ਚੰਡੀਗੜ੍ਹ, 12 ਅਕਤੂਬਰ ( ਅਨਿਲ ਕੁਮਾਰ, ਸੰਜੀਵ ਗੋਇਲ) -ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਆਪਣੇ ਦਫਤਰ ਵਿਚ ਇਕ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਆਦੇਸ਼ ਦਿੱਤੇ ਕਿ ਪਿੰਡਾਂ ਵਿਚ ਸਾਫ ਤੇ ਸ਼ੁੱਧ ਪਾਣੀ ਦੀ ਸਪਲਾਈ ਲਈ ਜਿੰਨੇ ਵੀ ਪ੍ਰੋਜੈਕਟ ਚੱਲ ਰਹੇ ਹਨ ਉਨ੍ਹਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ। ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਯਤਨਸ਼ੀਲ ਹੈ ਅਤੇ ਇਸ ਮਕਸਦ ਲਈ ਪਿੰਡਾਂ ਨੂੰ ਸਾਰੀਆਂ ਸਹੂਲਤਾਂ ਪਹਿਲ ਦੇ ਆਧਾਰ ‘ਤੇ ਦਿੱਤੀਆਂ ਜਾਣ।
ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਇਸ ਸਮੇਂ 15 ਸਰਫੇਸ ਵਾਟਰ ਪ੍ਰੋਜੈਕਟ ਚੱਲ ਰਹੇ ਹਨ ਜਿਨ੍ਹਾਂ ਦੇ ਮੁਕੰਮਲ ਹੋਣ ਨਾਲ 1718 ਪਿੰਡਾਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਮੁਹੱਈਆ ਹੋ ਜਾਵੇਗੀ। ਜਿੰਪਾ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਹੈ ਅਤੇ ਕੁਝ ਪਿੰਡ ਕੰਢੀ ਖੇਤਰ ਵਿੱਚ ਵੀ ਪੈਂਦੇ ਹਨ। ਇਸ ਲਈ ਇਨ੍ਹਾਂ ਪਿੰਡਾਂ ਵਿੱਚ ਨਹਿਰੀ ਪਾਣੀ ਦਾ ਸ਼ੁੱਧੀਕਰਨ ਕਰਕੇ ਟ੍ਰੀਟਮੈਂਟ ਪਲਾਂਟ ਤੋਂ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ।
ਜਿੰਪਾ ਨੇ ਦੱਸਿਆ ਕਿ ਇਨ੍ਹਾਂ 15 ਪ੍ਰੋਜੈਕਟਾਂ ਵਿਚੋਂ ਜ਼ਿਲ੍ਹਾ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿਚ 3 ਪ੍ਰੋਜੈਕਟ ਮੰਡੋਲੀ ਪਾਬਰਾ, ਭਵਰਾ ਅਤੇ ਨਾਨੋਵਾਲ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ 318 ਕਰੋੜ ਰੁਪਏ ਹੈ ਅਤੇ ਇਨ੍ਹਾਂ ਪ੍ਰੋਜੈਕਟਾਂ ਰਾਹੀਂ 408 ਪਿੰਡਾਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਇਹ ਪ੍ਰੋਜੈਕਟ ਫਰਵਰੀ 2024 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਅਨੰਦਪੁਰ ਸਾਹਿਬ ਵਿਚ 1 ਪ੍ਰਜੋਕੈਟ ਦਾ ਕੰਮ ਪ੍ਰਗਤੀ ਅਧੀਨ ਹੈ, ਜਿਸ ਵਿੱਚ 38.98 ਕਰੋੜ ਰੁਪਏ ਲਾਗਤ ਨਾਲ 67 ਪਿੰਡਾਂ ਨੂੰ ਸ਼ੁੱਧ ਪਾਣੀ ਮਿਲੇਗਾ। ਜਿੰਪਾ ਨੇ ਜ਼ਿਲ੍ਹਾ ਫਾਜ਼ਿਲਕਾ ਅਧੀਨ 2 ਅਤੇ ਜ਼ਿਲ੍ਹਾ ਫਿਰੋਜ਼ਪੁਰ ਅਧੀਨ 1 ਪ੍ਰਜੋਕੈਟ ਦੇ ਕੰਮਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਇਨ੍ਹਾਂ ਵਿੱਚ 554.25 ਕਰੋੜ ਰੁਪਏ ਦੀ ਲਾਗਤ ਨਾਲ 436 ਪਿੰਡਾਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਦਿੱਤੀ ਜਾਣੀ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਅਧੀਨ ਚੱਲ ਰਹੇ 8 ਸਰਫੇਸ ਵਾਟਰ ਪ੍ਰਜੋਕੈਟਾਂ ਦੇ ਕੰਮਾਂ ਦੀ ਸਮੀਖਿਆ ਕੀਤੀ ਗਈ। ਜਿੰਪਾ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਵਾਉਣ ਦੇ ਆਦੇਸ਼ ਦਿੱਤੇ।
ਜਲ ਸਪਲਾਈ ਮੰਤਰੀ ਨੇ ਇਨ੍ਹਾਂ ਪ੍ਰੋਜੈਕਟਾਂ ਲਈ ਵੱਖ-ਵੱਖ ਵਿਭਾਗਾਂ ਪਾਸੋਂ ਐਨ.ਓ.ਸੀ. ਨਾਲ ਸਬੰਧਤ ਕੇਸਾਂ ਨੂੰ ਵੀ ਰਿਵੀਊ ਕੀਤਾ। ਮੀਟਿੰਗ ਵਿੱਚ ਜੇ.ਜੇ. ਗੋਇਲ, ਮੁੱਖ ਇੰਜੀਨੀਅਰ (ਪੀ.ਡੀ.ਕਿਊ.ਏ), ਆਰ. ਕੇ. ਖੋਸਲਾ, ਮੁੱਖ ਇੰਜੀਨੀਅਰ (ਸੈਂਟਰਲ), ਜੇ.ਐਸ. ਚਹਿਲ, ਮੁੱਖ ਇੰਜੀਨੀਅਰ (ਦੱਖਣ) ਅਤੇ ਜਸਬੀਰ ਸਿੰਘ ਮੁੱਖ ਇੰਜੀਨੀਅਰ (ਉੱਤਰ) ਤੇ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।