ਕੈਨੇਡਾ, 6 ਸਤੰਬਰ ( ਬਿਊਰੋ)-ਕੈਨੇਡਾ ਦੇ ਨੌਰਥ ਬੇਅ ਸ਼ਹਿਰ ਦੇ ਕੈਨਾਡੋਰ ਕਾਲਜ ਅਤੇ ਨਿਪਸਿੰਗ ਯੂਨੀਵਰਸਿਟੀ ਦੇ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ (ਸਤੰਬਰ ਇਨਟੇਕ ਦੇ 3500 ਵਿਦਿਆਰਥੀ) ਨੌਰਥ ਬੇਅ ਦੇ ਕੈਨਾਡੋਰ ਕਾਲਜ ਅਤੇ ਨਿਪਸਿੰਗ ਯੂਨੀਵਰਸਿਟੀ ਪੜ੍ਹਨ ਆਏ। ਯੂਨੀਵਰਸਿਟੀ ਨੇ ਈਮੇਲ ਰਾਹੀਂ ਵਿਦਿਆਰਥੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਰਿਹਾਇਸ਼ ਮੁਹੱਈਆ ਕਰਵਾਉਣਗੇ ਪਰ ਇੱਥੇ ਆਉਣ ਤੇ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਸਾਰੇ ਕਮਰੇ ਪਹਿਲਾਂ ਹੀ ਭਰ ਚੁੱਕੇ ਹਨ। ਵਿਦਿਆਰਥੀ ਮੋਟਲਾਂ ਵਿੱਚ $140 ਤੋਂ ਲੈ ਕੇ $200 ਤੱਕ ਇੱਕ ਰਾਤ ਦਾ ਕਿਰਾਇਆ ਭਰਨ ਲਈ ਮਜਬੂਰ ਹਨ। ਇਹ ਰਿਹਾਇਸ਼ ਵੀ ਆਰਜ਼ੀ ਹੈ। ਜਿਹੜੇ ਵਿਦਿਆਰਥੀ ਬਰੈਂਪਟਨ ਤੋਂ ਟੈਕਸੀਆਂ ਰਾਹੀਂ ਰੋਜ਼ਾਨਾ ਆ ਜਾ ਰਹੇ ਹਨ ਉਹ ਪ੍ਰਤੀ ਵਿਅਕਤੀ $120 ਤੋਂ ਲੈ ਕੇ $140 ਤੱਕ ਭਾੜਾ ਦੇ ਰਹੇ ਹਨ। ਅੱਜ ‘ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਵੱਲੋਂ 100 ਦੇ ਕਰੀਬ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਮਸਲੇ ਸੁਣੇ ਅਤੇ ਵਿਚਾਰੇ ਗਏ। ਮਾਇਸੋ ਦੇ ਆਗੂ ਖੁਸ਼ਪਾਲ ਗਰੇਵਾਲ, ਹਰਿੰਦਰ ਮਹਿਰੋਕ ਅਤੇ ਮਨਦੀਪ ਨੇ ਦੱਸਿਆ ਕਿ ਉਹ ਮੰਗ ਕਰਦੇ ਹਨ ਕਿ ਸਾਰੇ ਵਿਦਿਆਰਥੀਆਂ ਨੂੰ ਸਸਤੀਆਂ ਕੀਮਤਾਂ ‘ਤੇ ਰਿਹਾਇਸ਼ ਮੁਹੱਈਆ ਕਰਵਾਈ ਜਾਵੇ ਨਹੀਂ ਤਾਂ ਉਹਨਾਂ ਦੀ ਪੜ੍ਹਾਈ ਆੱਨਲਾਈਨ ਕੀਤੀ ਜਾਵੇ। ਇਹਦੇ ਨਾਲ ਹੀ ਜਿਹੜਾ ਆਈ ਆਰ ਸੀ ਸੀ ਦਾ ਵਰਕ ਪਰਮਿਟ ਲਈ 50% ਕਾਲਜ ‘ਚ ਮੌਜੂਦ ਰਹਿ ਕੇ ਹਾਜ਼ਰੀ ਵਾਲਾ ਨਿਯਮ ਹੈ, ਤੋਂ ਇਹਨਾਂ ਨੂੰ ਛੋਟ ਦਿੱਤੀ ਜਾਵੇ ਜਾਂ ਜਿਹੜੇ ਹੋਰ ਇਸ ਕਾਲਜ ਜਾਂ ਯੂਨੀਵਰਸਿਟੀ ਦੇ ਕੈਂਪਸ ਹਨ ਤਾਂ ਇਹਨਾਂ ਵਿਦਿਆਰਥੀਆਂ ਦੀ ਉੱਥੇ ਬਦਲੀ ਕੀਤੀ ਜਾਵੇ। ਜਾਂ ਵਿਦਿਆਰਥੀਆਂ ਨੂੰ ਪੂਰੀ ਫੀਸ ਵਾਪਸ ਕੀਤੀ ਜਾਵੇ ਤਾਂ ਕਿ ਉਹ ਸਮਾਂ ਰਹਿੰਦੇ ਹੋਰ ਕਿਸੇ ਕਾਲਜ ਵਿੱਚ ਦਾਖਲਾ ਲੈ ਸਕਣ। ਆਗੂਆਂ ਕਿਹਾ ਕਿ ਮਹਿੰਗਾਈ ਤੇ ਆਰਥਿਕ ਵਿੱਤੀ ਸੰਕਟ ਕਰਕੇ ਕੈਨੇਡਾ ਅੰਦਰ ਨੌਕਰੀਆਂ ਦੇ ਮੌਕੇ ਸੁੰਗੜ ਰਹੇ ਹਨ, ਲੋਕਾਂ ਦੀ ਆਮਦਨ ਘੱਟ ਰਹੀ ਹੈ ਤੇ ਖ਼ਰਚੇ ਵੱਧ ਰਹੇ ਹਨ। ਅਜਿਹੀ ਨਾਜੁਕ ਹਾਲਤ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਜੋ ਪਹਿਲਾਂ ਹੀ ਲੱਖਾਂ ਰੁਪਏ ਫੀਸਾਂ ਅਦਾ ਕਰ ਚੁੱਕੇ ਹਨ, ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ।
ਵਿਦਿਆਰਥੀ ਮੰਗਾਂ ਨੂੰ ਲੈ ਕੇ ਮਾਈਸੋ ਦੇ ਆਗੂ ਵਿਦਿਆਰਥੀਆਂ ਸਮੇਤ ਕਾਲਜ ਮੈਨਜਮੈਂਟ ਨੂੰ ਮਿਲੇ। ਪਹਿਲਾਂ ਤਾਂ ਵਾਈਸ ਪ੍ਰੈਂਜੀਡੈਂਟ ਅਤੇ ਡਾਈਰੈਕਟਰ ਮਾਈਸੋ ਦੇ ਆਗੂਆਂ ਨੂੰ ਕਾਲਜ ਅੰਦਰ ਕੱਲਿਆਂ ਮਿਲਣਾ ਚਾਹੁੰਦੇ ਸੀ, ਪਰ ਜਥੇਬੰਦੀ ਦੇ ਆਗੂਆਂ ਨੇ ਸਾਰੇ ਵਿਦਿਆਰਥੀਆਂ ਸਾਹਮਣੇ ਬਾਹਰ ਆ ਕੇ ਹੀ ਗੱਲਬਾਤ ਕਰਨ ਲਈ ਕਿਹਾ ਜਿੱਥੇ ਉਹਨਾਂ ਭਰੋਸਾ ਦਿਵਾਇਆ ਕਿ ਉਹ ਰਿਹਾਇਸ਼ ਦਾ ਪ੍ਰਬੰਧ ਕਰਨਗੇ ਪਰ ਆਗੂਆਂ ਨੇ ਕਿਹਾ ਕਿ ਕਾਲਜ ਰਿਹਾਇਸ ਦੇਣ ਦੇ ਸਮੱਰਥਾ ਹੀ ਨਹੀਂ। ਕਾਲਜ ਪ੍ਰਬੰਧਕ ਵਿਰੋਧ ਪ੍ਰਦਰਸ਼ਨ ਤੋਂ ਵੀ ਰੋਕ ਰਹੇ ਸਨ ਪਰ ਵਿਦਿਆਰਥੀਆਂ ਨੇ ਕਿਹਾ ਇਹ ਸਾਡਾ ਮੁਢਲਾ ਅਧਿਕਾਰ ਹੈ। ਵਿਦਿਆਰਥੀਆ ਦੀ ਨੌਂ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਤੇ ਵਿਦਿਆਰਥੀਆਂ ਨੇ ਪੱਕਾ ਟੈਂਟ ਗੱਡ ਕੇ ਅਗਲੇ ਸੰਘਰਸ਼ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਮਾਇਸੋ ਨੇ ਪੱਕੇ ਮੋਰਚੇ ਨੂੰ ਸਫਲ ਬਣਾਉਣ ਲਈ ਭਰਾਤਰੀ ਜਥੇਬੰਦੀਆਂ, ਹੋਰ ਸਮਾਜਿਕ ਜਥੇਬੰਦੀਆਂ, ਇਨਸਾਫਪਸੰਦ ਲੋਕਾਂ ਅਤੇ ਵਿਦਿਆਰਥੀਆਂ ਨੂੰ ਇਸ ਮੋਰਚੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।