ਜਗਰਾਉਂ, 23 ਅਗਸਤ ( ਰਾਜੇਸ਼ ਜੈਨ, ਭਗਵਾਨ ਭੰਗੂ )-ਇਟਲੀ ਭੇਜਣ ਦੇ ਨਾਂ ’ਤੇ 8.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਜਗਰਾਉਂ ਦੇ ਹਰੀ ਸਿੰਘ ਰੋਡ ’ਤੇ ਸਥਿਤ ਨਾਰਥ ਵੇਅ ਓਵਰਸੀਜ਼ ਕੰਸਲਟੈਂਟ ਦੇ ਡਾਇਰੈਕਟਰ ਹਰਜੀਤ ਸਿੰਘ ਵਾਸੀ ਸਿੱਧਵਾਂ ਕਲਾਂ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਚੌਂਕੀ ਬੱਸ ਸਟੈਂਡ ਤੋਂ ਏ.ਐਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਵਾਸੀ ਪਿੰਡ ਰੋਲ ਤਹਿਸੀਲ ਪਾਇਲ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ ਉਸਦੇ ਭਰਾ ਹਰਸ਼ਪਿੰਦਰ ਸਿੰਘ ਨੂੰ ਇਟਲੀ ਭੇਜਣ ਦੇ ਨਾਂ ’ਤੇ ਹਰਜੀਤ ਸਿੰਘ ਸੰਚਾਲਕ ਨਾਰਥ ਵੇ ਓਵਰਸੀਜ਼ ਕੰਸਲਟੈਂਟ ਜਗਰਾਓਂ ਨੇ ਉਸ ਨਾਲ 8.50 ਲੱਖ ਰੁਪਏ ਲਏ ਅਤੇ ਉਸ ਨੇ ਜਾਅਲੀ ਵੀਜ਼ਾ ਅਤੇ ਜਾਅਲੀ ਵਰਕ ਪਰਮਿਟ ਦੇ ਕੇ ਸਾਡੇ ਨਾਲ ਠੱਗੀ ਮਾਰੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਹਰਜੀਤ ਸਿੰਘ ਨੇ ਪਹਿਲਾਂ ਉਸ ਦੇ ਭਰਾ ਹਰਸ਼ਪਿੰਦਰ ਸਿੰਘ ਦੇ ਪਾਸਪੋਰਟ ’ਤੇ ਇਟਲੀ ਦਾ ਜਾਅਲੀ ਵੀਜ਼ਾ ਅਤੇ ਵਰਕ ਪਰਮਿਟ ਲਗਾਇਆ ਸੀ। ਜਦੋਂ ਉਹ ਮੇਰੇ ਭਰਾ ਨੂੰ ਇਟਲੀ ਜਾਣ ਲਈ ਏਅਰਪੋਰਟ ਤੇ ਛੱਡਣ ਲਈ ਉਸਦੇ ਨਾਲ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਨੇ ਫਿੰਗਰ ਪਿ੍ਰੰਟ ਲਗਵਾਉਣ ਦੇ ਨਾਂ ’ਤੇ ਉਸ ਦਾ ਪਾਸਪੋਰਟ ਲੈ ਲਿਆ ਅਤੇ ਬਾਅਦ ਵਿਚ ਕਿਹਾ ਕਿ ਤੁਹਾਡਾ ਪਾਸਪੋਰਟ ਚੋਰੀ ਹੋ ਗਿਆ ਹੈ। ਉਸ ਨੇ ਸਾਨੂੰ ਪਾਸਪੋਰਟ ਨਹੀਂ ਦਿੱਤਾ। ਦਿੱਲੀ ਵਿੱਚ ਪਾਸਪੋਰਟ ਚੋਰੀ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ। ਇਸ ਤੋਂ ਬਾਅਦ ਹਰਜੀਤ ਸਿੰਘ ਨੇ ਉਸ ਨੂੰ ਦੁਬਾਰਾ ਵੀਜ਼ਾ ਲਗਵਾਉਣ ਲਈ ਕਿਹਾ। ਉਸ ਨੇ ਦੁਬਾਰਾ ਪਾਸਪੋਰਟ ਬਣਵਾ ਕੇ ਹਰਜੀਤ ਸਿੰਘ ਨੂੰ ਦੇ ਦਿੱਤਾ। ਉਸ ਸਮੇਂ ਹਰਜੀਤ ਸਿੰਘ ਨੇ ਉਸ ਨੂੰ ਦੋ ਚੈੱਕ ਵੀ ਦਿੱਤੇ ਸਨ ਅਤੇ ਕਿਹਾ ਸੀ ਕਿ ਜੇਕਰ ਉਸ ਦਾ ਵੀਜ਼ਾ ਨਹੀਂ ਲਗਵਾ ਸਕਿਆ ਤਾਂ ਤੁਸੀਂ ਚੈਕਾਂ ਰਾਹੀਂ ਆਪਣੇ ਪੈਸੇ ਕਢਵਾ ਲੈਣੇ। ਪਰ ਹਰਜੀਤ ਸਿੰਘ ਨੇ ਉਸ ਦਾ ਵੀਜ਼ਾ ਨਹੀਂ ਲਗਵਾਇਆ। ਜਦੋਂ ਅਸੀਂ ਤੈਅ ਮਿਤੀ ’ਤੇ ਚੈੱਕ ਬੈਂਕ ’ਚ ਜਮ੍ਹਾਂ ਕਰਵਾਏ ਤਾਂ ਉਹ ਵੀ ਬਾਊਂਸ ਹੋ ਗਏ। ਇਸ ਤੋਂ ਬਾਅਦ ਉਸ ਨੇ ਡੀਜੀਪੀ ਪੰਜਾਬ ਕੋਲ ਸ਼ਿਕਾਇਤ ਦਰਜ ਕਰਵਾਈ। ਉਸ ਸ਼ਿਕਾਇਤ ਦੀ ਜਾਂਚ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਡੀਐਸਪੀ ਹੈੱਡਕੁਆਰਟਰ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਐਸ ਐਸ ਪੀ ਦੇ ਨਿਰਦੇਸ਼ਾਂ ਤੇ ਹਰਜੀਤ ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ।