ਸਿੱਧਵਾਂਬੇਟ, 30 ਜੁਲਾਈ ( ਵਿਕਾਸ ਮਠਾੜੂ )-ਸ਼ਰਾਬ ਦੇ ਠੇਕੇਦਾਰ ਦੇ ਮੁਲਾਜ਼ਮਾਂ ਵੱਲੋਂ ਨਜਾਇਜ਼ ਸ਼ਰਾਬ ਦੇ ਸ਼ੱਕ ਦੇ ਆਧਾਰ ’ਤੇ ਇੱਕ ਘਰ ਵਿੱਚ ਕੀਤੀ ਛਾਪੇਮਾਰੀ ਦੌਰਾਨ ਘਰ ਦੀ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਸ ’ਤੇ ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਲਾਸ਼ ਨੂੰ ਸੜਕ ’ਤੇ ਰੱਖ ਕੇ ਪ੍ਰਦਰਸ਼ਨ ਕਰਨ ’ਤੇ ਥਾਣਾ ਸਿੱਧਵਾਂਬੇਟ ’ਚ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਏਐਸਆਈ ਰਾਜਵਿੰਦਰਪਾਲ ਸਿੰਘ ਨੇ ਦੱਸਿਆ ਕਿ ਜੋਗਿੰਦਰ ਸਿੰਘ ਉਰਫ਼ ਕਾਲਾ ਵਾਸੀ ਪਿੰਡ ਅੱਬੂਪੁਰਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਅਸੀਂ ਤਿੰਨ ਭਰਾ ਅਤੇ ਇੱਕ ਭੈਣ ਹਾਂ। ਅਸੀਂ ਤਿੰਨੇ ਭਰਾ ਆਪਣੇ ਪਰਿਵਾਰ ਸਮੇਤ ਵੱਖ-ਵੱਖ ਰਹਿੰਦੇ ਹਾਂ ਅਤੇ ਮੇਰੀ ਮਾਤਾ ਕਰਤਾਰੋ ਬਾਈ ਅਤੇ ਭੈਣ ਮਨਜੀਤ ਕੌਰ ਉਰਫ਼ ਰਾਣੋ ਬਾਈ ਅਲੱਗ ਰਹਿੰਦੇ ਹਨ। ਸ਼ਰਾਬ ਦੇ ਠੇਕੇ ਦੇ ਇੰਚਾਰਜ ਇੰਦਰਜੀਤ ਸਿੰਘ ਅਤੇ ਉਸ ਦੇ ਨਾਲ ਮੌਜੂਦ ਪ੍ਰਾਈਵੇਟ ਵਿਅਕਤੀ ਅਤੇ ਆਬਕਾਰੀ ਵਿਭਾਗ, ਜੋ ਕਿ ਮੇਰੀ ਮਾਤਾ ’ਤੇ ਸ਼ਰਾਬ ਵੇਚਣ ਦੇ ਦੋਸ਼ ਲਗਾ ਕੇ ਪਹਿਲਾਂ ਵੀ ਕਈ ਵਾਰ ਸਾਡੀ ਮਾਤਾ ਦੇ ਘਰ ਛਾਪੇਮਾਰੀ ਕਰਦੇ ਸਨ। ਇੰਦਰਜੀਤ ਸਿੰਘ ਆਪਣੇ ਨਾਲ ਪ੍ਰਾਈਵੇਟ ਕਰਮਚਾਰੀ ਕੁਲਜੀਤ ਸਿੰਘ, ਰਾਜੀਵ ਸਿੰਘ ਉਰਫ ਬੱਬੂ ਵਾਸੀ ਪਿੰਡ ਬਾਗੀਆਂ ਅਤੇ ਜਰਨੈਲ ਸਿੰਘ ਵਾਸੀ ਫਤਿਹਗੜ੍ਹ ਸਿਵੀਆ ਨੂੰ ਲੈ ਕੇ ਆਇਆ ਤਾਂ ਇੰਦਰਜੀਤ ਨੇ ਉਨ੍ਹਾਂ ਨਾਲ ਮਿਲ ਕੇ ਸਾਡੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਵਿਜੇ ਸਿੰਘ ਉਰਫ ਲੱਡੂ ਆਪਣੇ ਤਿੰਨ ਚਾਰ ਸਾਥੀਆਂ ਸਮੇਤ ਸਾਡੇ ਘਰ ਦੇ ਸਾਹਮਣੇ ਖੜ੍ਹਾ ਸੀ। ਉਸ ਸਮੇਂ ਘਰ ਵਿੱਚ ਮੇਰੀ ਮਾਂ ਕਰਤਾਰੋ ਬਾਈ ਅਤੇ ਭੈਣ ਮਨਜੀਤ ਕੌਰ ਵੀ ਮੌਜੂਦ ਸਨ। ਇਸ ਦੌਰਾਨ ਇੰਦਰਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਮੇਰੀ ਮਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਸਾਡੀ ਮਾਂ ਦੀ ਤਬੀਅਤ ਅਚਾਨਕ ਵਿਗੜ ਗਈ। ਜਦੋਂ ਅਸੀਂ ਸਿੱਧਵਾਂਬੇਟ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਉਨ੍ਹਾਂ ਨੇ ਸਾਡੀ ਮਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਨ੍ਹਾਂ ਲੋਕਾਂ ਦੀਆਂ ਧਮਕੀਆਂ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਸਾਡੀ ਮਾਂ ਦੀ ਮੌਤ ਹੋ ਗਈ। ਜੋਗਿੰਦਰ ਸਿੰਘ ਉਰਫ ਕਾਲਾ ਦੇ ਬਿਆਨਾਂ ’ਤੇ ਥਾਣਾ ਸਿੱਧਵਾਂਬੇਟ ਵਿਖੇ ਠੇਕਾ ਇੰਚਾਰਜ ਇੰਦਰਜੀਤ ਸਿੰਘ, ਵਿਜੇ ਸਿੰਘ ਉਰਫ ਲੱਡੂ, ਬੰਟੀ, ਕੁਲਜੀਤ ਸਿੰਘ, ਰਾਜੀਵ ਸਿੰਘ ਉਰਫ ਬੱਬੂ ਅਤੇ ਜਰਨੈਲ ਸਿੰਘ ਵਾਸੀ ਫਤਿਹਗੜ੍ਹ ਸਿਵੀਆ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।