▪️ਗੁਰਭਜਨ ਗਿੱਲ
ਵੱਡੇ ਭੈਣ ਜੀ ਮਨਜੀਤ ਤੋਂ ਨਿੱਕੇ ਅਸੀਂ ਤਿੰਨ ਭਰਾ ਹਾਂ। ਵੱਡੇ ਭਾ ਜੀ ਜਸਵੰਤ ਬੱਚਿਆਂ ਕੋਲ ਸਿਡਨੀ(ਆਸਟਰੇਲੀਆ) ਰਹਿੰਦੇ ਹਨ। ਵਿਚਕਾਰਲੇ ਭਾ ਜੀ ਸੁਖਵੰਤ ਬਟਾਲੇ ਤੇ ਮੈਂ ਲੁਧਿਆਣੇ ਹਾਂ।
ਸਾਡੇ ਬਾਪੂ ਜੀ 1987 ਚ ਚਲੇ ਗਏ ਤੇ ਬੀਬੀ ਜੀ 2007ਵਿੱਚ ਸਦੀਵੀ ਅਲਵਿਦਾ ਕਹਿ ਗਏ।
ਪਿੰਡ ਛੁੱਟ ਗਿਆ ਚਾਚਾ ਜੀ ਚਾਚੀ ਜੀ ਦੇ ਜਾਣ ਨਾਲ।
ਮੇਰਾ ਪਿੰਡ ਗੁਰਦਾਸਪੁਰ ਜ਼ਿਲ੍ਹੇ ਚ ਬਸੰਤਕੋਟ ਹੈ ਡੇਰਾ ਬਾਬਾ ਨਾਨਕ ਤਹਿਸੀਲ ਵਿੱਚ। ਧਿਆਨਪੁਰ ਦੇ ਬਿਲਕੁਲ ਨੇੜੇ। ਸੰਘੇੜਾ ਅਕਰਪੁਰਾ ਵਾਲੇ ਰਾਹ ਤੇ ਪਹਿਲਾ ਪਿੰਡ। ਪਿੰਡ ਤੋਂ ਸੜਕ ਪਾਰ ਫਿਰਨੀ ਤੇ ਦੂਜਾ ਪਿੰਡ ਹੈ, ਸ਼ਾਹ ਸ਼ਮਸ। ਪੰਜਾਬੀ ਵਿਦਵਾਨ ਡਾਃ ਦੀਵਾਨ ਸਿੰਘ ਤੇ ਕਹਾਣੀਕਾਰ ਭੈਣ ਜੀ ਇੰਦਰਜੀਤ ਪਾਲ ਕੌਰ ਭਿੰਡਰ ਦਾ ਪੇਕਾ ਪਿੰਡ। ਪਹਿਲਾਂ ਸਾਡੇ ਦੋਹਾਂ ਪਿੰਡਾਂ ਦੀ ਪੰਚਾਇਤ ਸਾਂਝੀ ਸੀ। ਮੇਰੇ ਪਿੰਡ ਛੱਡਣ ਮਗਰੋਂ ਦੋ ਹੋ ਗਈਆਂ।
ਸ਼ਾਹਸ਼ਮਸ਼ ਦੇ ਸਰਦਾਰ ਬਸੰਤ ਸਿੰਘ ਲੰਮਾ ਸਮਾਂ ਸਰਪੰਚ ਰਹੇ ਵੰਡ ਮਗਰੋਂ ਲੰਮਾ ਚਿਰ। ਚਿੱਟੇ ਦੁੱਧ ਇਸਤਰੀ ਕੀਤੇ ਕੱਪੜੇ ਪਾਉਂਦੇ। ਧੁੰਦਲਾ ਜਿਹਾ ਚੇਤਾ ਹੈ। ਉਨ੍ਹਾਂ ਦੇ ਟੱਬਰ ਨੂੰ ਸਰਦਾਰਾਂ ਦਾ ਟੱਬਰ ਕਹਿੰਦੇ ਸਨ। ਉਦੋਂ ਲੱਗਦਾ ਸੀ ਕਿ ਜੀਹਦੇ ਲੀੜੇ ਚਿੱਟੇ ਖੁੰਬ ਹੋਣ ਉਹੀ ਸਰਦਾਰ ਹੁੰਦਾ ਹੈ। ਬਾਕੀ ਤਾਂ ਮੈਂ ਮ੍ਹਾਤੜ। ਲਿੱਬੜੇ ਤਿੱਬੜੇ। ਰੇਤ ਨਾਲ ਖੂਹ ਤੇ ਗਿੱਟੇ ਮਾਂਜਣ ਵਾਲੇ। ਖਿੰਘਰ ਝਾਵੇਂ ਨਾਲ ਮੈਲ ਲਾਹੁਣ ਵਾਲੇ ਪਿੰਡਿਉਂ। ਕਾਸਟਿਕ ਸੋਢੇ ਨਾਲ ਭਿੱਜੇ ਲੀੜਿਆਂ ਨੂੰ ਥਾਪੀ ਨਾਲ ਕੁੱਟਦੀਆਂ ਮਾਵਾਂ ਦੇ ਪੁੱਤਰ। ਖਿੱਲਰੀਆਂ ਜਟੂਰੀਆਂ ਵਾਲੇ।
ਸਰਦਾਰ ਬਸੰਤ ਸਿੰਘ ਨੇ ਹੀ ਸਾਡੇ ਪਿੰਡ ਮਸੀਤੇ ਪ੍ਰਾਇਮਰੀ ਸਕੂਲ ਖੁੱਲ੍ਹਵਾਇਆ ਸੀ ਸ਼ਾਇਦ। ਉਹ ਮੇਰੇ ਚਾਚਾ ਜੀ ਸਃ ਧਿਆਨ ਸਿੰਘ ਦੇ ਵੀ ਸੱਜਣ ਸਨ। ਸ਼ਾਇਦ ਪੂਣੀ ਕੀਤੀ ਚਿੱਟੀ ਪੱਗ ਚਿਣ ਕੇ ਬੰਨ੍ਹਣ ਵਾਲੇ ਸਾਬਕਾ ਫੌਜੀ ਹੋਣ ਕਾਰਨ। ਫੌਜੀ ਹੀ ਤਾਂ ਪਿੰਡਾਂ ਚ ਮੁਸ਼ਕਣਾ ਸਾਬਣ, ਤੌਲੀਆ, ਪੱਕਾ ਮਿੱਠਾ ਭਾਵ ਖੰਡ, ਮੱਛਰਦਾਨੀ ਤੇ ਜੂੜੇ ਤੇ ਰੁਮਾਲ ਬੰਨ੍ਹਣ ਦਾ ਸਲੀਕਾ ਲਾ ਕੇ ਆਏ ਸਨ ਛਾਉਣੀਆਂ ਚੋਂ।
ਪਹਿਲੇ ਨਲਕੇ ਵੀ ਫੌਜੀਆਂ ਦੇ ਘਰੀਂ ਲੱਗੇ। ਪਹਿਲਾਂ ਸਾਈਕਲ ਤੇ ਤਸਮਿਆਂ ਵਾਲੇ ਬੁਟ ਵੀ ਫੌਜੀਆਂ ਦੇ ਘਰ ਹੀ ਹੁੰਦੇ ਸਨ। ਕੱਪੜਾ ਵੀ ਗਰਮ ਹੁੰਦਾ ਹੈ, ਪਹਿਲੀ ਵਾਰ ਚਾਚਾ ਜੀ ਦੇ ਸੰਦੂਕ ਚ ਪਈਆਂ ਵਰਦੀਆਂ ਤੋਂ ਪਤਾ ਲੱਗਿਆ।
ਲੋਹੇ ਦੇ ਟਰੰਕ ਵੀ ਫੌਜੀ ਹੀ ਪਿੰਡਾਂ ਚ ਲੈ ਕੇ ਆਏ ਕਾਲੇ ਰੰਗ ਵਾਲੇ। ਉੱਪਰ ਨਾਮ, ਨੰਬਰ ਤੇ ਪਲਟਣ ਦਾ ਅਤਾ ਪਤਾ ਹੁੰਦਾ।
ਪਿੰਡ ਚ ਹੌਲਦਾਰ ਦਾ ਰੁਤਬਾ ਬੁਲੰਦ ਸੀ। ਮੇਰੇ ਹੁੰਦਿਆਂ ਪਿੰਡ ਚ ਚਾਰ ਹੀ ਹੌਲਦਾਰ ਸਨ। ਮੇਰੇ ਚਾਚਾ ਜੀ ਧਿਆਨ ਸਿੰਘ, ਸਰਦਾਰ ਗੰਗਾ ਸਿੰਘ, ਚਾਚਾ ਵਰਿਆਮ ਸਿੰਘ ਤੇ ਭਾ ਜੋਗਿੰਦਰ ਸਿੰਘ। ਹੁਣ ਤਾਂ ਵੱਧ ਰੁਤਬੇ ਵਾਲੇ ਵੀ ਕਈ ਹੋਣਗੇ।
ਮੇਰੇ ਚਾਚੀ ਜੀ ਹਰਦੀਪ ਕੌਰ ਨੂੰ ਪਿੰਡ ਚ ਹੌਲਦਾਰਨੀ ਕਹਿੰਦੇ। ਨੰਦ ਲਾਲ ਨੂਰਪੁਰੀ ਜੀ ਦਾ ਗੀਤ
ਵੇ ਕੌਣ ਆਖੂ ਹੌਲਦਾਰਨੀ ਕਿਤੇ ਆਵੀਂ ਨਾ ਤੁੜਾ ਕੇ ਨਾਵਾਂ।
ਪਰਕਾਸ਼ ਕੌਰ ਦਾ ਗਾਇਆਇਹ ਗੀਤ ਜਦ ਕਦੇ ਲਾਊਡ ਸਪੀਕਰ ਤੇ ਜਾਂ ਰੇਡੀਉ ਤੇ ਲੱਗਦਾ ਕਿ ਇਹ ਮੇਰੇ ਚਾਚੀ ਜੀ ਬਾਰੇ ਹੈ।
ਗੀਤ ਪੂਰਾ ਜ਼ਬਾਨੀ ਯਾਦ ਹੈ ਮੈਨੂੰ ਬਚਪਨ ਤੋਂ ਹੀ। ਚਾਚੀ ਜੀ ਦਾ ਲਾਡਲਾ ਹੋਣ ਕਰਕੇ।
ਕੌਣ ਆਖੂ ਹੌਲਦਾਰਨੀ
ਕੌਣ ਆਖੂ ਹੌਲਦਾਰਨੀ,
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਹੌਲੀ ਜੇਹੀ ਬਾਰੀ ਖੋਲ੍ਹ ਕੇ
ਵਾਜ਼ਾਂ ਦੇਂਦੀਆਂ ਗੋਰੀਆਂ ਬਾਹਵਾਂ ।
ਇਕੋ ਪੁੱਤ ਲੰਬੜਾਂ ਦਾ
ਕੱਲ੍ਹ ਪਾ ਕੇ ਵਰਦੀਆਂ ਲੰਘਿਆ ।
ਪੈਰਾਂ ‘ਚ ਪਰੇਟ ਨੱਚਦੀ
ਉਹਦਾ ਲਾਲੀਆਂ ਨੇ ਅੰਗ ਅੰਗ ਰੰਗਿਆ ।
ਮੋਢੇ ਤੇ ਬੰਦੂਕ ਵੇਖ ਕੇ
ਵੇ ਮੈਂ ਵੈਰੀਆ ਨਿਘਰਦੀ ਜਾਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਤੇਰੇ ਤੇ ਜਵਾਨੀ ਕਹਰ ਦੀ
ਜਦੋਂ ਪਿਛਲੀ ਲੜਾਈ ਤੂੰ ਲੜਿਆ ।
ਵੱਡਾ ਸਾਹਿਬ ਦੇਵੇ ਥਾਪੀਆਂ
ਤੇਰੇ ਅੱਗੇ ਨਾ ਸ਼ੇਰ ਕੋਈ ਅੜਿਆ ।
ਚਾਈਂ ਚਾਈਂ ਛੌਣੀਆਂ ਵਿਚੋਂ
ਤੇਰਾ ਪੁਛਦੀ ਕਵਾਟਰ ਆਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਤੇਰੀਆਂ ਉਡੀਕਾਂ ਵਿਚ ਵੇ
ਚੋਰੀਂ ਪੇਕਿਆਂ ਤੋਂ ਚਿਠੀਆਂ ਮੈਂ ਪਾਈਆਂ ।
ਤੇਰੀਆਂ ਲੁਕੋ ਕੇ ਚਿੱਠੀਆਂ
ਪੜ੍ਹੀਆਂ ਬੁਲ੍ਹਾਂ ‘ਚ ਹੱਸਣ ਭਰਜਾਈਆਂ ।
ਮਿੰਨਤਾਂ ਦੇ ਨਾਲ ਮੰਗ ਕੇ,
ਵੇ ਮੈਂ ਲਖ ਲਖ ਵਾਰ ਪੜ੍ਹਾਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਇਕ ਵਾਰੀ ਲੈ ਕੇ ਛੁੱਟੀਆਂ
ਜਦੋਂ ਪਿਛਲੇ ਵਰ੍ਹੇ ਤੂੰ ਆਇਆ ।
ਹੱਥਾਂ ਉਤੇ ਲਾ ਕੇ ਮਹਿੰਦੀਆਂ
ਵੇ ਮੈਂ ਸੰਦਲੀ ਦੁਪੱਟਾ ਰੰਗਵਾਇਆ ।
ਅੱਧਾ ਅੱਧਾ ਘੁੰਡ ਕੱਢ ਕੇ
ਸੌਹਰੇ ਸਾਹਮਣੇ ਨਾ ਖੁਲ੍ਹ ਕੇ ਬੁਲਾਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਜੋਗੀਆਂ ਦੇ ਸਪ ਲੜ ਗਏ,
ਸਪ ਰੰਗੀ ਜਾਂ ਕਮੀਜ਼ ਮੈਂ ਪਾਈ ।
ਦੇਸ਼ ਬੰਗਾਲ ਦੇ ਵਿਚੋਂ
ਇਕ ਵਾਰੀ ਸੀ ਜੇਹੜੀ ਤੂੰ ਭਿਜਵਾਈ ।
ਪੁਛ ਤੂੰ ਹੀ ‘ਨੂਰਪੁਰੀ’ ਤੋਂ
ਜੇਹੜਾ ਲਿਖਦਾ ਰਹਿਆ ਸਰਨਾਵਾਂ
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ
ਯਾਦਾਂ ਨੇ ਆਣ ਘੇਰਿਆ ਹੈ ਇਸ ਤਸਵੀਰ ਨੇ। ਇਹ ਤਸਵੀਰ ਪਿਛਲੇ ਦਿਨੀਂ ਪਿੰਡ ਜਾਣ ਤੇ ਭਾ ਜੀ ਸੁਖਵੰਤ ਨੇ ਖਿਚਵਾ ਕੇ ਭੇਜੀ ਹੈ।
ਸਾਡੇ ਸ਼ਰੀਕੇ ਚ ਸਾਡੇ ਚਾਚਾ ਬੁੜ ਸਿੰਘ ਦਾ ਨਿੱਕਾ ਪੁੱਤਰ ਜਰਨੈਲ ਸੁਰਗਵਾਸ ਹੋਣ ਕਰਕੇ ਭਾਜੀ ਉਸ ਪਰਿਵਾਰ ਨਾਲ ਅਫ਼ਸੋਸ ਕਰਨ ਹੀ ਗਏ ਸਨ।
ਜਰਨੈਲ ਮੈਥੋਂ ਦੋ ਤਿੰਨ ਸਾਲ ਨਿੱਕਾ ਸੀ। ਉਸ ਦਾ ਵੱਡਾ ਵੀਰ ਚੰਨਣ ਸਿੰਘ ਮੇਰੇ ਵੱਡੇ ਭਾ ਜੀ ਦਾ ਜਮਾਤੀ ਸੀ ਤੇ ਨਿੱਕਾ ਪੁਰਨ ਪੜ੍ਹਨੇ ਹੀ ਨਹੀਂ ਸੀ ਪਿਆ। ਨਿੱਕਾ ਕਰਨੈਲ ਵੀ ਨਾ ਪੜ੍ਹਿਆ। ਪੂਰਨ ਵਾਹੀਵਾਨ ਸੀ ਤੇ ਜਰਨੈਲ ਦੇ ਦੋ ਵੱਡੇ ਵੀਰ ਚੰਨਣ ਤੇ ਕਰਨੈਲ ਫੌਜ ਚ ਚਲੇ ਗਏ ਸਨ।
ਜਰਨੈਲ ਦਾ ਨਿੱਕੇ ਹੁੰਦਿਆਂ ਨਾਮ ਸਾਡੇ ਵਾਸਤੇ ਜੈਲਾ ਸੀ। ਮੈਂ ਵੀ ਤਾਂ ਭਜਨ ਹੀ ਸਾਂ। ਬਹੁਤ ਹੁਸ਼ਿਆਰ ਸੀ ਪੜ੍ਹਨ ਨੂੰ ਉਹ। ਹੱਥਾਂ ਪੈਰਾਂ ਦਾ ਵੀ ਛੋਹਲਾ ਸੀ।
ਤਸਵੀਰ ਵਿੱਚ ਮੇਰੇ ਬਾਪੂ ਜੀ ਦੇ ਤਾਏ ਦੇ ਪੁੱਤਰ ਸਃ ਖ਼ਜ਼ਾਨ ਸਿੰਘ ਦੇ ਪੁੱਤਰ ਸਃ ਗੁਰਦਿਆਲ ਸਿੰਘ ਫੋਟੋ ਚ ਡਾਂਗ ਸਹਾਰੇ ਖੜ੍ਹੇ ਨੇ। ਮੇਰੇ ਪਰਿਵਾਰ ਚ ਉਹੀ ਸਭ ਤੋਂ ਵੱਡੇ ਨੇ। ਤਾਏ ਦੇ ਪਰਿਵਾਰ ਚੋਂ। ਪਿੰਡ ਚ ਸਾਨੂੰ ਲੰਬੜਾਂ ਦਾ ਟੱਬਰ ਕਹਿੰਦੇ ਸਨ। ਤਾਇਆ ਜੀ ਖ਼ਜ਼ਾਨ ਸਿੰਘ ਲੰਬੜਦਾਰ ਸਨ। ਪੰਜ ਛੇ ਜਮਾਤਾਂ ਪਾਸ ਸਨ। ਜੇਬ ਚ ਨਿੱਕੀ ਜਹੀ ਡਾਇਰੀ ਰੱਖਦੇ, ਚਾਚੇ ਅਨੂਪ ਸਿੰਘ ਵਾਂਗ। ਪਰ ਚਾਚਾ ਤਾਂ ਸਾਰੇ ਪਿੰਡ ਦਾ ਹੀ ਹਿਸਾਬ ਰੱਖਦਾ ਸੀ। ਕੌਣ ਕਦੋਂ ਜੰਮਿਆ? ਹੋਰ ਵੇਰਵੇ ਵੀ।
ਖੱਬੇ ਪਾਸੇ ਚਾਚੇ ਸ਼ਿੰਗਾਰ ਸਿੰਘ ਲੰਬੜਦਾਰ ਦਾ ਨਿੱਕਾ ਪੁੱਤਰ ਹਰਜੀਤ ਖੜ੍ਹਾ ਹੈ। ਜਿਸ ਤੋਂ ਵੱਡਾ ਮਨਜੀਤ ਮੇਰਾ ਸਹਿਪਾਠੀ ਸੀ ਸਕੂਲ ਚ। ਹੁਣ ਐਡਮਿੰਟਨ(ਕੈਨੇਡਾ )ਵੱਸਦਾ ਹੈ। ਉਸ ਤੋਂ ਵੱਡਾ ਸਃ ਬਲਬੀਰ ਸਿੰਘ ਮੇਰੇ ਵੱਡੇ ਭਾ ਜੀ ਦਾ ਸਹਿਪਾਠੀ ਸੀ।
ਨੀਲੀ ਪੱਗ ਵਾਲੇ ਮੇਰੇ ਵੱਡੇ ਭਾ ਜੀ ਸੁਖਵੰਤ ਦੇ ਸੱਜੇ ਪਾਸੇ ਦਿਆਲ ਚੌਂਕੀਦਾਰ ਹੈ। ਦਿਆਲ ਦਾ ਨਾਂ ਵੀ ਚਾਚੇ ਇਨਾਇਤ ਮਸੀਹ ਨੇ ਗੁਰਦਿਆਲ ਮਸੀਹ ਹੀ ਰੱਖਿਆ ਹੋਊ ਪਰ ਉਸ ਦਾ ਗੁਰ ਗਰੀਬੀ ਖਾ ਗਈ। ਉਸ ਦੀ ਮਾਂ ਚਾਚੀ ਬੰਸੋ ਵੀ ਹੋ ਸਕਦੈ ਹਰਬੰਸ ਕੌਰ ਹੀ ਹੋਵੇ ਪਰ ਉਹ ਵੀ ਸਾਰੀ ਉਮਰ ਬੰਸੋ ਹੀ ਰਹੀ।
ਚਾਚਾ ਇਨਾਇਤ ਮਸੀਹ ਭਾਵੇਂ ਪਿੰਡ ਦਾ ਚੌਂਕੀਦਾਰ ਸੀ ਪਰ ਸਾਡੇ ਘਰਾਂ ਦਾ ਚਾਚਾ ਇਨਾਇਤੋ ਹੀ ਸੀ। ਭਾਵੇਂ ਸਾਡੇ ਘਰ ਦਾ ਗੋਹਾ ਕੂੜਾ ਬੰਸੋ ਹੀ ਕਰਦੀ ਸੀ ਪਰ ਸਾਡੀ ਤਾਂ ਬਈ ਚਾਚੀ ਬੰਸੋ ਹੀ ਸੀ। ਘਰੋਂ ਸਬਕ ਹੀ ਇਹੀ ਮਿਲਿਆ ਸੀ ਕਿ ਸਭ ਨੂੰ ਚਾਚਾ ਚਾਚੀ ਜਾਂ ਤਾਇਆ ਤਾਈ ਕਹਿਣਾ ਹੈ। ਖੱਤਰੀਆਂ ਦੇ ਟੱਬਰ ਚੋਂ ਤਾਇਆ ਗਿਆਨ ਚੰਦ ਤੇ ਚਾਚਾ ਪਰਕਾਸ਼ ਚੰਦ, ਖਰਾਇਤੀ ਲਾਲ ਤੇ ਚਾਚਾ ਸਰਦਾਰੀ ਲਾਲ ਹੁਣ ਵੀ ਪਿੰਡ ਚ ਤੁਰਦੇ ਮਹਿਸੂਸ ਕਰਦਾਂ, ਭਾਵੇਂ ਸਭ ਚਲੇ ਗਏ ਨੇ।
ਦਿਆਲ ਚੌਂਕੀਦਾਰ ਮੈਥੋਂ ਇੱਕ ਸਾਲ ਅੱਗੇ ਪੜ੍ਹਦਾ ਸੀ ਪਰ ਗੁਰਬਤ ਸੁਪਨੇ ਖਾ ਗਈ। ਅੱਜ ਕਈ ਸਾਲਾਂ ਬਾਦ ਉਸ ਦੀ ਸੂਰਤ ਫੋਟੋ ਵਿੱਚ ਵੇਖੀ ਹੈ। ਮਨ ਬਹੁਤ ਪਿੱਛੇ ਚਲਾ ਗਿਆ ਹੈ। ਲਗ ਪਗ ਪਚਵੰਜਾ ਸਾਲ ਪਿੱਛੇ ਘੜੀ ਘੁੰਮ ਗਈ ਹੈ।
ਬਹੁਤ ਕੁਝ ਗੁਆਚ ਗਿਆ ਹੈ। ਪਿੰਡ ਕਵਿਤਾ ਚ ਹੀ ਸਹਿਕਦਾ ਹੈ, ਸੱਚ ਪੁੱਛੋ ਤਾਂ ਪਿੰਡ ਵੜਨ ਨੂੰ ਜੀਅ ਨਹੀਂ ਕਰਦਾ। ਫਾਸਲਾ ਬਰੁਤ ਕੁਝ ਖਾ ਗਿਆ ਹੈ। 1971 ਚ ਪਿੰਡ ਛੱਡਣ ਵੇਲੇ ਹੀ ਲੱਗਦਾ ਸੀ ਕਿ ਪਰਤਿਆ ਨਹੀਂ ਜਾਣਾ। ਸੱਚ ਹੋ ਗਿਆ ਹੈ। ਘਰ ਸਾਹਮਣੇ ਜਿੱਥੇ ਛੱਪੜ ਸੀ, ਉਥੇ ਖ਼ੂਬਸੂਰਤ ਪਾਰਕ ਹੈ। ਇਸੇ ਛੱਪੜ ਚ ਮਹੀਆਂ ਨੁਹਾਉਂਦੇ ਸਾਂ। ਪੂਛਲਾਂ ਫੜ ਫੜ ਕੇ ਤਰਦੇ ਸਾਂ। ਜੋਕਾਂ ਚੰਬੜਦੀਆਂ ਸਨ ਏਸੇ ਛੱਪੜ ਚੋ ਪਿੰਡੇ ਤੇ। ਜੋਕਾਂ ਬਾਰੇ ਸੁਣਦੇ ਸਾਂ ਕਿ ਗੰਦਾ ਖੂਨ ਹੀ ਚੁਸਦੀਆਂ ਨੇ ਪਰ ਮੁਲਕ ਨੂੰ ਚੰਬੜੀਆਂ ਜੋਕਾਂ ਤਾਂ ਸਾਰੀ ਰੱਤ ਹੀ ਪੀ ਜਾਂਦੀਆਂ ਨੇ, ਸਿਰਫ਼ ਕੰਰਗ ਬਚਦਾ ਹੈ। ਵੱਸ ਚੱਲੇ ਤਾਂ ਉਹ ਵੀ ਪੀਹ ਕੇ ਖਾ ਜਾਣ।
ਇਸੇ ਛੱਪੜ ਚੋਂ ਅਸੀਂ ਗਾਰਾ ਕੱਢ ਕੇ ਘਾਣੀ ਕਰਦੇ। ਟੋਕਰਿਆਂ ਦੋ ਟੋਕਰੇ ਭਰ ਭਰ ਕੋਠੇ ਤੇ ਚਾੜ੍ਹਦੇ। ਬਰਸਾਤਾਂ ਆਉਣ ਤੋਂ ਪਹਿਲਾਂ ਲਿੱਪਦੇ। ਕੰਧਾਂ ਦੇ ਖਲੇਪੜ ਉਤਾਰ ਕੇ ਨਵੀਂ ਪਰਤ ਚਾੜ੍ਹਦੀ ਸਾਡੀ ਸੁਚਿਆਰੀ ਮਾਂ।
ਮਾਕੋਵਾਲ ਤੋਂ ਵਿਕਣੇ ਆਇਆ ਪੋਚਾ ਪਾਟੀ ਚੁੰਨੀ ਦਾ ਪਰੋਲਾ ਬਣਾ ਕੇ ਰਸੋਈ ਤੇ ਚੁੱਲ੍ਹੇ ਚੌਂਕੇ ਚ ਫੇਰਦੀ। ਜਿੱਦਣ ਕੰਮ ਮੁੱਕਦਾ , ਬੀਬੀ ਗੁੜ ਵਾਲੇ ਚੌਲ ਰਿੰਨਦੀ। ਮੇਰੇ ਨਾਨਕੇ ਅਮੀਪੁਰ ਤੋਂ ਮਾਮੇ ਫ਼ਕੀਰ ਸਿੰਘ ਵੱਲੋਂ ਘੱਲੇ ਬਾਸਮਤੀ ਦੇ ਚੌਲ। ਪੂਰੀ ਪੱਤੀ ਚ ਮਹਿਕ ਖਿੱਲਰਦੀ। ਅਸੀਂ ਚੌਂਕੇ ਦੁਆਲੇ ਪਚਾਕੇ ਮਾਰਦੇ ਫਿਰਦੇ।
