ਨਵੀਂ ਦਿੱਲੀ ’ਚ ਸ਼ੁੱਕਰਵਾਰ ਨੂੰ ਮਾਇਆਵਤੀ ਤੇ ਸੁਖਬੀਰ ਬਾਦਲ ਨੇ ਕੀਤੀ ਮੁਲਾਕਾਤ
ਚੰਡੀਗੜ੍ਹ (ਅਸਵਨੀ-ਬੋਬੀ ਸਹਿਜਲ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ’ਚ ਸ਼ੁੱਕਰਵਾਰ ਨੂੰ ਨਵੀਂ ਦਿੱਲੀ ’ਚ ਮੁਲਾਕਾਤ ਤੋਂ ਬਾਅਦ ਇਹ ਲਗਪਗ ਤੈਅ ਹੋ ਗਿਆ ਹੈ ਕਿ ਪੰਜਾਬ ਵਿਚ ਲੋਕ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਸਮਝੌਤਾ ਕਾਇਮ ਰਹੇਗਾ। ਹਾਲਾਂਕਿ ਹਾਲੇ ਕੁਝ ਦਿਨ ਪਹਿਲਾਂ ਹੀ ਬਸਪਾ ਦੇ ਸੂਬਾਈ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਹੁਣ ਸਿਰਫ ਥ੍ਰੈਟੀਕਲ ਰਹਿ ਗਿਆ ਹੈ, ਇਸ ਵਿਚ ਪ੍ਰੈਕਟੀਕਲ ਵਰਗਾ ਕੁਝ ਨਹੀਂ ਹੈ। ਲੋਕ ਸਭਾ ਚੋਣਾਂ ਸਿਰ ’ਤੇ ਹਨ ਅਤੇ ਦੋਵਾਂ ਪਾਰਟੀਆਂ ਵਿਚ ਕੋਈ ਤਾਲਮੇਲ ਲਈ ਮੀਟਿੰਗ ਨਹੀਂ ਹੋਈ ਹੈ ਅਤੇ ਨਾ ਹੀ ਇਹ ਪਤਾ ਲੱਗਾ ਹੈ ਕਿ ਕਿਸ ਪਾਰਟੀ ਨੇ ਕਿਹੜੀ ਸੀਟ ਲੜਨੀ ਹੈ। ਉਨ੍ਹਾਂ ਬਸਪਾ ਵੱਲੋਂ ਸਾਰੀਆਂ 13 ਸੀਟਾਂ ਲੜਨ ਦਾ ਐਲਾਨ ਵੀ ਕਰ ਦਿੱਤਾ ਸੀ। ਹੁਣ ਸੁਖਬੀਰ ਬਾਦਲ ਦੀ ਮਾਇਆਵਤੀ ਨਾਲ ਮੁਲਾਕਾਤ ਤੋਂ ਬਾਅਦ ਗੜ੍ਹੀ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਕਾਲੀ ਨਾਲ ਉਨ੍ਹਾਂ ਦਾ ਪੱਕਾ ਸਮਝੌਤਾ ਹੈ। ਉਨ੍ਹਾਂ ਕਿਹਾ ਕਿ ਕਾਡਰ ਕੈਂਪ ਰਾਹੀਂ ਬਸਪਾ ਕਾਡਰ ਪੂਰੇ ਪੰਜਾਬ ਵਿਚ ਬੂਥ ਕਮੇਟੀਆਂ ਬਣਾਏਗਾ ਅਤੇ ਗੱਠਜੋੜ ਦੇ ਸਾਰੇ ਉਮੀਦਵਾਰਾਂ ਦੀ ਜਿੱਤ ਲਈ ਕੰਮ ਕਰੇਗਾ।ਮਾਇਆਵਤੀ ਨਾਲ ਸੁਖਬੀਰ ਬਾਦਲ ਦੀਆਂ ਦੋ ਮੁਲਾਕਾਤ ਤੋਂ ਹੁਣ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ’ਚ ਕੋਈ ਸਮਝੌਤਾ ਨਹੀਂ ਹੋ ਰਿਹਾ। ਭਾਜਪਾ ਦੇ ਨਾਲ ਗੱਠਜੋੜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਅੱਗੇ ਨਹੀਂ ਵਧ ਸਕੀ ਹੈ। ਸ਼੍ਰੋਮਣੀ ਅਕਾਲੀ ਦਲ ਜੋ ਪਿਛਲੇ ਕਈ ਮਹੀਨਿਆਂ ਤੋਂ ਬਸਪਾ ਤੋਂ ਦੂਰੀ ਬਣਾ ਕੇ ਰੱਖ ਰਹੇ ਸਨ ਅਤੇ ਉਸ ਨੂੰ ਲੱਗ ਰਿਹਾ ਸੀ ਕਿ ਰਾਸ਼ਟਰੀ ਪੱਧਰ ’ਤੇ ਆਈਐੱਨਡੀਆਈਏ ’ਚ ਪਾਰਟੀਆਂ ਦੇ ਇਕਜੁਟ ਹੋਣ ਤੋਂ ਬਾਅਦ ਭਾਜਪਾ ਫਿਰ ਤੋਂ ਹੱਥ ਮਿਲਾਉਣ ਨੂੰ ਅੱਗੇ ਆਏਗੀ ਪਰ ਅਜਿਹਾ ਨਹੀਂ ਹੋਇਆ। ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਢਾਈ ਦਹਾਕੇ ਪੁਰਾਣੇ ਇਸ ਗੱਠਜੋੜ ਦੇ ਟੁੱਟਣ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਹੱਥ ਕੁਝ ਖਾਸ ਨਹੀਂ ਲੱਗ ਰਿਹਾ ਹੈ।