Home Political ਕਵਚ ਹਾਈ ਟੈਕਨੋਲੋਜੀ ਇੰਟੈਂਸੀਵ ਸਿਸਟਮ ਪੂਰੀ ਤਰ੍ਹਾਂ ਸੁਰੱਖਿਅਤ- ਰੇਲਵੇ ਮੰਤਰੀ

ਕਵਚ ਹਾਈ ਟੈਕਨੋਲੋਜੀ ਇੰਟੈਂਸੀਵ ਸਿਸਟਮ ਪੂਰੀ ਤਰ੍ਹਾਂ ਸੁਰੱਖਿਅਤ- ਰੇਲਵੇ ਮੰਤਰੀ

32
0

ਲੁਧਿਆਣਾ, 17 ਅਗਸਤ ( ਰੋਹਿਤ ਗੋਇਲ) -ਕਵਚ ਇੱਕ ਸਵਦੇਸ਼ੀ ਤੌਰ ‘ਤੇ ਵਿਕਸਤ ਆਟੋਮੈਟਿਕ ਟ੍ਰੇਨ ਪ੍ਰੋਟੈਕਸ਼ਨ (ਏਟੀਪੀ) ਸਿਸਟਮ ਹੈ। ਇਹ ਇੱਕ ਹਾਈ ਟੈਕਨੋਲੋਜੀ ਇੰਟੈਂਸੀਵ ਸਿਸਟਮ ਹੈ, ਜਿਸ ਲਈ ਉੱਚ ਪੱਧਰੀ ਸੇਫਟੀ ਸਰਟੀਫਿਕੇਸ਼ਨ ਦੀ ਲੋੜ ਹੁੰਦੀ ਹੈ।ਇਹ ਪ੍ਰਗਟਾਵਾ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਾਲ ਹੀ ਵਿੱਚ ਸੰਸਦ ਦੇ ਸੈਸ਼ਨ ਦੌਰਾਨ ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਕਵਚ ਵਿੱਚ ਆਟੋਮੈਟਿਕ ਬ੍ਰੇਕ ਸਿਸਟਮ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਕੀਤਾ।ਅਰੋੜਾ ਨੇ ਪੁੱਛਿਆ ਸੀ ਕਿ ਕੀ ਟਰੇਨ ਹਾਦਸਿਆਂ ਨੂੰ ਰੋਕਣ ਲਈ ਕਵਚ ਪ੍ਰਣਾਲੀ ਮੁਕੱਮਲ ਤੌਰ ‘ਤੇ ਸੁਰੱਖਿਅਤ ਹੈ; ਜੇਕਰ ਹਾਂ, ਤਾਂ ਸਾਰੀਆਂ ਟ੍ਰੇਨਾਂ ਵਿੱਚ ਇਸਦੀ ਵਰਤੋਂ ਵਿੱਚ ਦੇਰੀ ਦੇ ਕੀ ਕਾਰਨ ਹਨ? ਉਨ੍ਹਾਂ ਨੇ ਇੱਕੋ ਟ੍ਰੈਕ ‘ਤੇ ਦੋ ਟਰੇਨਾਂ ਦੇ ਚੱਲਣ ਦੀ ਸਥਿਤੀ ਵਿੱਚ ਆਟੋਮੈਟਿਕ ਟ੍ਰੈਕਿੰਗ ਸਿਸਟਮ ਰਾਹੀਂ ਕਵਚ ਸਿਸਟਮ ਦੀ ਵਰਤੋਂ ਕਰਕੇ ਰੇਲ ਹਾਦਸਿਆਂ ਵਿੱਚ ਕਮੀ ਦੀ ਸੰਭਾਵਨਾ ਬਾਰੇ ਵੀ ਪੁੱਛਿਆ। ਨਾਲ ਹੀ, ਕੀ ਜਾਨਵਰਾਂ ਜਾਂ ਲੋਕਾਂ ਦੇ ਰੇਲ ਪਟੜੀਆਂ ਵਿੱਚ ਦਾਖਲ ਹੋਣ ਦੀ ਸਥਿਤੀ ਵਿੱਚ ਕਵਚ ਸਿਸਟਮ ਵਿੱਚ ਆਟੋਮੈਟਿਕ ਬ੍ਰੇਕਿੰਗ ਸਿਸਟਮ ਨੂੰ ਅਪਗ੍ਰੇਡ ਕੀਤਾ ਜਾਵੇਗਾ; ਅਤੇ ਜੇਕਰ ਅਜਿਹਾ ਹੈ, ਤਾਂ ਇਸਦਾ ਰੇਲਾਂ ‘ਤੇ ਕੀ ਪ੍ਰਭਾਵ ਹੋਵੇਗਾ।ਅਰੋੜਾ ਦੇ ਅਨੁਸਾਰ, ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਕਿਹਾ ਕਿ ਕਵਚ ਲੋਕੋ ਪਾਇਲਟ ਦੀ ਅਸਫਲਤਾ ਦੀ ਸਥਿਤੀ ਵਿੱਚ ਆਟੋਮੈਟਿਕ ਬ੍ਰੇਕ ਲਗਾ ਕੇ ਨਿਰਧਾਰਿਤ ਗਤੀ ਸੀਮਾ ਦੇ ਅੰਦਰ ਰੇਲਗੱਡੀ ਚਲਾਉਣ ਵਿੱਚ ਮਦਦ ਕਰਦਾ ਹੈ ਅਤੇ ਖਰਾਬ ਮੌਸਮ ਦੌਰਾਨ ਟਰੇਨ ਨੂੰ ਸੁਰੱਖਿਅਤ ਢੰਗ ਨਾਲ ਚਲਾਉਣ ਵਿੱਚ ਮਦਦ ਕਰਦਾ ਹੈ। ਮੰਤਰੀ ਨੇ ਕਿਹਾ ਕਿ ਯਾਤਰੀ ਟਰੇਨਾਂ ‘ਤੇ ਪਹਿਲਾ ਫੀਲਡ ਟ੍ਰਾਇਲ ਫਰਵਰੀ 2016 ‘ਚ ਸ਼ੁਰੂ ਕੀਤਾ ਗਿਆ ਸੀ। ਪ੍ਰਾਪਤ ਕੀਤੇ ਤਜ਼ਰਬੇ ਅਤੇ ਤੀਜੀ ਧਿਰ (ਇੰਡਿਪੈਂਡੈਂਟ ਸੇਫਟੀ ਅਸੈਸਰ: ਆਈਐਸਏ) ਦੁਆਰਾ ਸਿਸਟਮ ਸੁਤੰਤਰ ਸੁਰੱਖਿਆ ਮੁਲਾਂਕਣ ਦੇ ਅਧਾਰ ਤੇ 2018-19 ਵਿੱਚ ਕਵਚ ਦੀ ਸਪਲਾਈ ਲਈ ਤਿੰਨ ਫਰਮਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਕਵਚ ਨੂੰ ਜੁਲਾਈ 2020 ਵਿੱਚ ਰਾਸ਼ਟਰੀ ਏਟੀਪੀ ਪ੍ਰਣਾਲੀ ਵਜੋਂ ਅਪਣਾਇਆ ਗਿਆ ਸੀ।ਅਰੋੜਾ ਨੇ ਦੱਸਿਆ ਕਿ ਮੰਤਰੀ ਨੇ ਖੁਲਾਸਾ ਕੀਤਾ ਕਿ ਕਵਚ ਹੁਣ ਤੱਕ ਦੱਖਣੀ ਮੱਧ ਰੇਲਵੇ ‘ਤੇ 1465 ਰੂਟ ਕਿਲੋਮੀਟਰ ਅਤੇ 121 ਲੋਕੋਮੋਟਿਵ (ਇਲੈਕਟ੍ਰਿਕ ਮਲਟੀਪਲ ਯੂਨਿਟ ਰੇਕ ਸਮੇਤ) ‘ਤੇ ਲਾਗੂ ਕੀਤਾ ਜਾ ਚੁੱਕਾ ਹੈ। ਦਿੱਲੀ-ਮੁੰਬਈ ਅਤੇ ਦਿੱਲੀ-ਹਾਵੜਾ ਕੋਰੀਡੋਰ (ਲਗਭਗ 3000 ਰੂਟ ਕਿਲੋਮੀਟਰ) ਲਈ ਕਵਚ ਟੈਂਡਰ ਦਿੱਤੇ ਗਏ ਹਨ ਅਤੇ ਇਨ੍ਹਾਂ ਰੂਟਾਂ ‘ਤੇ ਕੰਮ ਜਾਰੀ ਹੈ। ਭਾਰਤੀ ਰੇਲਵੇ ਹੋਰ 6000 ਰੂਟ ਕਿਲੋਮੀਟਰ ਲਈ ਡਿਟੇਲਡ ਪ੍ਰੋਜੈਕਟ ਰਿਪੋਰਟ (ਡੀਪੀਆਰ) ਅਤੇ ਡਿਟੇਲਡ ਐਸਟੀਮੇਟ ਤਿਆਰ ਕਰ ਰਿਹਾ ਹੈ। ਮੰਤਰੀ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਕਵਚ ਪ੍ਰਣਾਲੀ ਦਾ ਸਬੰਧ ਜਾਨਵਰਾਂ ਜਾਂ ਲੋਕਾਂ ਦੇ ਟਰੈਕ ਵਿੱਚ ਦਾਖਲ ਹੋਣ ਦੀ ਸਥਿਤੀ ਵਿੱਚ ਬ੍ਰੇਕ ਲਗਾਉਣ ਨਾਲ ਨਹੀਂ ਹੈ।

LEAVE A REPLY

Please enter your comment!
Please enter your name here