ਫਰੀਦਕੋਟ (ਸੁਨੀਲ ਸੇਠੀ-ਅਨਿੱਲ ਕੁਮਾਰ) ਭਾਨ ਸਿੰਘ ਕਾਲੋਨੀ ਦੇ ਵਸਨੀਕ 70 ਸਾਲਾ ਵਿਅਕਤੀ ਨਿਰਮਲ ਸਿੰਘ ਦੀ ਜਹਾਜ਼ ਗਰਾਊਂਡ ਦੇ ਜੰਗਲੀ ਇਲਾਕੇ ਵਿਚੋਂ ਭੇਤਭਰੇ ਹਾਲਤ ਵਿਚ ਲਾਸ਼ ਮਿਲੀ ਹੈ। ਭਾਵੇਂ ਕੋਆਪ੍ਰਟਿਵ ਸੁਸਾਇਟੀ ਵਿਚ ਬਤੌਰ ਇੰਸਪੈਕਟਰ ਵਜੋਂ ਸੇਵਾਮੁਕਤ ਹੋਏ ਨਿਰਮਲ ਸਿੰਘ ਦੀ ਸਿਰ ਵਿਚ ਗੋਲੀ ਵੱਜੀ ਹੋਈ ਹੈ ਅਤੇ ਲਾਇਸੈਂਸੀ ਪਿਸਤੌਲ ਵੀ ਲਾਸ਼ ਦੇ ਨੇੜੇ ਪਿਆ ਹੈ ਤੇ ਪਹਿਲੀ ਨਜ਼ਰੇ ਮਾਮਲਾ ਆਤਮਹੱਤਿਆ ਦਾ ਮੰਨਿਆ ਜਾ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਐਗਲਾਂ ’ਤੇ ਕੰਮ ਕਰਦਿਆਂ ਕਤਲ ਨਾਲ ਵੀ ਉਕਤ ਮਾਮਲੇ ਨੂੰ ਜੋੜ ਕੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਨਿਰਮਲ ਸਿੰਘ ਦੇ ਬੇਟਾ-ਬੇਟੀ ਵਿਦੇਸ਼ ਵਿਚ ਰਹਿੰਦੇ ਹਨ ਤੇ ਉਹ ਪਤਨੀ ਸਮੇਤ ਇਕੱਲਾ ਹੀ ਘਰ ਵਿਚ ਰਹਿ ਰਿਹਾ ਸੀ। ਪੁਲਿਸ ਮੁਤਾਬਕ ਮੌਕੇ ’ਤੇ ਮਿ੍ਰਤਕ ਦਾ ਮੋਬਾਈਲ ਫੋਨ ਨਾ ਮਿਲਣ ਸਬੰਧੀ ਵੀ ਕਈ ਖ਼ਦਸ਼ੇ ਖੜ੍ਹੇ ਹੋ ਰਹੇ ਹਨ। ਪੁਲਿਸ ਨੇ ਖੋਜੀ ਕੁੱਤਿਆਂ ਅਤੇ ਫੋਰੈਂਸਿਕ ਲੈਬ ਦੇ ਮਾਹਰਾਂ ਨੂੰ ਬੁਲਾ ਕੇ ਟੀਮ ਸਮੇਤ ਸਾਰੇ ਤੱਥ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਲਾਸ਼ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਭੇਜ ਦਿੱਤੀ ਗਈ ਹੈ। ਥਾਣਾ ਮੁਖੀ ਜਸਵੰਤ ਸਿੰਘ ਨੇ ਦੱਸਿਆ ਕਿ ਜੇ ਮਾਮਲਾ ਆਤਮਹੱਤਿਆ ਜਾਂ ਕਤਲ ਦਾ ਸਾਹਮਣੇ ਆਇਆ ਤਾਂ ਇਸ ਬਾਰੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਪਤਾ ਲੱਗੇਗਾ ਪਰ ਫਿਲਹਾਲ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।