ਮੋਗਾ, 18 ਮਈ ( ਅਸ਼ਵਨੀ)-ਜ਼ਿਲ੍ਹਾ ਮੋਗਾ ਵਿੱਚ ਕਿਸੇ ਵੀ ਯੋਗ ਦਿਵਿਆਂਗ ਵਿਅਕਤੀ ਨੂੰ ਯੂ.ਡੀ.ਆਈ.ਡੀ. ਕਾਰਡ ਦੇ ਹੱਕ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ ਕਿਉਂਕਿ ਇਸ ਕਾਰਡ ਜਰੀਏ ਹੀ ਦਿਵਿਆਂਗ ਵਿਅਕਤੀਆਂ ਨੂੰ ਸਰਕਾਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਕੀਤਾ। ਉਹ ਅੱਜ ਸਥਾਨਕ ਮੀਟਿੰਗ ਹਾਲ ਵਿਖੇ ਯੂ.ਡੀ.ਆਈ.ਡੀ. ਪ੍ਰੋਜੈਕਟ ਨਾਲ ਸਬੰਧਤ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕਰ ਰਹੇ ਸਨ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਕਿਰਤਪ੍ਰੀਤ ਕੌਰ, ਸਿਵਲ ਸਰਜਨ ਮੋਗਾ ਡਾ ਰਾਜੇਸ਼ ਕੁਮਾਰ ਤੋਂ ਇਲਾਵਾ ਸੇਵਾ ਕੇਂਦਰ ਦੇ ਨੁੰਮਾਇਦੇ ਵੀ ਹਾਜ਼ਰ ਸਨ।
ਕੁਲਵੰਤ ਸਿੰਘ ਨੇ ਪੋਰਟਲ ਉਪਰ ਲੰਬਿਤ ਪਏ ਯੂ ਡੀ ਆਈ ਡੀ ਕਾਰਡਾਂ ਦੇ ਕੇਸਾਂ ਦਾ ਰੀਵਿਊ ਕੀਤਾ ਅਤੇ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੰਬਿਤ ਪਈਆਂ ਅਰਜ਼ੀਆਂ ਦਾ ਘੱਟ ਤੋਂ ਘੱਟ ਸਮੇਂ ਵਿੱਚ ਨਿਪਟਾਰਾ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ। ਇਸ ਪ੍ਰੋਜੈਕਟ ਤਹਿਤ ਦਿਵਿਆਂਗ ਵਿਅਕਤੀਆਂ ਨੂੰ http://www.swavlambancard.gov.in/ ਪੋਰਟਲ ‘ਤੇ ਵੀ ਰਜਿਸਟਰਡ ਕਰਵਾਇਆ ਜਾ ਰਿਹਾ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਕਿਰਤਪ੍ਰੀਤ ਕੌਰ ਨੇ ਦੱਸਿਆ ਕਿ ਪੋਰਟਲ ਉਪਰ ਲੰਬਿਤ ਪਈਆਂ ਅਰਜ਼ੀਆਂ ਵਿਚੋਂ ਬਹੁਤੇ ਕੇਸ ਅਜਿਹੇ ਹਨ ਜਿਹੜੇ ਸਪੈਸ਼ਲਿਸਟ ਨੂੰ ਰੈਫਰ ਤਾਂ ਹੋ ਚੁੱਕੇ ਹਨ ਪ੍ਰੰਤੂ ਲਾਭਪਾਤਰੀ ਵੱਲੋਂ ਪ੍ਰਕਿਰਿਆਂ ਪੂਰੀ ਕਰਵਾਉਣ ਲਈ ਹਸਪਤਾਲ ਵਿੱਚ ਪਹੁੰਚ ਨਹੀਂ ਕੀਤੀ ਜਾ ਰਹੀ। ਡਿਪਟੀ ਕਮਿਸ਼ਨਰ ਨੇ ਅਜਿਹੇ ਕੇਸਾਂ ਵਾਲੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣੇ ਅਧੂਰੇ ਪ੍ਰੋਸੈਸ ਨੂੰ ਪੂਰਾ ਕਰਵਾਉਣ ਲਈ ਸਪੈਸ਼ਲਿਸਟ ਨਾਲ ਰਾਬਤਾ ਕਾਇਮ ਕਰਨ।ਡਿਪਟੀ ਕਮਿਸ਼ਨਰ ਵੱਲੋਂ ਸਿਵਲ ਸਰਜਨ ਨੂੰ ਵੀ ਹਦਾਇਤ ਜਾਰੀ ਕੀਤੀ ਕਿ ਅਜਿਹੇ ਦਿਵਿਆਂਗਜਨਾ ਨੂੰ ਫੋਨ ਰਾਹੀਂ ਵੀ ਸੂਚਿਤ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਵਿਭਾਗਾਂ ਨੂੰ ਦੱਸਿਆ ਕਿ ਪਹਿਲਾਂ ਪੋਰਟਲ ਉਪਰ ਲੰਬਿਤ ਕੇਸਾਂ ਵਾਲੇ ਦਿਵਿਆਂਗਜਨਾ ਲਾਈ ਢੁਕਵੇਂ ਕੈਂਪ ਲਗਾਏ ਜਾਣਗੇ, ਜਿਸ ਸਬੰਧੀ ਕੈਂਪਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹਨਾਂ ਲੰਬਿਤ ਕੇਸਾਂ ਨੂੰ ਮਿਸ਼ਨ ਮੋਡ ਰਾਹੀਂ ਹੱਲ ਕੀਤਾ ਜਾਵੇਗਾ।ਜਿਕਰਜੋਗ ਹੈ ਕਿ ਜ਼ਿਲ੍ਹਾ ਮੋਗਾ ਨਾਲ ਸੰਬੰਧਿਤ 3451ਲਾਭਪਾਤਰੀਆਂ ਦੀਆਂ ਅਰਜ਼ੀਆਂ ਪੋਰਟਲ ਉਪਰ ਲੰਬਿਤ ਪਈਆਂ ਹਨ।