ਚੰਡੀਗੜ੍ਹ, 20 ਅਕਤੂਬਰ ( ਭਗਵਾਨ ਭੰਗੂ) ਕੈਨੇਡਾ ਅਤੇ ਭਾਰਤ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ। ਇਸ ਦੌਰਾਨ ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਵੱਡੇ ਝਟਕੇ ਵਾਲੀ ਖਬਰ ਸਾਹਮਣੇ ਆਈ ਹੈ।ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਇਹ ਖ਼ਬਰ ਮਾੜੀ ਖ਼ਬਰ ਹੈ। ਵਧਦੇ ਤਣਾਅ ਵਿਚਕਾਰ ਕੈਨੇਡਾ ਨੇ ਭਾਰਤ ਤੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ। ਕੈਨੇਡਾ ਨੇ ਚੰਡੀਗੜ੍ਹ ਵਿਖੇ ਵਿਅਕਤੀਗਤ ਕੌਂਸਲਰ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ।ਟਾਇਮਜ ਆਫ਼ ਇੰਡੀਆ ਦੀ ਖ਼ਬਰ ਅਨੁਸਾਰ, ਵੀਜ਼ਾ ਲੈਣ ਵਾਲੇ ਲੋਕਾਂ ਨੂੰ ਹੁਣ ਵੀਜ਼ਾ ਪ੍ਰੋਸੈਸਿੰਗ ਕਰਵਾਉਣ ਲਈ ਦਿੱਲੀ ਜਾਣਾ ਪਵੇਗਾ।ਜਿਕਰਯੋਗ ਹੈ ਕਿ ਭਾਰਤ ਨੇ ਕਰੀਬ ਇੱਕ ਮਹੀਨਾ ਪਹਿਲਾਂ ਕੈਨੇਡਾ ਵਿੱਚ ਵੀਜ਼ਾ ਪ੍ਰਕਿਰਿਆ ਨੂੰ ਮੁਅੱਤਲ ਕਰ ਦਿੱਤਾ ਸੀ। ਕੈਨੇਡਾ ਨੇ ਚੰਡੀਗੜ੍ਹ ਦੇ ਨਾਲ-ਨਾਲ ਬੈਂਗਲੁਰੂ ਅਤੇ ਮੁੰਬਈ ਵਿੱਚ ਵੀ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। 19 ਅਕਤੂਬਰ ਨੂੰ ਅਪਡੇਟ ਕੀਤੀ ਗਈ ਭਾਰਤ ਲਈ ਆਪਣੀ ਯਾਤਰਾ ਅਡਵਾਈਜਰੀ ਅਨੁਸਾਰ ਕੈਨੇਡਾ ਵੱਲੋਂ ਕਿਹਾ ਗਿਆ ਕਿ ਕੈਨੇਡਾ ਅਤੇ ਭਾਰਤ ਵਿੱਚ ਤਣਾਅ ਦਰਮਿਆਨ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਕੈਨੇਡਾ ਪ੍ਰਤੀ ਵਿਰੋਧ ਅਤੇ ਕੁਝ ਨਕਾਰਾਤਮਕ ਭਾਵਨਾਵਾਂ ਸਾਹਮਣੇ ਆਈਆਂ ਹਨ।