Home Punjab ਆਈਬੀ ਦੀ ਟੀਮ ਵੱਲੋਂ ਕਿਸਾਨ ਆਗੂ ਕਾਮਰੇਡ ਨਿਰਭੈ ਸਿੰਘ ਦੇ ਘਰ ਛਾਪੇਮਾਰੀ,...

ਆਈਬੀ ਦੀ ਟੀਮ ਵੱਲੋਂ ਕਿਸਾਨ ਆਗੂ ਕਾਮਰੇਡ ਨਿਰਭੈ ਸਿੰਘ ਦੇ ਘਰ ਛਾਪੇਮਾਰੀ, ਅਧਿਕਾਰੀਆਂ ਨੇ ਪਰਿਵਾਰ ਤੋਂ ਕੀਤੀ ਪੁੱਛਗਿੱਛ

30
0


ਅਜੀਤਵਾਲ, 26 ਮਈ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਐਤਵਾਰ ਨੂੰ ਇੰਟੈਲੀਜੈਂਸ ਬਿਊਰੋ ਦੀ ਟੀਮ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਗਈ। ਇਸ ਮੌਕੇ ਕੇਂਦਰੀ ਏਜੰਸੀ ਦੇ ਨਾਲ ਪੁਲਿਸ ਵੀ ਹਾਜ਼ਰ ਸੀ।ਇਸ ਮੌਕੇ ਕਾਮਰੇਡ ਨਿਰਭੈ ਸਿੰਘ ਤੇ ਉਨ੍ਹਾਂ ਦੇ ਪੁੱਤਰ ਜਗਸੀਰ ਸਿੰਘ ਨੇ ਦੱਸਿਆ ਕਿ ਐਤਵਾਰ ਤੜਕਸਾਰ ਆਈਬੀ ਦੀ ਟੀਮ ਨੇ ਪੁਲਿਸ ਦੀ ਮਦਦ ਨਾਲ ਉਨ੍ਹਾਂ ਦੇ ਘਰ ਕਾਮਰੇਡ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਪਰ ਨਿਰਭੈ ਸਿੰਘ ਢੁੱਡੀਕੇ ਭਾਜਪਾ ਆਗੂਆਂ ਦੀ ਆਮਦ ਮੌਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਵਿਰੋਧ ਕਾਰਨ ਘਰ ਨਹੀ ਸਨ। ਉਪਰੰਤ ਢਾਈ ਘੰਟਿਆਂ ਦੀ ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਘਰ ਲੱਗੇ ਸੀਸੀਟੀਵੀ ਕੈਮਰੇ, ਮੋਬਾਈਲ ਫੋਨ ਖੰਗਾਲਣ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ।ਇਸ ਸਬੰਧੀ ਉਨ੍ਹਾਂ ਸਰਕਾਰ, ਆਈਬੀ ਅਤੇ ਪੁਲਿਸ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਦੀ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇ ਪੁਲਿਸ ਜਾਂ ਕੋਈ ਏਜੰਸੀ ਇਸ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਜਾਂ ਜਥੇਬੰਦੀ ਦੇ ਆਗੂਆਂ ਨੂੰ ਦੁਬਾਰਾ ਤੰਗ-ਪਰੇਸ਼ਾਨ ਕਰਦੀ ਹੈ ਤਾਂ ਉਹ ਸੰਘਰਸ਼ ਕਰਨਗੇ।ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਅਮਨ-ਕਾਨੂੰਨ ਦਾ ਮਾਮਲਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਅਧਿਕਾਰ ਖੇਤਰ ਹੈ ਪਰ ਕੇਂਦਰੀ ਏਜੰਸੀਆਂ ਦੀ ਪੰਜਾਬ ਵਿਚ ਸ਼ਰੇਆਮ ਹੋ ਰਹੀ ਦੁਰਵਰਤੋਂ ਦੇ ਮਾਮਲੇ ’ਤੇ ਪੰਜਾਬ ਸਰਕਾਰ ਨੇ ਕੇਂਦਰ ਦੀ ਭਾਜਪਾ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਹਨ। ਇਸੇ ਕਾਰਨ ਪੰਜਾਬ ਸਰਕਾਰ ਵੀ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਫੜੋਫੜੀ ਲਈ ਪੱਬਾਂ ਭਾਰ ਹੋਈ ਪਈ ਹੈ।

LEAVE A REPLY

Please enter your comment!
Please enter your name here