਸਾ ਵਾਸੀ ਸਿੱਧਵਾਂ ਬੇਟ (ਲੁਧਿਆਣਾ) ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 600 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਵਾਂ ਕੋਲੋਂ 40 ਹਜ਼ਾਰ ਰੁਪਏ ਡਰੱਗ ਮਨੀ ਵੀ ਮਿਲੀ। ਉਹ ਦਿੱਲੀ ਨੰਬਰ ਵਾਲੀ ਲਗਜ਼ਰੀ ਕਾਰ ਵਿੱਚ ਨਸ਼ੇ ਦੀ ਖੇਪ ਲਿਆ ਰਹੇ ਸਨ। ਦੋਰਾਹਾ ਵਿੱਚ ਹੀ ਇੱਕ ਹੋਰ ਮਾਮਲੇ ਵਿੱਚ ਪੁਲੀਸ ਨੇ ਕਾਲੇ ਰੰਗ ਦੀ ਕਰੂਜ਼ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਸਤਨਾਮ ਸਿੰਘ ਬੌਹੜਾ, ਲਵਪ੍ਰੀਤ ਸਿੰਘ ਲਵਲੀ, ਚਰਨਪ੍ਰੀਤ ਸਿੰਘ ਚੀਨਾ ਅਤੇ ਸਤਵਿੰਦਰ ਸਿੰਘ ਸੱਤਾ ਨੂੰ ਗ੍ਰਿਫ਼ਤਾਰ ਕੀਤਾ। ਇਹ ਚਾਰੋਂ ਦੋਰਾਹਾ ਦੇ ਪਿੰਡ ਰਾਮਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲੋਂ 26 ਗ੍ਰਾਮ ਹੈਰੋਇਨ ਬਰਾਮਦ ਹੋਈ। ਸਤਨਾਮ ਸਿੰਘ ਬੌਹੜਾ ਨੇ ਇਹ ਕਾਰ ਨਸ਼ੇ ਦੇ ਪੈਸੇ ਨਾਲ ਖਰੀਦੀ ਸੀ ਅਤੇ ਇਸ ਵਿੱਚ ਨਸ਼ੇ ਦੀ ਸਪਲਾਈ ਕਰਦਾ ਸੀ। ਤੀਜੇ ਮਾਮਲੇ ਵਿੱਚ ਸੀਆਈਏ ਸਟਾਫ਼ ਇੰਚਾਰਜ ਅਮਨਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਟੀ ਪੁਆਇੰਟ ਜੱਲਾ ਤੋਂ ਪਾਇਲ ਨੂੰ ਜਾਂਦੇ ਸਮੇਂ ਰਾਮ ਬਾਲਕ ਰਾਏ ਵਾਸੀ ਘੁਡਾਣੀ ਕਲਾਂ ਨੂੰ 2 ਕਿਲੋ ਅਫੀਮ ਸਮੇਤ ਕਾਬੂ ਕੀਤਾ। ਰਾਮ ਬਾਲਕ ਰਾਏ ਮੂਲ ਰੂਪ ਵਿੱਚ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਦਾ ਵਸਨੀਕ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਹ ਸਿਰਫ਼ ਸਪਲਾਈ ਦੇਣ ਆਇਆ ਸੀ। ਅਫੀਮ ਦਾ ਮੁੱਖ ਸਪਲਾਇਰ ਇਸ ਪਿੱਛੇ ਕੋਈ ਹੋਰ ਹੈ। ਜਿਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ।