ਜਗਰਾਉਂ, 8 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ 1580 ਨਸ਼ੀਲੀਆਂ ਗੋਲੀਆਂ ਅਤੇ 107 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 11 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਸੀਆਈਏ ਸਟਾਫ਼ ਦੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਏਐਸਆਈ ਬਲਵਿੰਦਰ ਸਿੰਘ ਸਮੇਤ ਪੁਲੀਸ ਪਾਰਟੀ ਮੇਨ ਜੀਟੀ ਰੋਡ ਮਲਿਕ ਚੌਕ ਜਗਰਾਉਂ ਵਿਖੇ ਚੈਕਿੰਗ ਲਈ ਮੌਜੂਦ ਸੀ। ਇਤਲਾਹ ਮਿਲੀ ਸੀ ਕਿ ਅਕਾਸ਼ ਸਿੱਧੂ ਵਾਸੀ ਮੁਹੱਲਾ ਗਾਂਧੀ ਨਗਰ ਅਤੇ ਜਸਵਿੰਦਰ ਸਿੰਘ ਉਰਫ਼ ਸੋਨੀ ਵਾਸੀ ਮੁਹੱਲਾ ਹਰਦੇਵ ਨਗਰ ਨੇੜੇ ਚੁੰਗੀ ਨੰਬਰ 5 ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦੇ ਹਨ। ਜੋ ਆਪਣੇ ਮੋਟਰਸਾਈਕਲ ’ਤੇ ਗੋਲੀਆਂ ਸਪਲਾਈ ਕਰਨ ਲਈ ਕੋਠੇ ਖੰਜੂਰਾਂ ਰੋਡ ਤੋਂ ਹੋ ਕੇ ਮੇਨ ਜੀ.ਟੀ ਰੋਡ ਅਲੀਗੜ੍ਹ ਵੱਲ ਆ ਰਹੇ ਹਨ। ਇਸ ਸੂਚਨਾ ’ਤੇ ਅਲੀਗੜ੍ਹ ਟੀ ਪੁਆਇੰਟ ’ਤੇ ਨਾਕਾਬੰਦੀ ਕਰ ਕੇ ਮੋਟਰਸਾਈਕਲ ਸਵਾਰ ਦੋਵਾਂ ਨੂੰ 830 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਥਾਣਾ ਸਿਟੀ ਜਗਰਾਉਂ ਤੋਂ ਏਐਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਚੈਕਿੰਗ ਲਈ ਪੁਲਿਸ ਪਾਰਟੀ ਸਮੇਤ ਅੱਡਾ ਰਾਏਕੋਟ ਵਿਖੇ ਮੌਜੂਦ ਸੀ। ਉਥੇ ਇਤਲਾਹ ਮਿਲੀ ਕਿ ਮੁਹੱਲਾ ਰਾਮਨਗਰ ਨਿਵਾਸੀ ਪ੍ਰਿੰਸ ਸ਼ਰਮਾ ਅਤੇ ਲਵਪ੍ਰੀਤ ਸਿੰਘ ਵਾਸੀ ਮੁਹੱਲਾ ਹਰਦੇਵ ਨਗਰ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ। ਜੋ ਕਿ ਚੁੰਗੀ ਨੰਬਰ 5 ਦੇ ਕੋਲ ਇਕ ਖੋਖੇ ਦੇ ਨਾਲ ਖੜੇ ਗਾਹਕਾਂ ਦੀ ਉਡੀਕ ਕਰ ਰਹੇ ਹਨ। ਇਸ ਸੂਚਨਾ ’ਤੇ ਛਾਪਾ ਮਾਰ ਕੇ ਪ੍ਰਿੰਸ ਸ਼ਰਮਾ ਅਤੇ ਲਵਪ੍ਰੀਤ ਸਿੰਘ ਨੂੰ 110 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਅਤੇ ਤਿੰਨ ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ। ਸੀਆਈਏ ਸਟਾਫ਼ ਦੇ ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਏਐਸਆਈ ਮਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਲਈ ਬੱਸ ਸਟੈਂਡ ਪਿੰਡ ਭੂੰਦੜੀ ਵਿਖੇ ਮੌਜੂਦ ਸੀ। ਉਥੇ ਇਤਲਾਹ ਮਿਲੀ ਕਿ ਕਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਅਲੀਵਾਲ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਜੋਕਿ ਸਿੱਧਵਾਂਬੇਟ ਸਾਈਡ ਤੋਂ ਪਿੰਡ ਅਲੀਗੜ੍ਹ ਵੱਲ ਅਤੇ ਮੋਟਰਸਾਈਕਲ ’ਤੇ ਆ ਰਿਹਾ ਹੈ। ਇਸ ਸੂਚਨਾ ’ਤੇ ਗੋਰਸੀਆ ਕਾਦਰ ਬਖਸ਼ ’ਚ ਨਾਕਾਬੰਦੀ ਕਰਕੇ ਕਰਮਜੀਤ ਸਿੰਘ ਨੂੰ 110 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਥਾਣਾ ਸੁਧਾਰ ਤੋਂ ਸਬ-ਇੰਸਪੈਕਟਰ ਪਿਆਰਾ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਰਾਜਦੀਪ ਸਮੇਤ ਪੁਲਿਸ ਪਾਰਟੀ ਚੈਕਿੰਗ ਲਈ ਚੌਕ ਸੁਧਾਰ ਬਲਾਕ ਰੋਡ ’ਤੇ ਮੌਜੂਦ ਸੀ। ਉੱਥੇ ਇਤਲਾਹ ਮਿਲੀ ਕਿ ਸਰੂਪ ਵਾਸੀ ਦਰਿਆੜਾ ਥਾਣਾ ਡਲਹੌਜ਼ੀ ਜ਼ਿਲ੍ਹਾ ਚੰਬਾ ਹਿਮਾਚਲ ਪ੍ਰਦੇਸ਼, ਮੌਜੂਦਾ ਵਾਸੀ ਠੇਕਾ ਸ਼ਰਾਬ ਬਲਾਕ ਰੋਡ ਸੁਧਾਰ ਅਤੇ ਅਭਿਸ਼ੇਕ ਕੁਮਾਰ ਵਾਸੀ ਪਿੰਡ ਅਕਾਲਗੜ੍ਹ ਦੋਵੇਂ ਵੱਡੇ ਪੱਧਰ ’ਤੇ ਪਾਬੰਦੀਸ਼ੁਦਾ ਦਵਾਈਆਂ ਵੇਚਣ ਦਾ ਧੰਦਾ ਕਰ ਰਹੇ ਹਨ। ਇਹ ਦੋਵੇਂ ਮਹਿੰਦਰਾ ਪਿਕਅੱਪ ਗੱਡੀ ’ਤੇ ਨਸ਼ੀਲੀਆਂ ਗੋਲੀਆਂ ਲੈ ਕੇ ਅਕਾਲਗੜ੍ਹ ਤੋਂ ਨਹਿਰੀ ਪੁਲ ਸੁਧਾਰ ਵੱਲ ਆ ਰਹੇ ਸਨ। ਇਸ ਸੂਚਨਾ ’ਤੇ ਮਹਿੰਦਰਾ ਪਿਕਅੱਪ ਗੱਡੀ ’ਤੇ ਆ ਰਹੇ ਸਰੂਪ ਸਿੰਘ ਅਤੇ ਅਭਿਸ਼ੇਕ ਕੁਮਾਰ ਨੂੰ 430 ਪਾਬੰਦੀਸ਼ੁਦਾ ਗੋਲੀਆਂ ਅਤੇ 1 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਦੀ ਪੁੱਛਗਿੱਛ ’ਚ ਇਸ਼ਪਿੰਦਰ ਸਿੰਘ ਵਾਸੀ ਪਿੰਡ ਅਕਾਲਗੜ੍ਹ ਦਾ ਨਾਂ ਵੀ ਸਾਹਮਣੇ ਆਇਆ, ਜਿਸ ਨੂੰ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਸੀ। ਜਿਸ ਦੀ ਭਾਲ ਜਾਰੀ ਹੈ। ਥਾਣਾ ਜੋਧਾ ਤੋਂ ਏ.ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਅਮਨ ਪਲਾਜ਼ਾ ਮਨਸੂਰਾ ਵਿਖੇ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਬੰਟੀ ਵਾਸੀ ਮੋਹੀ ਅਤੇ ਕੁਲਦੀਪ ਸਿੰਘ ਵਾਸੀ ਪਮਾਲ ਬਾਹਰਲੇ ਜ਼ਿਲਿਆਂ ਤੋਂ ਆਟੋ ਵਿਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਲੈ ਕੇ ਜੋਧਾਂ ਇਲਾਕੇ ਵਿਚ ਵੇਚਣ ਦਾ ਧੰਦਾ ਕਰਦੇ ਹਨ। ਉਹ ਵੱਡੀ ਮਾਤਰਾ ਵਿੱਚ ਸ਼ਰਾਬ ਲੈ ਕੇ ਇੱਕ ਆਟੋ ਵਿੱਚ ਪਮਾਲ ਪਿੰਡ ਤੋਂ ਜੋਧਾਂ ਵੱਲ ਆ ਰਹੇ ਹਨ। ਇਸ ਸੂਚਨਾ ’ਤੇ ਬੰਟੀ ਅਤੇ ਕੁਲਦੀਪ ਸਿੰਘ ਨੂੰ ਖੰਡੂਰ ਚੌਕ ਜੋਧਾ ਵਿਖੇ ਨਾਕਾਬੰਦੀ ਕਰਕੇ ਇਕ ਆਟੋ ’ਚ ਰਾਇਲ ਸਟੈਗ ਦੀਆਂ 22 ਬੋਤਲਾਂ ਅਤੇ ਰਸਭਰੀ ਦੀਆਂ 36 ਬੋਤਲਾਂ ਸਮੇਤ ਕਾਬੂ ਕੀਤਾ ਗਿਆ। ਥਾਣਾ ਜੋਧਾ ਤੋਂ ਏ.ਐਸ.ਆਈ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਨਾਰੰਗਵਾਲ ਚੌਂਕ ਵਿਖੇ ਮੌਜੂਦ ਸਨ। ਉਥੇ ਹੀ ਮਿਲੀ ਸੂਚਨਾ ’ਤੇ ਨਾਕਾਬੰਦੀ ਕਰਕੇ ਸੁਖਦੇਵ ਸਿੰਘ ਵਾਸੀ ਪਿੰਡ ਇੰਦਰਗੜ੍ਹ ਜ਼ਿਲਾ ਮੋਗਾ ਨੂੰ ਇਕ ਇਨੋਵਾ ਕਾਰ ’ਚ 24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਥਾਣਾ ਸਿੱਧਵਾਂਬੇਟ ਤੋਂ ਏ.ਐਸ.ਆਈ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਚੈਕਿੰਗ ਲਈ ਭੂੰਦੜੀ ਚੌਕ ਵਿੱਚ ਮੌਜੂਦ ਸਨ। ਉਥੇ ਮਿਲੀ ਸੂਚਨਾ ਦੇ ਆਧਾਰ ’ਤੇ ਹਰਮੇਸ਼ ਸਿੰਘ ਵਾਸੀ ਕੋਰਟ ਉਮਰਾ ਥਾਣਾ ਸਿੱਧਵਾਂਬੇਟ ਨੂੰ 25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ।