ਲੋਕ ਸਭਾ ਚੋਣਾਂ ਵਿੱਚ ਜਗਰਾਉਂ ਵਿਧਾਨ ਸਭਾ ਹਲਕੇ ਤੋਂ ਕਿਸ ਨੇਤਾ ਦੀ ਕੀ ਰਹੀ ਕਾਰਗੁਜ਼ਾਰੀ
’ਆਪ’ ’ਚ ਸ਼ਾਮਲ ਹੋਏ ਕੌਂਸਲਰਾਂ ਨੇ ਕੀਤਾ ਨਿਰਾਸ਼, ਭਾਜਪਾ ’ਚ ਸ਼ਾਮਲ ਪੱਪੂ ਹੋਇਆ ਪਾਸ
ਰਾਜੇਸ਼ ਜੈਨ ਅਤੇ ਭਗਵਾਨ ਭੰਗੂ ਦੀ ਵਿਸ਼ੇਸ਼ ਰਿਪੋਰਟ
ਜਗਰਾਓਂ-ਇਸ ਲੋਕ ਸਭਾ ਚੋਣ ਵਿੱਚ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਜਦੋਂ ਕਿ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵਿਧਾਨ ਸਭਾ ਚੋਣਾਂ ਮੌਕੇ ਲਗਾਤਾਰ ਦੂਸਰੀ ਵਾਰ ਰਿਕਾਰਡ ਵੋਟਾਂ ਲੈ ਕੇ ਜੇਤੂ ਰਹੀ ਸੀ। ਉਸ ਤੋਂ ਬਾਅਦ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਵਿਧਾਨ ਸਭਾ ਹਲਕਾ ਜਗਰਾਓਂ ਵਿਚ ਕਾਫੀ ਨਿਰਾਸ਼ਾਜਨਕ ਰਿਹਾ। ਜਗਰਾਉਂ ਵਿਧਾਨ ਸਭਾ ਹਲਕੇ ਤੋਂ ਵੱਖ-ਵੱਖ ਪਾਰਟੀਆਂ ਦੇ ਵੱਡੇ ਆਗੂਆਂ ਦੀ ਕਾਰਗੁਜ਼ਾਰੀ ’ਤੇ ਨਜ਼ਰ ਮਾਰੀ ਗਈ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ।
ਵਿਧਾਇਕਾ ਵੀ ਨਹੀਂ ਦਿਖਾ ਸਕੀ ਦਮ-
ਜਗਰਾਓਂ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੱਪੀ ਪਰਾਸ਼ਰ ਨੂੰ ਆਪਣੇ ਵਾਰਡ ਨੰ: 18 ਵਿਚ ਜਿਸ ਵਿਚ ਉਨ੍ਹਾਂ ਦੀਆਂ ਵੋਟਾਂ ਹਨ, ਵਿਚ ਵੀ ਜਿਤਾ ਨਹੀਂ ਸਕੇ ਅਤੇ ਇਸ ਸਮੇਂ ਜਿਸ ਵਾਰਡ ਨੰ: 1 ਵਿਚ ਉਨ੍ਹਾਂ ਦੀ ਰਿਹਾਇਸ਼ ਦਾ ਹੇ ਉਸ ਇਲਾਕੇ ਵਿਚ ਵੀ ਪੱਪੀ ਦੇ ਹੱਥ ਨਿਰਾਸ਼ ਲੱਗੀ ਹੈ। ਪਰ ਵਿਧਾਇਕਾ ਦੇ ਪਿੰਡ ਮਾਣੂੰਕੇ ਨੇ ਉਨ੍ਹਾਂ ਦਾ ਮਾਣ ਬਹਾਲ ਰੱਖਦੇ ਹੋਏ ਪਿੰਡ ਮਾਣੂੰਕੇ ਵਿੱਚ ਆਪ ਦੇ ਉਮੀਦਵਾਰ ਪੱਪੀ ਪਰਾਸ਼ਰ ਨੂੰ ਸਭ ਤੋਂ ਵੱਧ ਨਾਲ ਸਤਿਕਾਰ ਦਿਤਾ।
ਅਕਾਲੀ ਦਲ ਬੁਰੀ ਤਰ੍ਹਾਂ ਫਿਸਲਿਆ-
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਵੀ ਆਪਣੇ ਵਾਰਡ ਤੋਂ ਨੰਬਰ ਇੱਕ ਅਕਾਲੀ ਦਲ ਦੇ ਉਮੀਦਵਾਰ ਢਿੱਲੋਂ ਨੂੰ ਲੀਡ ਨਹੀਂ ਦੇ ਸਕੇ, ਸਗੋਂ ਅਕਾਲੀ ਦਲ ਦੇ ਉਮੀਦਵਾਰ ਨੂੰ ਉਨ੍ਹਾਂ ਦੇ ਵਾਰਡ ਵਿੱਚੋਂ ਬਹੁਤ ਘੱਟ ਵੋਟਾਂ ਮਿਲੀਆਂ। ਉਨ੍ਹਾਂ ਨੂੰ ਸਾਬਕਾ ਵਿਧਾਇਕ ਕਲੇਰ ਦੇ ਵਾਰਡ ਤੋਂ ਸਿਰਫ਼ 154 ਵੋਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ। ਅਕਾਲੀ ਦਲ ਦੇ ਸਾਬਕਾ ਬਲਾਕ ਸਮਿਤੀ ਚੇਅਰਮੈਨ ਦੀਦਾਰ ਸਿੰਘ ਮਲਕ ਨੇ ਵੀ ਆਪਣੇ ਪਿੰਡ ਮਲਕ ਵਿੱਚ ਅਕਾਲੀ ਉਮੀਦਵਾਰ ਨੂੰ ਨਿਰਾਸ਼ ਕੀਤਾ। ਉਨ੍ਹਾਂ ਦੇ ਪਿੰਡ ਵਿੱਚ ਵੀ ਅਕਾਲੀ ਉਮੀਦਵਾਰ ਢਿੱਲੋਂ ਤੀਜੇ ਨੰਬਰ ’ਤੇ ਰਹੇ।
