ਪੰਜਾਬ ’ਚ ਚੱਲ ਰਹੇ ਐੱਸ.ਵਾਈ.ਐੱਲ ਨਹਿਰ ਦੇ ਮੁੱਦੇ ’ਤੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਇੱਕ-ਦੂਜੇ ਤੇ ਨਿਸ਼ਾਨੇ ਸਾਧ ਕੇ ਇਕ ਦੂਸਰੇ ਨੂੰ ਸਹੀ ਗਲਤ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਿਆਨਬਾਜ਼ੀ ਵਿਚ ਇਸ ਸਮੇਂ ਸਭ ਤੋਂ ਵੱਧ ਲੋਕ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਇਸ ਮਾਮਲੇ ਵਿਚ ਦਮਗਜੇ ਖੂਬ ਪਸੰਦ ਆ ਰਹੇ ਹਨ ਅਤੇ ਲੋਕ ਚੁੱਟਕੀ ਵੀ ਲੈ ਰਹੇ ਹਨ। ਸ਼ਾਨਦਾਰ ਭਾਸ਼ਣਬਾਜ਼ੀ ਕਰਦੇ ਸਮੇਂ ਸ਼ਾਇਦ ਸੁਨੀਲ ਜਾਖੜ ਇਹ ਭੁੱਲ ਰਹੇ ਹਨ ਕਿ ਉਹ ਹੁਣ ਕਾਂਗਰਸੀ ਨਹੀਂ ਰਹੇ, ਸਗੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹਨ। ਜਿਨ੍ਹਾਂ ਦੀ ਕੇਂਦਰ ਅਤੇ ਹਰਿਆਣਾ ਵਿੱਚ ਵੀ ਸਰਕਾਰ ਹੈ। ਜਾਖੜ ਵੱਲੋਂ ਇੱਕ ਵਾਰ ਫਿਰ ਤੋਂ ਪੂਰੇ ਜ਼ੋਰ ਨਾਲ ਕਿਹਾ ਕਿ ਹਰਿਆਣਾ ਨੂੰ ਪਹਿਲਾਂ ਹੀ ਜ਼ਿਆਦਾ ਪਾਣੀ ਦਿੱਤਾ ਜਾ ਰਿਹਾ ਹੈ, ਇਸ ਲਈ ਹਰਿਆਣਾ ਪੰਜਾਬ ਤੋਂ ਹੋਰ ਪਾਣੀ ਕਾਹਦਾ ਮੰਗ ਰਿਹਾ ਹੈ ? ਪੰਜਾਬ ਤੋਂ ਹਰਿਆਣਾ ਨੂੰ ਇਕ ਬੂੰਦ ਵੀ ਪਾਣੀ ਨਹੀਂ ਦਿੱਤਾ ਜਾਵੇਗਾ ਅਤੇ ਪੰਜਾਬ ਭਾਜਪਾ ਇਸ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ। ਅਸੀਂ ਪਹਿਲਾਂ ਵੀ ਲਿਖਿਆ ਸੀ ਕਿ ਸੁਨੀਲ ਜਾਖੜ ਨੂੰ ਇੱਕ ਮੰਝੇ ਹੋਏ ਰਾਜਨੀਤਿਕ ਨੇਤਾ ਵਜੋਂ ਜਾਣਿਆ ਜਾਂਦਾ ਹੈ ਜੋ ਹਰ ਗੱਲ ਨੂੰ ਪੂਰੀ ਨਾਪ ਤੋਲ ਕੇ ਕਰਦੇ ਹਨ। ਪਰ ਰੱਬ ਜਾਣੇ ਹੁਣ ਉਨ੍ਹਾਂ ਦੀ ਜ਼ੁਬਾਨ ਕਿਉਂ ਵਾਰ ਵਾਰ ਫਿਸਲ ਜਾਂਦੀ ਹੈ ਅਤੇ ਉਹ ਬਿਨਾਂ ਸੋਚੇ ਸਮਝੇ ਹੀ ਐਸਵਾਈਐਲ ਮੁੱਦੇ ਤੇ ਬਿਆਨਬਾਜ਼ੀ ਕਰ ਰਹੇ ਹਨ। ਇਸ ਸਮੇਂ ਪੰਜਾਬ ਦੇ ਨਾਲ ਉਨ੍ਹਾਂ ਦੇ ਸਾਥੀ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਸਮੇਂ ਭਾਜਪਾ ’ਚ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਨੇ ਆਪਣੀ ਸਰਕਾਰ ਦੌਰਾਨ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਪਾਣੀਆਂ ਦੇ ਸਾਰੇ ਪੁਰਾਣੇ ਸਮਝੌਤੇ ਰੱਦ ਕਰ ਦਿੱਤੇ ਹਨ। ਜਿਸ ਲਈ ਉਨ੍ਹਾਂ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਖਿਤਾਬ ਨਾਲ ਵੀ ਮਵਾਜ਼ਿਆ ਗਿਆ। ਹੁਣ ਜਦੋਂ ਅਸਲੀਅਤ ਵਿਚ ਤੁਸੀਂ ਦੋਵੇਂ ਨੇਤਾ ( ਕੈੁਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ) ਸਭ ਕੁਝ ਕਰਵਾ ਸਕਦੇ ਹੋ ਤਾਂ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਚਾਹੇ ਕਾਂਗਰਸ ਹੋਵੇ, ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਸਭ ਜਿੱਥੇ ਜੋ ਮਰਜ਼ੀ ਆਖੀ ਜਾਣ ਅਤੇ ਜੋ ਮਰਜ਼ੀ ਬਿਆਨਬਾਜ਼ੀ ਕਰਕੇ ਦਮਗਜੇ ਮਾਰੀ ਜਾਣ ਪਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੋਣ ਕਾਰਨ ਤੁਸੀਂ ਦੋਵੇਂ ਜੋ ਕਰ ਸਕਦੇ ਹੋ ਉਹ ਹੋਰ ਕੋਈ ਨਹੀਂ ਕਰ ਸਕਦਾ। ਜੇਕਰ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਇਹ ਮੰਨਦੇ ਹਨ ਕਿ ਹਰਿਆਣਾ ਪਹਿਲਾਂ ਹੀ ਵੱਧ ਪਾਣੀ ਲੈ ਰਿਹਾ ਹੈ ਅਤੇ ਉਸਨੂੰ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਿੱਤੀ ਜਾਵੇਗੀ ਤਾਂ ਉਹ ਪੰਜਾਬ ਵਿੱਚ ਸਿਰਫ਼ ਬਿਆਨਬਾਜ਼ੀ ਕਰਨ ਦੀ ਬਜਾਏ ਕੇਂਦਰ ਨਾਲ ਗੱਲ ਕਰਨ। ਉਹ ਇਥੇ ਬਿਆਨਬਾਜ਼ੀ ਕਰਕੇ ਦਮਗਜੇ ਮਾਰਨ ਦੀ ਬਜਾਏ ਕੇਂਦਰ ਵਿਚ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਿਉਂ ਨਹੀਂ ਮਿਲਦੇ, ਕਿਉਂ ਨਹੀਂ ਉਹ ਹਰਿਆਣਾ ਦੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਕੋਲ ਬੁਲਾ ਕੇ ਉਥੇ ਬੈਠਦੇ ? ਜੇਕਰ ਕੇਂਦਰ ਅਤੇ ਹਰਿਆਣਾ ਚਾਹੁਣ ਤਾਂ ਇਹ ਮਸਲਾ 5 ਮਿੰਟ ਦਾ ਹੈ। ਪਰ ਇਹ ਮਸਲਾ ਹਮੇਸ਼ਾ ਸਿਆਸੀ ਰੋਟੀਆਂ ਸੇਕਣ ਦਾ ਰਿਹਾ ਹੈ ਅਤੇ ਹੁਣ ਵੀ ਸਿਰਫ ਸਿਆਸੀ ਰੋਟੀਆਂ ਸੇਕਣ ਦਾ ਕੰਮ ਕੀਤਾ ਜਾ ਰਿਹਾ ਹੈ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪੰਜਾਬ ਭਾਜਪਾ ਇਕਾਈ ਇਸ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੈ। ਤੁਹਾਨੂੰ ਕੁਰਬਾਨੀਆਂ ਦੇਣ ਦੀ ਕੋਈ ਲੋੜ ਨਹੀਂ ਹੈ, ਤੁਸੀਂ ਕੇਂਦਰ ਦੇ ਸਾਹਮਣੇ ਬੈਠ ਕੇ ਹੀ ਇਸ ਮੁੱਦੇ ਨੂੰ ਹੱਲ ਕਰ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਕੇਂਦਰ ਕੋਲ ਜਾਣਾ ਚਾਹੀਦਾ ਹੈ। ਜੋ ਸਰਵੇ ਟੀਮ ਕੇਂਦਰ ਭੇਜਣ ਜਾ ਰਿਹਾ ਹੈ ਉਸਨੂੰ ਇਥੇ ਆਉਣ ਤੋਂ ਰੋਕੋ। ਜੇਕਰ ਗੱਲ ਕੁਰਬਾਨੀ ਦੇਣ ਦੀ ਕਰਦੇ ਹੋ ਤਾਂ ਇਸ ਬਾਰੇ ਵੀ ਐਲਾਣ ਕਰੋ ਕਿ ਜੇਕਰ ਕੇਂਦਰ ਪੰਜਾਬ ਵਿਚ ਪਾਣੀ ਦਾ ਸਰਵੇ ਕਰਨ ਲਈ ਕੋਈ ਟੀਮ ਭੇਜਗਾ ਹੈ ਤਾਂ ਤੁਸੀਂ ਉਸਦਾ ਅਏੱਗੇ ਹੋ ਕੇ ਵਿਰੋਧ ਕਰੋਗੇ ਅਤੇ ਉਸ ਟੀਮ ਨੂੰ ਪੰਜਾਬ ਵਿਚ ਦਾਖਲ ਨਹੀਂ ਹੋਣ ਦਿਓਗੇ । ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੇਕਰ ਤੁਸੀਂ ਮਿਲ ਕੇ ਇਮਾਨਦਾਰੀ ਨਾਲ ਇਸ ਮਸਲੇ ਤੇ ਕੇਂਦਰ ਅੱਗੇ ਅੜ ਜਾਓਗੇ ਅਤੇ ਪੰਜਾਬ ਦਾ ਪੱਖ ਰੱਖੋਗੇ ਤਾਂ ਮਸਲਾ ਕਿਸੇ ਹੱਦ ਤੱਕ ਹਲ ਹੋ ਸਕਦਾ ਹੈ। ਜਾਖੜ ਸਾਹਿਬ ! ਇਕ ਮਿਆਨ ਵਿੱਚ ਦੋ ਤਲਵਾਰਾਂ ਕਦੇ ਨਹੀਂ ਖੜ੍ਹ ਸਕਦੀਆਂ। ਹਰ ਪਾਸੇ ਤੁਹਾਡੀ ਸਰਕਾਰ ਹੈ, ਤੁਸੀਂ ਪੰਜਾਬ ਵਿੱਚ ਕਿਉਂ ਬੈਠੇ ਹੋ। ਪੰਜਾਬ ਪਹਿਲਾਂ ਹੀ ਹਰਿਆਣਾ ਨੂੰ ਵੱਧ ਪਾਣੀ ਦੇ ਰਿਹਾ ਹੈ, ਇਸ ਲਈ ਤੁਸੀਂ ਇੱਕ ਬੂੰਦ ਵੀ ਹੋਰ ਨਾ ਦਿਓ ਅਤੇ ਹਰਿਆਣਾ ਵਿੱਚ ਤੁਹਾਡੀ ਸਰਕਾਰ ਦੇ ਮੁੱਖ ਮੰਤਰੀ ਖੱਟਰ ਕਹਿੰਦੇ ਹਨ ਕਿ ਇਹ ਸਾਡਾ ਹੱਕ ਹੈ, ਅਸੀਂ ਕਿਸੇ ਵੀ ਕੀਮਤ ’ਤੇ ਪੰਜਾਬ ਚੋਂ ਪਾਣੀ ਲਵਾਂਗੇ, ਤਾਂ ਇਹ ਤੁਹਾਡੀ ਪਾਰਟੀ ਦਾ ਮਸਲਾ ਹੈ। ਪਹਿਲਾਂ ਇਹ ਹੱਲ ਕਰੋ। ਜੇ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਸਿਆਸੀ ਬਿਆਨਬਾਜ਼ੀ ਬੰਦ ਕਰ ਦਿਓ ਅਤੇ ਜਿਸ ਤਰ੍ਹਾਂ ਇਸ ਮਾਮਲੇ ਨੂੰ ਪਹਿਲਾਂ ਚਲਾਇਆ ਜਾ ਰਿਹਾ ਹੈ, ਇਹ ਉਸੇ ਤਰ੍ਹਾਂ ਹੀ ਅੱਗੇ ਵੀ ਚੱਲਦਾ ਰਹੇਗਾ। ਇਹ ਸਮਾਂ ਸਿਰਫ ਫੋਕੀਆਂ ਬਿਆਨਬਾਜ਼ੀਆਂ ਕਰਨ ਦਾ ਨਹੀਂ ਹੈ। ਇਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਸਿੱਧਾ ਜੁੜਿਆ ਹੋਇਆ ਮਸਲਾ ਹੈ। ਇਸ ਲਈ ਭਾਵਨਾਵਾਂ ਨਾਲ ਨਾ ਖੇਡਿਆ ਜਾਵੇ।
ਹਰਵਿੰਦਰ ਸਿੰਘ ਸੱਗੂ।