ਦੋ ਤਿੰਨ ਡੰਗ ਗੁੜ ਵਾਲੇ ਚੌਲ ਹੀ ਖਾਈ ਜਾਂਦੇ। ਪਹਿਲੇ ਡੰਗ ਘਿਉ ਮੱਖਣ ਪਾ ਕੇ, ਅਗਲੀ ਸਵੇਰ ਦਹੀਂ ਨਾਲ ਤੇ ਦੁਪਹਿਰੇ ਕਾੜ੍ਹਨੀ ਦਾ ਕੜ੍ਹਿਆ ਗੇਰੂਆ ਦੁੱਧ ਪਾ ਕੇ।
ਮੇਰੀ ਮਾਂ ਦੇ ਹੱਥਾਂ ਚ ਬੜੀ ਬਰਕਤ ਸੀ। ਉਸ ਦੀ ਦਰਿਆ ਦਿਲੀ ਦਾ ਜ਼ਿਕਰ ਮੈਂ ਆਪਣੀਂ ਕਈ ਕਵਿਤਾਵਾਂ ਚ ਕੀਤਾ ਹੈ, ਖ਼ਾਸ ਕਰਕੇ ਨੰਦੋ ਬਾਜ਼ੀਗਰਨੀ ਵਿੱਚ। ਨੰਦੋ ਮੇਰੀ ਮਾਂ ਦੀ ਪਸੰਦੀਦਾ ਕਿਰਤੀ ਔਰਤ ਸੀ। ਉਸ ਨਾਲ ਬਹੁਤ ਯਾਦਾਂ ਜੁੜੀਆਂ ਨੇ ਮੇਰੀਆਂ।
ਭਾ ਜੀ ਸੁਖਵੰਤ ਨੇ ਇੱਕ ਤਸਵੀਰ ਭੇਜ ਕੇ ਕਿੰਨਾ ਕੁਝ ਚੇਤੇ ਕਰਵਾ ਦਿੱਤਾ ਹੈ।
ਪਿੱਛੋਂ ਸੁੱਝੀਃ
ਇੱਕ ਗੱਲ ਹੋਰ ਵੀ ਦੱਸ ਦਿਆਂ। ਪਿਛਲੇ ਹਫ਼ਤੇ ਮੈਨੂੰ ਪਚਵੰਜਾ ਸਾਲ ਬਾਦ ਉਹ ਭੈਣ ਜੀ ਬਲਵਿੰਦਰ ਕੌਰ ਵੀ ਲੱਭ ਗਏ ਨੇ, ਜਿੰਨ੍ਹਾਂ ਕੋਲ ਮੈਂ 1968 ਵਿੱਚ ਨੌਵੀਂ ਜਮਾਤੇ ਪੜ੍ਹਦਾ ਸਾਂ। ਉਨ੍ਹਾਂ ਵੱਲੋਂ ਸਨੇਹ ਨਾਲ ਪੜ੍ਹਾਈ ਪੰਜਾਬੀ ਹੀ ਸੀ ਜਿਸ ਨੇ ਮੈਨੂੰ ਪੰਜਾਬੀ ਸਾਹਿੱਤ ਨਾਲ ਸਨੇਹ ਦਾ ਰਿਸ਼ਤਾ ਜੋੜਨ ਵਿੱਚ ਨੀਂਹ ਰੱਖੀ। ਕਿਵੇਂ ਦੱਸਾਂ ਕਿ ਮੈਂ ਡਾਃ ਹੀਰਾ ਸਿੰਘ ਦਾ ਕਿੰਨਾ ਸ਼ੁਕਰਗੁਜ਼ਾਰ ਹਾਂ, ਜਿਸ ਮੇਰੀ ਸਿੱਕ ਨੂੰ ਸਮਝਦਿਆਂ ਭੈਣ ਜੀ ਬਲਵਿੰਦਰ ਨਾਲ ਸ਼ਬਦ ਸਾਂਝ ਪੁਆਈ। ਭੈਣ ਜੀ ਬਟਾਲੇ ਰਹਿੰਦੇ ਨੇ, ਜਲਦੀ ਚਰਨ ਬੰਦਨਾ ਕਰਨ ਜਾਵਾਂਗਾ।
▪️