ਕਾਂਗਰਸ ਦਾ ਰਿਹਾ ਦਬਦਬਾ-
ਵਿਧਾਨ ਸਭਾ ਹਲਕਾ ਜਗਰਾਓਂ ਦੇ ਇੰਚਾਰਜ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਰਾਏਕੋਟ ਦਾ ਹਲਕਾ ਰਾਏਕੋਟ ਹੋਣ ਕਾਰਨ ਉਨਾਂ ਦੀ ਜਗਰਾਓਂ ਇਲਾਕੇ ਵਿਚ ਵੋਟ ਨਹੀਂ ਹੈ। ਪਰ ਜ਼ਿਲ੍ਹਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਦਾ ਪਿੰਡ ਗਾਲਿਬ ਕਲਾ ਹੈ। ਸੋਨੀ ਗਾਲਿਬ ਜਗਰਾਓਂ ਹਲਕੇ ਤੋਂ ਰਾਜਾ ਵੜਿੰਗ ਦੀ ਚੋਣ ਕਮਾਨ ਸੰਭਾਲ ਰਹੇ ਸਨ। ਸੋਨੀ ਗਾਲਿਬ ਆਪਣੀ ਸਿਆਸੀ ਪਕੜ ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇ ਅਤੇ ਪਿੰਡ ਗਾਲਿਬ ਕਲਾਂ ਤੋਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਿੱਚ ਸਫਲ ਰਹੇ। ਬਲਾਕ ਕਾਂਗਰਸ ਜਗਰਾਉਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਵੀ ਆਪਣੇ ਵਾਰਡ ਨੰਬਰ 17 ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਲੀਡ ਦਿਵਾਉਣ ਵਿੱਚ ਸਫਲ ਰਹੇ। ਇਸੇ ਤਰ੍ਹਾਂ ਬਲਾਕ ਕਾਂਗਰਸ ਜਗਰਾਉਂ ਦਿਹਾਤੀ ਦੇ ਪ੍ਰਧਾਨ ਨਵਦੀਪ ਸਿੰਘ ਗਰੇਵਾਲ ਵੀ ਆਪਣੇ ਪਿੰਡ ਕੋਠੇ ਬੱਗੂ ਵਿੱਚ ਕਾਂਗਰਸੀ ਉਮੀਦਵਾਰ ਨੂੰ ਵੱਡੀ ਲੀਡ ਦਿਵਾਉਣ ਵਿੱਚ ਸਫਲ ਰਹੇ।
’ਆਪ’ ’ਚ ਸ਼ਾਮਲ ਹੋਏ ਕੌਂਸਲਰਾਂ ਨੇ ਕੀਤਾ ਨਿਰਾਸ਼-
ਨਗਰ ਕੌਂਸਲ ਜਗਰਾਓਂ ਵਿੱਚ ਲੰਮੇ ਸਮੇਂ ਤੋਂ ਚੱਲ ਰਹੀ ਸਿਆਸੀ ਉਠਾਪਟਕ ਦਰਮਿਆਨ ਕਾਂਗਰਸ ਪਾਰਟੀ ਦੇ 8 ਕੌਂਸਲਰ, ਇੱਕ ਆਜ਼ਾਦ ਅਤੇ ਇੱਕ ਅਕਾਲੀ ਦਲ ਦਾ ਕੌਂਸਲਰ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਮਿਲ ਕੇ ਉਥੇ ਵਿਧਾਇਕ ਦੀ ਅਗਵਾਈ ਵਿੱਚ ਆਪਣਾ ਧੜਾ ਬਣਾ ਲਿਆ ਸੀ। ਪਰ ਇਸ ਤੋਂ ਪਹਿਲਾਂ ਲੋਕ ਸਭਾ ਚੋਣ ਮੌਕੇ ਜਗਰਾਉਂ ਦੇ ਪੰਜ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਉਨ੍ਹਾਂ ਸਾਰੇ ