ਫ਼ਤਹਿਗੜ੍ਹ ਸਾਹਿਬ, 03 ਅਗਸਤ (ਅਸ਼ਵਨੀ ਕੁਮਾਰ) : ਅਨੁਸੂਚਿਤ ਜਾਤੀ ਦੇ ਸਿਖਿਆਰਥੀਆਂ ਲਈ ਦੋ ਹਫਤੇ ਦਾ ਮੁਫਤ ਸਿਖਲਾਈ ਕੋਰਸ ਕਰਵਾਉਣ ਲਈ ਦੋ ਹਫਤੇ ਦਾ ਦੂਜਾ ਬੈਚ 14 ਅਗਸਤ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਡੇਅਰੀ ਸਿਖਲਾਈ ਕੇਂਦਰ ਬੀਜਾ ਅਤੇ ਡੇਅਰੀ ਸਿਖਲਾਈ ਕੇਂਦਰ ਚਤਾਮਲੀ ਵਿਖੇ ਟਰੇਨਿੰਗ ਦਿੱਤੀ ਜਾਵੇਗੀ।ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਦਲਬੀਰ ਕੁਮਾਰ ਨੇ ਦੱਸਿਆ ਕਿ ਸਕੀਮ ਫਾਰ ਪ੍ਰੋਮੋਸ਼ਨ ਆਫ ਡੇਅਰੀ ਫਾਰਮਿੰਗ ਐਜ ਲਿਵਲੀਹੁਡ ਫਾਰ ਐਸ.ਸੀ. ਬੈਨੀਫਿਸ਼ਰੀਜ਼ ਸਕੀਮ ਅਧੀਨ ਦਿੱਤੇ ਜਾਣ ਵਾਲੀ ਸਿਖਲਾਈ ਦੌਰਾਨ ਸਿਖਿਆਰਥੀ ਨੂੰ 3500 ਰੁਪਏ ਵਜੀਫਾ ਦਿੱਤਾ ਜਾਵੇਗਾ ਅਤੇ ਸਿਖਿਆਰਥੀਆਂ ਦੇ ਬੈਚ ਦੀ ਕਾਊਂਸਲਿੰਗ 7 ਅਗਸਤ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਕੀਤੀ ਜਾਵੇਗੀ।ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਟਰੇਨਿੰਗ ਵਿੱਚ ਭਾਗ ਲੈਣ ਵਾਲਾ ਸਿਖਿਆਰਥੀ ਅਨੁਸੂਚਿਤ ਜਾਤੀ ਨਾਲ ਸਬੰਧਤ ਅਤੇ ਪੇਂਡੂ ਖੇਤਰ ਦਾ ਵਸਨੀਕ ਹੋਣਾ ਚਾਹੀਦਾ ਹੈ। ਸਿਖਿਅਰਥੀ ਦੀ ਉਮਰ 18 ਸਾਲ ਤੋਂ ਵੱਧ ਅਤੇ 50 ਸਾਲ ਤੋਂ ਘੱਟ ਅਤੇ ਉਹ ਘੱਟੋ-ਘੱਟ 5ਵੀਂ ਜਮਾਤ ਪਾਸ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਖਲਾਈ ਲੈਣ ਦੇ ਚਾਹਵਾਨ ਸਿਖਿਆਰਥੀ ਆਪਣੀ ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਤੇ ਇੱਕ ਪਾਸਪੋਰਟ ਸਾਇਜ਼ ਫੋਟੋ ਲੈ ਕੇ ਉਨ੍ਹਾਂ ਦੇ ਦਫ਼ਤਰ ਵਿਖੇ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਟਰੇਨਿੰਗ ਦੌਰਾਨ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ-ਰਖਾਵ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੰਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 2,5 ਅਤੇ 10 ਪਸ਼ੂਆਂ ਦਾ ਯੁਨਿਟ ਬਣਾਉਣ ਤੇ 33 ਫੀਸਦੀ ਸਬਸਿਡੀ ਵੀ ਦਿੱਤੀ ਜਾਵੇਗੀ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲੈਣ ਵਾਸਤੇ ਟੈਲੀਫੋਨ ਨੰ: 01763-233334 ਜਾਂ ਮੋਬਾਇਲ ਨੰ: 81461-00543 ਤੇ ਸੰਪਰਕ ਕੀਤਾ ਜਾ ਸਕਦਾ ਹੈ।