Home Farmer ਪਿੰਡ ਤਾਰਾਗੜ੍ਹ ਦੇ ਕਿਸਾਨ ਮਨਜਿੰਦਰ ਸਿੰਘ ਨੇ ਡਰੈਗਨ ਫਰੂਟ ਦੀ ਸਫ਼ਲ ਕਾਸ਼ਤ...

ਪਿੰਡ ਤਾਰਾਗੜ੍ਹ ਦੇ ਕਿਸਾਨ ਮਨਜਿੰਦਰ ਸਿੰਘ ਨੇ ਡਰੈਗਨ ਫਰੂਟ ਦੀ ਸਫ਼ਲ ਕਾਸ਼ਤ ਕਰਕੇ ਕਿਸਾਨਾਂ ਲਈ ਨਵੀਆਂ ਪੈੜਾਂ ਪਾਈਆਂ

38
0


“ਡਰੈਗਨ ਫ਼ਰੂਟ ਦੀ ਖੇਤੀ ਨਾਲ ਜ਼ਮੀਨ ਹੇਠਲੇ ਪਾਣੀ ਦੀ ਹੁੰਦੀ ਹੈ ਬਚਤ”
ਗੁਰਦਾਸਪੁਰ, 23 ਅਪ੍ਰੈਲ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਾਰਾਗੜ੍ਹ ਦੇ ਅਗਾਂਹਵਧੂ ਕਿਸਾਨ ਮਨਜਿੰਦਰ ਸਿੰਘ ਨੇ ਲੀਕ ਤੋਂ ਹੱਟ ਕੇ ਖੇਤੀ ਕਰਕੇ ਦੂਸਰੇ ਕਿਸਾਨਾਂ ਲਈ ਪੈੜਾਂ ਪਾਈਆਂ ਹਨ। ਮਨਜਿੰਦਰ ਸਿੰਘ ਵੱਲੋਂ ਬਟਾਲਾ ਨੇੜਲੇ ਪਿੰਡ ਤਾਰਾਗੜ੍ਹ ਵਿੱਚ ਆਪਣੇ 10 ਕਨਾਲਾਂ ਦੇ ਰਕਬੇ ਵਿੱਚ ਡਰੈਗਨ ਫਰੂਟ ਦੀ ਸਫਲ ਖੇਤੀ ਕਰਕੇ ਇਹ ਸਾਬਤ ਕੀਤਾ ਹੈ ਕਿ ਕਣਕ-ਝੋਨੇ ਦੇ ਫਸਲੀ ਚੱਕਰ ’ਚੋਂ ਨਿਕਲ ਕੇ ਪੰਜਾਬ ਦੀ ਜ਼ਰਖੇਜ ਜ਼ਮੀਨ ਵਿੱਚ ਹੋਰ ਫਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ।ਜ਼ਿਲ੍ਹਾ ਪਠਾਨਕੋਟ ਦੀ ਨਗਰ ਕੌਂਸਲ ਸੁਜਾਨਪੁਰ ਅਤੇ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਵਿਖੇ ਕਾਰਜ ਸਾਧਕ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਮਨਜਿੰਦਰ ਸਿੰਘ ਆਪਣੀ ਸਰਕਾਰੀ ਡਿਊਟੀ ਦੇ ਨਾਲ ਸਫਲ ਖੇਤੀ ਵੀ ਕਰਦੇ ਹਨ। ਡਰੈਗਨ ਫਰੂਟ ਦੀ ਖੇਤੀ ਕਰਨ ਦੇ ਨਵੇਂ ਤਜ਼ਰਬੇ ਬਾਰੇ ਜਾਣਕਾਰੀ ਦਿੰਦਿਆਂ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਾਲ 2020 ਵਿੱਚ ਉਸਨੇ 10 ਕਨਾਲਾਂ ਵਿੱਚ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਸੀ। ਉਸਨੇ ਡਰੈਗਨ ਫਰੂਟ ਦੀ ਪਨੀਰੀ ਦੇ 600 ਬੂਟੇ ਹੈਦਰਾਬਾਦ ਤੋਂ ਮੰਗਵਾਏ ਸਨ ਜਿਸਦੀ ਪਹੁੰਚ ਪ੍ਰਤੀ ਬੂਟਾ ਉਸਨੂੰ 95 ਰੁਪਏ ਪਈ ਸੀ। ਉਸਨੇ ਦੱਸਿਆ ਕਿ 600 ਬੂਟਿਆਂ ਵਿੱਚ 535 ਬੂਟੇ ਚੱਲ ਪਏ ਸਨ।ਮਨਜਿੰਦਰ ਸਿੰਘ ਦੱਸਿਆ ਕਿ ਡੇਡ ਸਾਲ ਬਾਅਦ ਡਰੈਗਨ ਫਰੂਟ ਦੇ ਬੂਟੇ ਨੂੰ ਫ਼ਲ ਲੱਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਤਿੰਨ ਸਾਲ ਵਿੱਚ ਬੂਟਾ ਪੂਰੀ ਤਰਾਂ ਤਿਆਰ ਹੋ ਜਾਂਦਾ ਹੈ, ਜੋ ਕਿ ਘੱਟੋ-ਘੱਟ 20 ਸਾਲ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਡਰੇਗਨ ਫਰੂਟ ਦੀ ਖੇਤੀ ਨਾਲ ਕੁਦਰਤ ਦੇ ਪੱਖ ਤੋਂ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਕੈਕਟਸ ਦੀ ਪ੍ਰਜਾਤੀ ’ਚੋਂ ਹੋਣ ਕਾਰਨ ਇਸਨੂੰ ਪਾਣੀ ਨਾ-ਮਾਤਰ ਹੀ ਚਾਹੀਦਾ ਹੈ ਜਿਸ ਕਾਰਨ ਜ਼ਮੀਨ ਹੇਠਲੇ ਪਾਣੀ ਦੀ 95 ਫੀਸਦੀ ਤੋਂ ਵੀ ਵੱਧ ਬਚਤ ਹੋ ਜਾਂਦੀ ਹੈ। ਮਨਜਿੰਦਰ ਸਿੰਘ ਨੇ ਦੱਸਿਆ ਕਿ ਡਰੈਗਨ ਫਰੂਟ ਨੂੰ ਕੀਟਨਾਸ਼ਕ ਦਵਾਈਆਂ ਵੀ ਨਹੀਂ ਪਾਉਣੀਆਂ ਪੈਂਦੀਆਂ ਕਿਉਂਕਿ ਇਸਨੂੰ ਕੋਈ ਬਿਮਾਰੀ ਜਾਂ ਕੀਟਾਂ ਦੇ ਹਮਲੇ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਸਿਰਫ ਥੋੜੀ ਜਿਹੀ ਖਾਦ ਜਾਂ ਜੇਕਰ ਕਿਤੇ ਉੱਲੀ ਰੋਗ ਹੋ ਜਾਵੇ ਤਾਂ ਉਸਦੇ ਹੱਲ ਲਈ ਹੀ ਦਵਾਈ ਦਾ ਛਿੜਕਾਅ ਕਰਨਾ ਪੈਂਦਾ ਹੈ।ਡਰੈਗਨ ਫਰੂਟ ਦੀ ਮਾਰਕਟਿੰਗ ਬਾਰੇ ਗੱਲ ਕਰਦਿਆਂ ਕਿਸਾਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਬਜ਼ਾਰ ਵਿੱਚ ਡਰੈਗਨ ਫਰੂਟ ਦੀ ਭਾਰੀ ਮੰਗ ਹੈ। ਉਨ੍ਹਾਂ ਦੱਸਿਆ ਕਿ ਪ੍ਰਚੂਨ ਵਿੱਚ 100 ਰੁਪਏ ਦਾ ਇੱਕ ਫਰੂਟ ਵੀ ਵਿੱਕ ਜਾਂਦਾ ਹੈ ਅਤੇ 300 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਫਰੂਟ ਆਮ ਵਿਕ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਸਦੀ ਉਪਜ ਲੋਕਲ ਪੱਧਰ ’ਤੇ ਹੀ ਵਿਕ ਜਾਂਦੀ ਹੈ ਅਤੇ 5 ਸਾਲ ਪੂਰੇ ਹੋਣ ਤੋਂ ਬਾਅਦ ਜਦੋਂ ਭਰਵਾਂ ਫਲ ਲੱਗੇਗਾ ਤਾਂ ਉਹ ਇਸਦੀ ਮਾਰਕਟਿੰਗ ਲਈ ਵੱਡੀਆਂ ਮੰਡੀਆਂ ਵਿੱਚ ਵੀ ਰਾਬਤਾ ਕਰਨਗੇ। ਉਨ੍ਹਾਂ ਦੱਸਿਆ ਕਿ ਪਹਿਲੇ ਤਿੰਨ ਸਾਲਾਂ ਵਿੱਚ ਸਾਰਾ ਖਰਚਾ ਪੂਰਾ ਹੋ ਜਾਂਦਾ ਹੈ ਅਤੇ 5 ਸਾਲ ਮੁਕੰਮਲ ਹੋਣ ’ਤੇ ਇੱਕ ਏਕੜ ਵਿੱਚੋਂ 5 ਲੱਖ ਰੁਪਏ ਤੱਕ ਦੀ ਆਮਦਨ ਲਈ ਜਾ ਸਕਦੀ ਹੈ।ਕਿਸਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਉਸਨੂੰ ਡਰੈਗਨ ਫਰੂਟ ਦੀ ਖੇਤੀ ਨੂੰ ਲੈ ਕੇ ਕੁਝ ਸ਼ੰਕੇ ਜਰੂਰ ਸਨ ਪਰ ਜਦੋਂ ਉਸਨੇ ਇਸਨੂੰ ਆਪਣੇ ਖੇਤਾਂ ਵਿੱਚ ਪਰੈਕਟੀਕਲੀ ਕੀਤਾ ਤਾਂ ਇਸਦੇ ਨਤੀਜੇ ਸ਼ਾਨਦਾਰ ਰਹੇ। ਉਸਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਜ਼ਰਖੇਜ ਧਰਤੀ ਬਹੁਤ ਸਾਰੀਆਂ ਫਸਲਾਂ ਨੂੰ ਪੈਦਾ ਕਰ ਸਕਦੀ ਹੈ ਬੱਸ ਸਹੀ ਜਾਣਕਾਰੀ ਅਤੇ ਖੇਤੀ ਮਾਹਿਰਾਂ ਦੀ ਸਲਾਹ ਨਾਲ ਸਾਨੂੰ ਕਣਕ-ਝੋਨੇ ਦੇ ਗੇੜ ’ਚੋਂ ਬਾਹਰ ਨਿਕਲ ਕੁ ਦੂਸਰੀ ਫਸਲਾਂ ਨੂੰ ਬੀਜ਼ਣਾ ਪਵੇਗਾ। ਉਸਨੇ ਕਿਹਾ ਕਿ ਜੇਕਰ ਕੋਈ ਕਿਸਾਨ ਡਰੈਗਨ ਫਰੂਟ ਬਾਰੇ ਕੋਈ ਜਾਣਕਾਰੀ ਲੈਣੀ ਚਾਹੇ ਤਾਂ ਉਸ ਨਾਲ ਰਾਬਤਾ ਕਰ ਸਕਦਾ ਹੈ।

LEAVE A REPLY

Please enter your comment!
Please enter your name here