ਜਿਸ ਕਿਸਾਨ ਨੂੰ ਜ਼ਮੀਨ ਠੇਕੇ ’ਤੇ ਦਿੱਤੀ, ਉਸ ਦਾ 6 ਮਹੀਨਿਆਂ ਦਾ ਠੇਕਾ ਕੀਤਾ ਮੁਆਫ਼
ਜਗਰਾਓਂ, 8 ਜੂਨ ( ਲਿਕੇਸ਼ ਸ਼ਰਮਾਂ, ਜਗਰੂਪ ਸੋਹੀ )-ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿੱਚ ਝੋਨੇ ਦੀ ਫ਼ਸਲ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਣ ਅਤੇ ਧਰਤੀ ਹੇਠਲਾ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਜਿਸ ’ਤੇ ਪੰਜਾਬ ’ਚ ਝੋਨੇ ਦੀ ਫ਼ਸਲ ਨੂੰ ਰੋਕਣ ਲਈ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪਰ ਸਾਰੀਆਂ ਫ਼ਸਲਾਂ ’ਤੇ ਐੱਸ.ਪੀ ਨਾ ਹੋਣ ਕਾਰਨ ਪੰਜਾਬ ਦੇ ਕਿਸਾਨ ਕਣਕ-ਝੋਨੇ ਦੀ ਫ਼ਸਲ ਦੇ ਚੱਕਰ ’ਚੋਂ ਬਾਹਰ ਨਹੀਂ ਨਿਕਲ ਰਹੇ। ਪੰਜਾਬ ਦੇ ਕਈ ਜ਼ਿਲਿ੍ਹਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਡਾਰਕ ਜ਼ੋਨ ਵਿੱਚ ਪਹੁੰਚ ਗਿਆ ਹੈ। ਅਜਿਹੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਜਗਰਾਉਂ ਨੇੜਲੇ ਪਿੰਡ ਮੱਲਾ ਦੇ ਕਿਸਾਨ ਅਜਮੇਰ ਸਿੰਘ ਨੇ ਪਹਿਲ ਕਰਦਿਆਂ ਆਪਣੀ ਜ਼ਮੀਨ ਵਿੱਚ ਝੋਨੇ ਦੀ ਫ਼ਸਲ ਨਾ ਬੀਜਣ ਦਾ ਸ਼ਲਾਘਾਯੋਗ ਫ਼ੈਸਲਾ ਲਿਆ ਹੈ ਅਤੇ ਮੇਹਦੀਆਣਾ ਤੋਂ ਮੱਲਾ ਰੋਡ ’ਤੇ ਸਥਿਤ ਆਪਣੀ ਚਾਰ ਏਕੜ ਜ਼ਮੀਨ ’ਤੇ ਝੋਨਾ ਨਹੀਂ ਲਗਾਉਣ ਦਾ ਫੈਸਲਾ ਕੀਤਾ। ਕਿਸਾਨ ਵਲੋਂ ਆਪਣੀ ਜਮੀਨ ਦੇ ਬਾਹਰ ਵੱਡਾ ਬੋਰਡ ਵੀ ਲਗਾ ਕੇ ਉਸ ਉਪਰ ਸੂਚਨਾ ਲਿਖੀ ਹੈ ਕਿ ਉਸ ਦੀ ਜ਼ਮੀਨ ਵਿੱਚ ਝੋਨਾ ਨਹੀਂ ਬੀਜਿਆ ਜਾਵੇਗਾ। ਕਿਸਾਨ ਅਜਮੇਰ ਸਿੰਘ ਨੇ ਦੱਸਿਆ ਕਿ ਉਸ ਦੀ ਚਾਰ ਏਕੜ ਜ਼ਮੀਨ ਕਿਸੇ ਹੋਰ ਕਿਸਾਨ ਨੂੰ ਠੇਕੇ ’ਤੇ ਦਿੱਤੀ ਹੋਈ ਹੈ। ਉਨ੍ਹਾਂ ਆਪਣੀ ਜ਼ਮੀਨ ’ਤੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਜ਼ਮੀਨ ’ਚ ਝੋਨਾ ਨਾ ਬੀਜਣ। ਇਸ ਤੋਂ ਇਲਾਵਾ ਜੇਕਰ ਉਹ ਕੋਈ ਹੋਰ ਫ਼ਸਲ ਬੀਜਣਾ ਚਾਹੁੰਦਾ ਹੈ ਤਾਂ ਉਹ ਬੀਜ ਸਕਦਾ ਹੈ। ਝੋਨਾ ਨਾ ਲਗਾਉਣ ਦੇ ਬਦਲੇ ਵਿੱਚ 6 ਮਹੀਨਿਆਂ ਦਾ ਠੇਕਾ ਉਸਨੂੰ ਮੁਆਫ਼ ਕਰ ਦਿੱਤਾ ਗਿਆ ਹੈ। ਅਜਮੇਰ ਸਿੰਘ ਨੇ ਦੱਸਿਆ ਕਿ ਸਾਡੇ ਬਜ਼ੁਰਗ ਵੀ ਇਨ੍ਹਾਂ ਜ਼ਮੀਨਾਂ ਵਿੱਚ ਖੇਤੀ ਕਰਦੇ ਸਨ ਅਤੇ ਅਸੀਂ ਸਾਲ ਵਿੱਚ ਇੱਕ ਫ਼ਸਲ ਦਾ ਬੀਜਦੇ ਸੀ ਤਾਂ ਵੀ ਪੂਰਾ ਪਰਿਵਾਰ ਆਸਾਨੀ ਨਾਲ ਗੁਜ਼ਾਰਾ ਕਰਦਾ ਸੀ। ਹੁਣ ਇੱਕ ਸਾਲ ਵਿੱਚ ਕਈ ਫ਼ਸਲਾਂ ਉਗਾਈਆਂ ਜਾਂਦੀਆਂ ਹਨ, ਵੱਧ ਝਾੜ ਲੈਣ ਦੇ ਲਾਲਚ ਵਿੱਚ ਅਸੀਂ ਆਪਣੀਆਂ ਜ਼ਮੀਨਾਂ ਨੂੰ ਕੀਟਨਾਸ਼ਕਾਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਅਸੀਂ ਜ਼ਹਿਰ ਬੀਜਦੇ ਹਾਂ, ਜ਼ਹਿਰ ਵੱਢਦੇ ਹਾਂ ਅਤੇ ਆਪਣੇ ਬੱਚਿਆਂ ਨੂੰ ਖਾਣ ਲਈ ਜ਼ਹਿਰ ਦਿੰਦੇ ਹਾਂ। ਇਸ ਤੋਂ ਇਲਾਵਾ ਅਸੀਂ ਧਰਤੀ ਹੇਠਲੇ ਪਾਣੀ ਦੇ ਆ ਰਹੇ ਵੱਡੇ ਸੰਕਟ ਤੋਂ ਵੀ ਅੱਖਾਂ ਫੇਰ ਰਹੇ ਹਾਂ। ਜੋ ਹਰ ਕਿਸੇ ਨੂੰ ਸਾਫ਼ ਨਜ਼ਰ ਆ ਰਿਹਾ ਹੈ। ਉਹ ਸਮਾਂ ਦੂਰ ਨਹੀਂ ਜਦੋਂ ਧਰਤੀ ਹੇਠਲਾ ਪਾਣੀ ਖ਼ਤਮ ਹੋ ਜਾਵੇਗਾ ਅਤੇ ਅਸੀਂ ਪਾਣੀ ਦੀ ਇੱਕ-ਇੱਕ ਬੂੰਦ ਲਈ ਤਰਸਾਂਗੇ। ਉਸ ਤੋਂ ਬਾਅਦ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਵਾਬ ਨਹੀਂ ਦੇ ਸਕਾਂਗੇ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਸਾਰੇ ਕਿਸਾਨ ਝੋਨੇ ਦੀ ਫ਼ਸਲ ਛੱਡ ਕੇ ਹੋਰ ਫ਼ਸਲਾਂ ਵੱਲ ਰੁਖ ਕਰਨ ਤਾਂ ਜੋ ਸਾਡੀਆਂ ਜ਼ਮੀਨਾਂ ਨੂੰ ਜ਼ਹਿਰੀਲਾ ਹੋਣ ਤੋਂ ਬਚਾਇਆ ਜਾ ਸਕੇ ਅਤੇ ਸਾਡਾ ਧਰਤੀ ਹੇਠਲਾ ਪਾਣੀ ਵੀ ਸੁਰੱਖਿਅਤ ਰਹਿ ਸਕੇ। ਘੱਟੋ-ਘੱਟ ਅਸੀਂ ਆਪਣੇ ਬੱਚਿਆਂ ਲਈ ਪੀਣ ਵਾਲਾ ਪਾਣੀ ਤਾਂ ਛੱਡ ਸਕਦੇ ਹਾਂ। ਕਿਸਾਨ ਅਜਮੇਰ ਸਿੰਘ ਦੇ ਇਸ ਉਪਰਾਲੇ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ।