ਲਹਿਰਾਗਾਗਾ, 03 ਦਸੰਬਰ (ਰਾਜੇਸ਼ ਜੈਨ – ਰਾਜ਼ਨ ਜੈਨ) : ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ ਨੂੰ ਬੰਦ ਕਰਨ ਖ਼ਿਲਾਫ਼ ਲਗਾਤਾਰ ਵੱਧਦੇ ਰੋਸ ਅਤੇ ਸਰਕਾਰ ਦੀਆਂ ਅਰਥੀਆਂ ਸਾੜਨ ਦੀ ਲੜੀ ਵਜੋਂ ਅੱਜ ਕਾਲਜ ਬਚਾਓ ਸੰਘਰਸ਼ ਕਮੇਟੀ ਦੇ ਫੈਸਲੇ ਮੁਤਾਬਕ ਪਿੰਡ ਝਲੂਰ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕਦਿਆਂ ਪੰਜਾਬ ਸਰਕਾਰ ਖਿਲਾਫ ਆਕਾਸ਼ ਗੰਜਾਊ ਨਾਆਰੇਬਾਜ਼ੀ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡੀਟੀਐਫ ਦੇ ਜਿਲਾ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਸਿੱਖਿਆ ਇਨਕਲਾਬ ਦੇ ਨਾਂ ਤੇ ਹੋਂਦ ਵਿੱਚ ਆਉਣ ਵਾਲੀ ਸਰਕਾਰ ਜਨਤਕ ਸਿੱਖਿਆ ਦਾ ਘਾਣ ਕਰ ਰਹੀ ਹੈ। ਇਹ ਵਰਤਾਰਾ ਅਖੋਤੀ ਸਰਕਾਰਾਂ ਦੇ ਕਾਰਪੋਰੇਟ ਪੱਖੀ ਚਿਹਰੇ ਨੂੰ ਨੰਗਾ ਕਰਦਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਸੈਂਸੀ ਸਿੰਘ ਨੇ ਕਿਹਾ ਕਿ ਸਾਰੀਆਂ ਸਰਕਾਰਾਂ ਦਾ ਨਕਸ਼ਾ ਹੀ ਕਾਰਪੋਰੇਟ ਪੱਖੀ ਹੁੰਦਾ ਹੈ। ਇਸ ਤਹਿਤ ਇਹ ਸਰਕਾਰ ਵੀ ਕੰਮ ਕਰ ਰਹੀ ਹੈ ਅਤੇ ਜਨਤਕ ਸੰਸਥਾਵਾਂ ਨੂੰ ਨਿਜੀਕਰਨ ਦੇ ਰਾਹ ਤੋਰ ਰਹੀ ਹੈ। ਜਿਸ ਨੂੰ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਲਜ ਯੂਨੀਅਨ ਵੱਲੋਂ ਮਨਜੀਤ ਸਿੰਘ ਨੇ ਕਿਹਾ ਕਿ ਸੰਘਰਸ਼ ਨੂੰ ਲੋਕਾਂ ਦੇ ਸਹਿਯੋਗ ਨਾਲ ਹੋਰ ਤੇਜ਼ ਕੀਤਾ ਜਾਵੇਗਾ ਅਤੇ ਕਾਲਜ ਨੂੰ ਕਿਸੇ ਵੀ ਕੀਮਤ ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਜਿੰਨਾ ਚਿਰ ਸਰਕਾਰ ਕਾਲਜ ਨੂੰ ਦੁਬਾਰਾ ਚਲਾਉਣ ਦਾ ਐਲਾਨ ਨਹੀਂ ਕਰਦੀ ਅਤੇ 104 ਮੁਲਾਜ਼ਮ ਨੂੰ ਬਕਾਇਆ ਤਨਖਾਹਾਂ ਅਤੇ ਰੈਗੂਲਰ ਡਿਊਟੀਆਂ ਦਾ ਪ੍ਰਬੰਧ ਨਹੀਂ ਕਰਦੀ, ਉਨਾ ਚਿਰ ਇਹ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ।ਇਸ ਮੌਕੇ ਬੀਕੇਯੂ ਉਗਰਾਹਾਂ ਦੇ ਇਕਾਈ ਮੀਤ ਪ੍ਰਧਾਨ ਸੁਖਪਾਲ ਸਿੰਘ, ਬਲਕਾਰ ਸਿੰਘ, ਮਲਕੀਤ ਸਿੰਘ, ਦਲਵੀਰ ਸਿੰਘ, ਹਰਪਾਲ ਸਿੰਘ, ਹਰਬਾ ਸਿੰਘ ਅਤੇ ਕਾਲਜ ਦਾ ਸਟਾਫ ਹਾਜ਼ਰ ਸੀ।