Home Uncategorized ਬੀੜੀ-ਸਿਗਰਟ ਦਾ ਖੋਖਾ ਚਲਾਉਂਦੇ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ,

ਬੀੜੀ-ਸਿਗਰਟ ਦਾ ਖੋਖਾ ਚਲਾਉਂਦੇ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ,

25
0

ਔਰਤ ਸਣੇ ਦੋ ਖਿਲਾਫ਼ ਹੱਤਿਆ ਦਾ ਕੇਸ ਦਰਜ
ਭਵਾਨੀਗੜ੍ਹ (ਭੰਗੂ) ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ‘ਤੇ ਬੀੜੀ-ਸਿਗਰਟ ਦਾ ਖੋਖਾ ਚਲਾਉਣ ਵਾਲੇ ਨੌਜਵਾਨ ਦੀ ਭੇਤਭਰੇ ਹਾਲਾਤ ‘ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਬੁੱਧਵਾਰ ਨੂੰ ਉਸਦੇ ਪਰਿਵਾਰ ਨੂੰ ਇੱਥੇ ਨਾਭਾ ਕੈਂਚੀਆਂ ਦੇ ਸ਼ਮਸ਼ਾਨਘਾਟ ਨੇੜੇ ਬੈਂਚ ‘ਤੇ ਪਿਆ ਮਿਲਿਆ। ਮਾਮਲੇ ਸਬੰਧੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ‘ਤੇ ਇਕ ਔਰਤ ਸਮੇਤ ਦੋ ਜਣਿਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।ਇਸ ਸਬੰਧੀ ਕਾਲਾ ਰਾਮ ਪੁੱਤਰ ਜਗਦੀਸ਼ ਚੰਦ ਵਾਸੀ ਅਜੀਤ ਨਗਰ ਭਵਾਨੀਗੜ੍ਹ ਨੇ ਪੁਲਿਸ ਨੂੰ ਦੱਸਿਆ ਕਿ ਬੁੱਧਵਾਰ ਸਵੇਰੇ ਉਸ ਦੇ ਲੜਕੇ ਕੈਲਾਸ਼ ਕੁਮਾਰ ਨੂੰ ਜੀਤੀ ਵਾਸੀ ਭਵਾਨੀਗੜ੍ਹ ਦਾ ਫ਼ੋਨ ਆਇਆ ਸੀ। ਇਸ ਤੋਂ ਬਾਅਦ ਕੈਲਾਸ਼ ਆਪਣੇ ਸਿਗਰਟ-ਬੀੜੀਆਂ ਦੇ ਖੋਖੇ ‘ਤੇ ਚਲਾ ਗਿਆ। ਬਾਅਦ ‘ਚ ਉਹ ਫ਼ੋਨ ਕਰਦਾ ਰਿਹਾ ਪਰ ਕੈਲਾਸ਼ ਨੇ ਫ਼ੋਨ ਨਹੀਂ ਚੁੱਕਿਆ। ਪਿਤਾ ਕਾਲਾ ਰਾਮ ਨੇ ਦੱਸਿਆ ਕਿ ਬਾਅਦ ‘ਚ ਉਨ੍ਹਾਂ ਨੂੰ ਪਤਾ ਲੱਗਾ ਕਿ ਜੀਤੀ ਤੇ ਉਨ੍ਹਾਂ ਦੇ ਨਾਲ ਰਹਿੰਦੀ ਬਬਲੀ ਨਾਂ ਦੀ ਔਰਤ ਉਸਦੇ ਲੜਕੇ ਕੈਲਾਸ਼ ਨੂੰ ਨਾਭਾ ਵੱਲ ਲੈ ਕੇ ਗਏ ਹਨ। ਇਸ ਉਪਰੰਤ ਉਹ ਆਪਣੀ ਪਤਨੀ ਨੀਲਮ ਨੂੰ ਨਾਲ ਲੈ ਕੇ ਜੀਤੀ ਦੇ ਘਰ ਪਹੁੰਚੇ ਤਾਂ ਉਸਦੀ ਮਾਂ ਨੇ ਜੀਤੀ ਨਾਲ ਉਨ੍ਹਾਂ ਦੀ ਗੱਲ ਕਰਵਾਈ ਤਾਂ ਜੀਤੀ ਨੇ ਫੋਨ ‘ਤੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕੈਲਾਸ਼ ਕੁਮਾਰ ਉਸਦੇ ਨਾਲ ਹੈ ਤੇ ਉਹ ਨਾਭਾ ਕੈਂਚੀਆਂ ਤੋਂ ਸ਼ਮਸ਼ਾਨਘਾਟ ਨੂੰ ਜਾਂਦੀ ਸੜਕ ‘ਤੇ ਮੌਜੂਦ ਹਨ।ਸ਼ਿਕਾਇਤਕਰਤਾ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਜੀਤੀ ਵੱਲੋਂ ਦੱਸੀ ਥਾਂ ‘ਤੇ ਪਹੁੰਚੇ ਤਾਂ ਕੈਲਾਸ਼ ਕੁਮਾਰ ਬੈਂਚ ‘ਤੇ ਪਿਆ ਸੀ ਤੇ ਬੋਲਣ ਤੋਂ ਅਸਮਰੱਥ ਸੀ। ਫਿਰ ਵੀ ਲੋਕਾਂ ਦੀ ਮਦਦ ਨਾਲ ਉਹ ਆਪਣੇ ਲੜਕੇ ਕੈਲਾਸ਼ ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਲੈ ਕੇ ਆਏ ਜਿੱਥੇ ਚੈੱਕਅਪ ਮਗਰੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਸ਼ਿਕਾਇਤ ‘ਚ ਕਾਲਾ ਰਾਮ ਨੇ ਦੋਸ਼ ਲਾਇਆ ਕਿ ਉਕਤ ਜੀਤੀ ਤੇ ਬਬਲੀ ਨੇ ਮਿਲ ਕੇ ਉਸਦੇ ਲੜਕੇ ਨੂੰ ਕੋਈ ਗਲਤ ਦਵਾਈ ਦੇ ਦਿੱਤੀ ਜਿਸ ਕਾਰਨ ਕੈਲਾਸ਼ ਦੀ ਮੌਤ ਹੋ ਗਈ।

ਮਾਮਲੇ ਸਬੰਧੀ ਥਾਣਾ ਭਵਾਨੀਗੜ੍ਹ ਦੇ ਇੰਚਾਰਜ ਸਬ-ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਉਕਤ ਜੀਤੀ ਤੇ ਬਬਲੀ ਦੋਵੇਂ ਵਾਸੀ ਭਵਾਨੀਗੜ੍ਹ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ।

LEAVE A REPLY

Please enter your comment!
Please enter your name here