ਮੁਕਤਸਰ,, 10 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ)-: ਪਿੰਡ ਬਰੀਵਾਲਾ ’ਚ ਸਹੁਰਾ ਪਰਿਵਾਰ ਵੱਲੋਂ ਕੁਹਾੜੀ ਤੇ ਰੰਬਾ ਮਾਰ ਕੇ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮਿ੍ਤਕਾ ਸਰਬਜੀਤ ਕੌਰ 36 ਜੋ ਕਿ ਜਸਵੀਰ ਸਿੰਘ ਨਾਲ ਵਿਆਹੀ ਹੋਈ ਸੀ, ਜਿਸ ਦੇ ਇਕ ਪੰਦਰਾਂ ਸਾਲ ਦਾ ਲੜਕਾ ਹੈ। ਐਤਵਾਰ ਨੂੰ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਸਰਬਜੀਤ ਕੌਰ ਦਾ ਕਤਲ ਕਰ ਦਿੱਤਾ ਗਿਆ, ਜਿਸਦੀ ਲਾਸ਼ ਵਿਹੜੇ ’ਚ ਖੂਨ ਨਾਲ ਲਥਪਥ ਪਈ ਸੀ। ਓਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਅਮਰਜੀਤ ਸਿੰਘ ਤੇ ਥਾਣਾ ਬਰੀਵਾਲਾ ਦੇ ਐਸਐਚਓ ਮੌਕੇ ‘ਤੇ ਪੁੱਜ ਗਏ ਜਿਨ੍ਹਾਂ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ ਹੈ।ਮਿ੍ਤਕਾ ਦੇ ਪਿਤਾ ਭਰਪੂਰ ਸਿੰਘ ਵਾਸੀ ਬਠਿੰਡਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਸਰਬਜੀਤ ਕੌਰ ਦਾ ਸਹੁਰਾ ਪਰਿਵਾਰ ਅਕਸਰ ਹੀ ਉਸ ਨਾਲ ਲੜਦਾ ਝਗੜਦਾ ਰਹਿੰਦਾ ਸੀ ਤੇ ਐਤਵਾਰ ਨੂੰ ਸਵੇਰੇ ਉਸਦੇ ਪਤੀ ਜਸਵੀਰ ਸਿੰਘ, ਸੱਸ ਰਾਜਵਿੰਦਰ ਕੌਰ ਤੇ ਸਹੁਰਾ ਸੁਖਦੇਵ ਸਿੰਘ ਨੇ ਮਿਲਕੇ ਉਸਦੀ ਬੇਟੀ ਦਾ ਕੁਹਾੜੀ ਤੇ ਰੰਬਾ ਮਾਰ ਕੇ ਕਤਲ ਕਰ ਦਿੱਤਾ। ਸਰਬਜੀਤ ਕੌਰ ਦੇ ਪੇਕਾ ਪਰਿਵਾਰ ਦੇ ਮੈਂਬਰਾਂ ਵੱਲੋਂ ਮ੍ਰਿਤਕਾ ਦੀ ਸੱਸ, ਸਹੁਰੇ ਤੇ ਪਤੀ ’ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਤਿੰਨਾਂ ਨੇ ਮਿਲਕੇ ਉਨ੍ਹਾਂ ਦੀ ਲੜਕੀ ਦਾ ਕਤਲ ਕੀਤਾ ਹੈ। ਉਨ੍ਹਾਂ ਵੱਲੋਂ ਇਹ ਵੀ ਦੋਸ਼ ਲਗਾਏ ਜਾ ਰਹੇ ਹਨ ਕਿ ਸਹੁਰਾ ਪਰਿਵਾਰ ਉਨ੍ਹਾਂ ਦੀ ਬੇਟੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ। ਥਾਣਾ ਬਰੀਵਾਲਾ ਪੁਲਿਸ ਵੱਲੋਂ ਮ੍ਰਿਤਕਾ ਦੇ ਪਿਤਾ ਭਰਪੂਰ ਸਿੰਘ ਦੇ ਬਿਆਨਾਂ ’ਤੇ ਜਸਵੀਰ ਸਿੰਘ, ਰਾਜਵਿੰਦਰ ਕੌਰ ਤੇ ਸੁਖਦੇਵ ਸਿੰਘ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ਼ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।