ਪਾਣੀਪਤ 18 ਮਾਰਚ (ਬਿਊਰੋ) ਹਰਿਆਣਾ ਦੇ ਪਾਣੀਪਤ ਵਿਖੇ ਇੱਕ ਵਿਅਕਤੀ ਅਫੀਮ ਦੀ ਖੇਤੀ ਦੇ ਦੋਸ਼ ਵਿੱਚ ਪੌਦਿਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਏਐਸਆਈ ਅਨਿਲ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਪੁਲੀਸ ਦੀ ਟੀਮ ਨੇ ਮਤਲੋਡਾ, ਪਾਣੀਪਤ ਦੇ ਅਡਿਆਣਾ ਵਿੱਚ ਅਫੀਮ ਦੀ ਖੇਤੀ ਕਰਦੇ ਮੁਲਜ਼ਮ ਜਗਮਿੰਦਰ ਪੁੱਤਰ ਸੂਬਾ ਸਿੰਘ ਵਾਸੀ ਅਡਿਆਣਾ ਪਾਣੀਪਤ ਨੂੰ ਫੁੱਲਾਂ ਅਤੇ ਡੋਡੇ ਦੇ 1620 ਬੂਟਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਅਫੀਮ ਦੇ ਬੂਟਿਆਂ ਨੂੰ ਤੋਲਣ ‘ਤੇ 81 ਕਿਲੋ 900 ਗ੍ਰਾਮ ਬਰਾਮਦ ਹੋਇਆ।ਮੁਲਜ਼ਮ ਜਗਮਿੰਦਰ ਖ਼ਿਲਾਫ਼ ਥਾਣਾ ਮਤਲੋਡਾ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਨ ਮਗਰੋਂ ਪੁਲੀਸ ਟੀਮ ਨੇ ਗ੍ਰਿਫ਼ਤਾਰ ਮੁਲਜ਼ਮ ਜਗਮਿੰਦਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।ਇਸ ਤੋਂ ਪਹਿਲਾਂ ਜ਼ਿਲ੍ਹੇ ਦੀ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਪਿੰਡ ਭਾਪੜਾ ਤੋਂ 128 ਅਤੇ ਪਿੰਡ ਮਨਾਣਾ ਤੋਂ 2071 ਨਸ਼ੀਲੀਆਂ ਗੋਲੀਆਂ ਅਤੇ ਭੁੱਕੀ ਦੇ ਬੂਟਿਆਂ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ। ਜ਼ਿਲ੍ਹਾ ਪੁਲੀਸ ਦੀਆਂ ਵੱਖ-ਵੱਖ ਟੀਮਾਂ ਨਸ਼ਾ ਤਸਕਰੀ ਸਮੇਤ ਗ਼ੈਰ-ਕਾਨੂੰਨੀ ਧੰਦੇ ਵਿੱਚ ਸ਼ਾਮਲ ਮੁਲਜ਼ਮਾਂ ’ਤੇ ਵਿਸ਼ੇਸ਼ ਨਜ਼ਰ ਰੱਖ ਰਹੀਆਂ ਹਨ।ਵਰਣਨਯੋਗ ਹੈ ਕਿ ਐਂਟੀ ਨਾਰਕੋਟਿਕਸ ਸੈੱਲ ਪੁਲਸ ਦੀ ਟੀਮ ਬੁੱਧਵਾਰ ਨੂੰ ਗਸ਼ਤ ਦੌਰਾਨ ਮਤਲੋਡਾ ਦੇ ਪਿੰਡ ਅਲੂਪੁਰ ਨੇੜੇ ਮੌਜੂਦ ਸੀ। ਇਸ ਦੌਰਾਨ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਜਗਮਿੰਦਰ ਪੁੱਤਰ ਸੂਬਾ ਸਿੰਘ ਵਾਸੀ ਅਡਿਆਣਾ ਨੇ ਆਪਣੇ ਖੇਤ ਵਿੱਚ ਅਫੀਮ ਦੇ ਬੂਟੇ ਉਗਾਏ ਹੋਏ ਹਨ। ਸੂਚਨਾ ਨੂੰ ਠੋਸ ਮੰਨਦਿਆਂ ਪੁਲਸ ਟੀਮ ਨੇ ਡਿਊਟੀ ਮੈਜਿਸਟ੍ਰੇਟ ਨੂੰ ਸੂਚਨਾ ਦੇਣ ਦੇ ਨਾਲ ਹੀ ਅਡਿਆਣਾ ਤੋਂ ਅਲੂਪੁਰ ਰੋਡ ‘ਤੇ ਸਥਿਤ ਜਗਮਿੰਦਰ ਦੇ ਖੇਤ ‘ਚ ਛਾਪੇਮਾਰੀ ਕੀਤੀ ਤਾਂ ਕੋਠੀ ਨੇੜੇ ਖੜ੍ਹੇ ਨੌਜਵਾਨ ਪੁਲਸ ਟੀਮ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ।ਪੁਲੀਸ ਟੀਮ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਮੁੱਢਲੀ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਪਛਾਣ ਜਗਮਿੰਦਰ ਪੁੱਤਰ ਸੂਬਾ ਸਿੰਘ ਵਾਸੀ ਅਡਿਆਣਾ ਵਜੋਂ ਦੱਸੀ। ਪੁਲੀਸ ਟੀਮ ਨੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਮੁਲਜ਼ਮ ਜਗਮਿੰਦਰ ਦੇ ਇਸ਼ਾਰੇ ’ਤੇ ਖੇਤ ਵਿੱਚ ਉਗਾਈ 1620 ਅਫੀਮ ਦੇ ਪੌਦੇ ਬਰਾਮਦ ਕੀਤੇ। ਮੁਲਜ਼ਮ ਜਮਿੰਦਰ ਨੇ ਕਣਕ ਦੇ ਖੇਤ ਦੇ ਵਿਚਕਾਰ ਅਫੀਮ ਦੇ ਪੌਦੇ ਉਗਾਏ ਸਨ, ਤਾਂ ਜੋ ਕਿਸੇ ਨੂੰ ਪੌਦਿਆਂ ਬਾਰੇ ਪਤਾ ਨਾ ਲੱਗੇ। ਬਰਾਮਦ ਹੋਈ ਅਫੀਮ ਦੇ ਬੂਟਿਆਂ ਨੂੰ ਪੁੱਟ ਕੇ ਜਦੋਂ ਤੋਲਿਆ ਗਿਆ ਤਾਂ 81 ਕਿਲੋ 900 ਗ੍ਰਾਮ ਬਰਾਮਦ ਹੋਇਆ।