Home crime ਪੰਜਾਬ ਪੁਲਿਸ ਨੇ ਉੱਤਰਾਖੰਡ ਦੇ ਵਪਾਰੀ ਦੀ ਟਾਰਗੇਟ ਕਿਲਿੰਗ ਦਾ ਮਨਸੂਬਾ ਕੀਤਾ...

ਪੰਜਾਬ ਪੁਲਿਸ ਨੇ ਉੱਤਰਾਖੰਡ ਦੇ ਵਪਾਰੀ ਦੀ ਟਾਰਗੇਟ ਕਿਲਿੰਗ ਦਾ ਮਨਸੂਬਾ ਕੀਤਾ ਨਾਕਾਮ; ਅਰਸ਼ ਡੱਲਾ ਗੈਂਗ ਦੇ ਦੋ ਮੈਂਬਰ ਕਾਬੂ

51
0

  • ਪੁਲਿਸ ਟੀਮਾਂ ਨੇ ਤਿੰਨ ਪਿਸਤੌਲਾਂ ਅਤੇ 1.90 ਲੱਖ ਰੁਪਏ ਦੀ ਨਕਦੀ ਵੀ ਕੀਤੀ ਬਰਾਮਦ

ਬਠਿੰਡਾ, 23 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ)-ਪੰਜਾਬ ਪੁਲਿਸ ਨੇ ਨਾਮਜ਼ਦ-ਅੱਤਵਾਦੀ ਅਰਸ਼ ਡੱਲਾ ਅਤੇ ਗੈਂਗਸਟਰ ਸੁੱਖਾ ਦੁੱਨੇਕੇ ਨਾਲ ਜੁੜੇ ਦੋ ਗੈਂਗ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉੱਤਰਾਖੰਡ ‘ਚ ਸੰਭਾਵਿਤ ਟਾਰਗੇਟ ਕਿਲਿੰਗ ਦਾ ਮਨਸੂਬਾ ਨਾਕਾਮ ਕਰ ਦਿੱਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ।ਫੜੇ ਗਏ ਵਿਅਕਤੀਆਂ ਦੀ ਪਛਾਣ ਸ਼ਿਮਲਾ ਸਿੰਘ ਵਾਸੀ ਪਿੰਡ ਗਰਾਂਘਣਾ, ਜ਼ਿਲ੍ਹਾ ਮਾਨਸਾ ਅਤੇ ਹਰਜੀਤ ਸਿੰਘ ਉਰਫ਼ ਗੋਰਾ ਵਾਸੀ ਪਿੰਡ ਭਡੋਲੀਆਂਵਾਲੀ, ਜ਼ਿਲ੍ਹਾ ਫ਼ਤਿਹਾਬਾਦ, ਹਰਿਆਣਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਤਿੰਨ ਪਿਸਤੌਲਾਂ .32 ਬੋਰ, .315 ਬੋਰ ਦਾ ਦੇਸੀ ਕੱਟਾ, ਜਿੰਦਾ ਕਾਰਤੂਸ ਅਤੇ ਮੈਗਜ਼ੀਨ ਸਮੇਤ ਇੱਕ 12 ਬੋਰ ਦਾ ਦੇਸੀ ਕੱਟਾ ਬਰਾਮਦ ਕੀਤੀਆਂ ਹਨ ਅਤੇ ਇਸ ਦੇ ਨਾਲ ਹੀ 1.90 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ, ਜੋ ਕਿ ਕੰਟਰੈਕਟ ਕਿਲਿੰਗ ਲਈ ਮੁਹੱਈਆ ਕਰਵਾਈ ਗਈ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਸੂਚਨਾਵਾਂ ਦੇ ਆਧਾਰ ‘ਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਨੇ ਬਠਿੰਡਾ ਜ਼ਿਲ੍ਹਾ ਪੁਲਿਸ ਨਾਲ ਮਿਲ ਕੇ ਬਠਿੰਡਾ ਦੇ ਪਿੰਡ ਜੱਸੀ ਪੌਵਾਲੀ ਵਿਖੇ ਨਾਕਾ ਲਗਾਇਆ ਅਤੇ ਜਦੋਂ ਸ਼ਿਮਲਾ ਸਿੰਘ ਆਪਣੇ ਦੋਸਤ ਨੂੰ ਮਿਲਣ ਜਾ ਰਿਹਾ ਸੀ, ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਵਧੇਰੇ ਜਾਣਕਾਰੀ ਦਿੰਦਿਆਂ ਏ.ਆਈ.ਜੀ. ਸਿਮਰਤਪਾਲ ਸਿੰਘ ਨੇ ਦੱਸਿਆ ਕਿ ਸ਼ਿਮਲਾ ਸਿੰਘ ਨੇ ਖੁਲਾਸਾ ਕੀਤਾ ਕਿ ਅਰਸ਼ ਡੱਲਾ ਨੇ ਉਸ ਨੂੰ ਕਾਸ਼ੀਪੁਰ ਦੇ ਵਪਾਰੀ ਨੂੰ ਮਾਰਨ ਲਈ ਕਿਹਾ ਸੀ ਅਤੇ ਉਸ ਨੂੰ ਲੌਜਿਸਟਿਕ ਸਹਾਇਤਾ ਲਈ ਆਪਣੇ ਸਾਥੀ ਸਾਧੂ ਸਿੰਘ, ਜੋ ਇਸ ਸਮੇਂ ਹਲਦਵਾਨੀ ਜੇਲ੍ਹ ਵਿੱਚ ਬੰਦ ਹੈ, ਨੂੰ ਮਿਲਣ ਲਈ ਕਿਹਾ ਸੀ।
ਉਹਨਾਂ ਕਿਹਾ ਕਿ ਅਰਸ਼ ਡੱਲਾ ਨੇ ਇਸ ਕੰਟਰੈਕਟ ਕਿਲਿੰਗ ਨੂੰ ਅੰਜਾਮ ਦੇਣ ਲਈ 7 ਲੱਖ ਰੁਪਏ ਸ਼ਿਮਲਾ ਸਿੰਘ ਨੂੰ ਦੋ ਕਿਸ਼ਤਾਂ – 4 ਲੱਖ ਅਤੇ 3 ਲੱਖ ਰੁਪਏ- ਵਿੱਚ ਭੇਜੇ ਸਨ।ਏ.ਆਈ.ਜੀ ਨੇ ਦੱਸਿਆ ਕਿ ਦੋਸ਼ੀ ਸ਼ਿਮਲਾ ਸਿੰਘ ਨੇ ਸੁੱਖਾ ਦੁੱਨੇਕੇ ਦੇ ਕਹਿਣ ‘ਤੇ ਅਣਪਛਾਤੇ ਵਿਅਕਤੀ ਨੂੰ 4 ਲੱਖ ਰੁਪਏ ਦਿੱਤੇ ਸਨ ਅਤੇ ਇਸ ਕਤਲ ਨੂੰ ਅੰਜਾਮ ਦੇਣ ਲਈ ਛੇ ਹਥਿਆਰਾਂ ਦਾ ਪ੍ਰਬੰਧ ਕਰਨ ਵਾਸਤੇ ਹਰਜੀਤ ਸਿੰਘ ਉਰਫ ਗੋਰਾ ਨੂੰ 3 ਲੱਖ ਰੁਪਏ ਦਿੱਤੇ ਸਨ।ਇਸ ਉਪਰੰਤ ਪੁਲਿਸ ਟੀਮਾਂ ਨੇ ਹਰਿਆਣਾ ਪੁਲਿਸ ਦੀ ਮਦਦ ਨਾਲ ਹਰਜੀਤ ਗੋਰਾ ਨੂੰ ਉਸਦੇ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਪੁੱਛਗਿੱਛ ਜਾਰੀ ਹੈ ਅਤੇ ਹੋਰ ਬਰਾਮਦਗੀਆਂ ਦੀ ਵੀ ਉਮੀਦ ਹੈ।
ਇਸ ਸਬੰਧੀ ਐਫ.ਆਈ.ਆਰ. ਨੰ. 48 ਮਿਤੀ 20-04-2023 ਨੂੰ ਅਸਲਾ ਐਕਟ ਦੀ ਧਾਰਾ 25(6), (7)/54/59 ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 120ਬੀ ਤਹਿਤ ਥਾਣਾ ਸਦਰ ਬਠਿੰਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here