‘ਅਧਿਆਪਕ ਦਿਵਸ’-ਗਿੱਦੜਵਿੰਡੀ ਸਕੂਲ’ਚ ਰੱਖਿਆ ਸਮਾਗਮ
ਜਗਰਾਉਂ, 6 ਸਤੰਬਰ ( ਚਰਨਜੀਤ ਢਿੱਲੋਂ) -ਸਮਾਜ਼ ਸੇਵਾ ਨੂੰ ਸਮਰਪਿਤ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਲਾਇਨ’ਜ਼ ਕਲੱਬ ਜਗਰਾਉਂ ਵੱਲੋਂ ਵਿੱਦਿਆ ਦਾ ਦਾਨ ਵੰਡਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ਦੇ ਵਿਹੜ੍ਹੇ’ਚ ਵਿਸ਼ੇਸ ਸਮਾਗਮ ਦਾ ਪ੍ਰਬੰਧ ਕੀਤਾ ਗਿਆ।ਪਿੰਡ ਦੀ ਪੰਚਾਇਤ,ਸਕੂਲ ਪ੍ਰਬੰਧਕੀ ਕਮੇਟੀ,ਅਧਿਆਪਕਾਂ ਅਤੇ ਸਕੂਲ ਦੇ ਹੋਣਹਾਰ ਬੱਚਿਆਂ ਦੀ ਭਰਵੀਂ ਹਾਜ਼ਰੀ’ਚ ਕਲੱਬ ਪ੍ਰਧਾਨ ਲਾਇਨ ਸੁਭਾਸ਼ ਕਪੂਰ ਦੀ ਅਗਵਾਈ ਹੇਠ ਕਲੱਬ ਦੇ ਸਕੱਤਰ ਲਾਇਨ ਕੁਲਦੀਪ ਰੰਧਾਵਾ ਨੇ ਸਮਾਗਮ ਦੀ ਸ਼ੁਰੂਆਤ ਕੀਤੀ।ਕਲੱਬ ਵੱਲੋਂ ਕੀਤੀ ਚੋਣ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ,ਪੰਜਾਬੀ ਲੈਕਚਰਾਰ ਅੰਮ੍ਰਿਤਪਾਲ ਸਿੰਘ ਸਕੂਲ ਗਿੱਦੜਵਿੰਡੀ ਅਤੇ ਜਗਜੀਤ ਸਿੰਘ ਸਿੱਧਵਾਂ ਅੰਗਰੇਜ਼ੀ ਭਾਸ਼ਾ ਲੈਕਚਰਾਰ ਸੀਨੀਅਰ ਸੈਕੰਡਰੀ ਸਕੂਲ਼ ਬਰਸਾਲ ਨੂੰ ਕਲੱਬ ਵੱਲੋਂ ਲੋਈਆਂ ਅਤੇ ਸਨਮਾਨ ਚਿੰਨ ਭੇਟ ਕਰਕੇ ਉਨ੍ਹਾਂ ਦਾ ਮਾਣ-ਸਤਿਕਾਰ ਕੀਤਾ ਗਿਆ।ਇਸ ਮੌਕੇ ਬੋਲਦਿਆਂ ਕਲੱਬ ਦੇ ਪੀ.ਆਰ.ਓ ਲਾਇਨ ਚਰਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਤਿੰਨਾਂ ਅਧਿਆਪਕਾਂ ਵੱਲੋਂ ਵਿੱਦਿਆ ਦਾ ਚਾਨਣ ਵੰਡ ਬੱਚਿਆਂ ਦੀ ਸੋਚ ਨੂੰ ਸਹੀ ਪਾਸੇ ਲਗਾਉਣ ਦੇ ਉਪਰਾਲਿਆਂ ਨਾਲ-ਨਾਲ ਸਮਾਜਿਕ,ਖੇਡਾਂ,ਸੱਭਿਆਚਾਰਕ ਗਤੀਵਿਧੀਆਂ’ਚ ਪਾਏ ਵੱਡੇ ਯੋਗਦਾਨ ਦੀ ਸ਼ਲਾਘਾ ਕੀਤੀ,ਉਨਾਂ ਆਖਿਆ ਕਿ ਕਲੱਬ ਵੱਲੋਂ ਸਨਮਾਨਿਤ ਤਿੰਨੇ ਅਧਿਆਪਕ ਜਿੱਥੇ ਆਪਣੇ-ਆਪਣੇ ਖਿੱਤੇ ਦੇ ਮਾਹਿਰ ਹਨ,ੳੁੱਥੇ ਹੋਰ ਸਮਾਜਿਕ ਗਤੀਵਧੀਆਂ ਦੇ ਵੀ ਗਿਆਤਾ ਹਨ ਜਿੰਨਾਂ ਸਦਕਾ ਸਕੂਲ ਦੇ ਵਿਦਿਆਰਥੀ ਨੈਸ਼ਨਲ ਪੱਧਰ ਦੇ ਮੁਕਾਬਲਿਆਂ’ਚ ਪੈਰ ਧਰਨ ਜੋਗੇ ਹੋਏ ਹਨ।ਹੋਰਨਾ ਤੋਂ ਇਲਾਵਾ ਸਮਾਗਮ ਨੂੰ ਐਡਵੋਕੇਟ ਲਾਇਨ ਗੁਰਤੇਜ ਸਿੰਘ ਗਿੱਲ,ਲਾਇਨ ਸਤਪਾਲ ਗਰੇਵਾਲ,ਲਾਇਨ ਐਸ,ਪੀ ਸਿੰਘ,ਲਾਇਨ ਇੰਜ਼ਨਿਅਰ ਅੰਮ੍ਰਿਤ ਸਿੰਘ ਥਿੰਦ,ਲਾਇਨ ਬੀਰਿੰਦਰ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ,ਸਨਮਾਨਿਤ ਅਧਿਆਪਕਾਂ ਨੇ ਵੀ ਸ਼ਬਦਾਂ ਦੀ ਸਾਂਝ ਪਾਉਂਦਿਆਂ ਆਖਿਆ ਕਿ ਸਨਮਾਨਿਤ ਹੋਣ ਉਪਰੰਤ ਸਾਡੀਆਂ ਜੁੰਮੇਵਾਰੀਆਂ ਹੋਰ ਵੱਧ ਗਈਆਂ ਹਨ।ਇਸ ਸਮਾਗਮ ਦੌਰਾਨ ਸਤਪਾਲ ਨਿਝਾਵਨ,ਗੁਲਵੰਤ ਸਿੰਘ ਗਿੱਲ ਆਦਿ ਵਿਸ਼ੇਸ ਤੌਰ ਤੇ ਹਾਜ਼ਰ ਸਨ।