ਰਾਮਪੁਰਾ ਫੂਲ (ਮੋਹਿਤ ਜੈਨ) ਜ਼ਿਲ੍ਹੇ ਦੇ ਪਿੰਡ ਮਹਿਰਾਜ ਨੇੜੇ ਪੁਲਿਸ ਟੀਮ ‘ਤੇ ਫਾਇਰਿੰਗ ਕਰ ਕੇ ਭੱਜਣ ਵਾਲੇ ਸੇਖੋ ਗੈਂਗ ਨਾਲ ਸਬੰਧਤ ਗੈਂਗਸਟਰ ਮਨੋਜ ਕੁਮਾਰ ਉਰਫ਼ ਮੋਜੀ ਨੂੰ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਗੈਂਗਸਟਰ ਕੋਲੋਂ ਪੁਲਿਸ ਨੇ ਇਕ 32 ਬੋਰ ਦਾ ਪਿਸਤੌਲ, ਤਿੰਨ ਕਾਰਤੂਸ ਸਮੇਤ ਇਕ ਮੈਗਜ਼ੀਨ, ਤਿੰਨ ਖਾਲੀ ਖੋਲ, 32 ਬੋਰ ਦਾ ਇਕ ਦੇਸੀ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਤੋਂ ਇਲਾਵਾ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਕਾਬੂ ਕੀਤੇ ਗੈਂਗਸਟਰ ਮੋਜੀ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਹਥਿਆਰ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਹੋਣ ਦੀ ਸੰਭਾਵਨਾ ਹੈ।
ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ 12 ਜੁਲਾਈ ਨੂੰ ਥਾਣਾ ਸਿਟੀ ਰਾਮਪੁਰਾ ਦੇ ਐਸਆਈ ਅੰਮ੍ਰਿਤਪਾਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਗੈਂਗਸਟਰ ਮਨੋਜ ਕੁਮਾਰ ਉਰਫ਼ ਮੋਜੀ ਵਾਸੀ ਦਿਆਲਪੁਰਾ ਮਿਰਜ਼ਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਸੇਲਬਰਾ ਅਤੇ ਸੁਖਮੰਦਰ ਸਿੰਘ ਉਰਫ਼ ਭੂਸ਼ੀ ਵਾਸੀ ਪਿੰਡ ਸਿਧਾਣਾ ਨੇ ਮਿਲ ਕੇ ਇਕ ਗੈਂਗ ਬਣਾਇਆ ਹੋਇਆ ਹੈ ਜੋ ਹਥਿਆਰ ਦੇ ਜ਼ੋਰ ‘ਤੇ ਲੁੱਟ-ਖੋਹ ਤੇ ਡਕੈਤੀ ਆਦਿ ਕਰਦਾ ਹੈ।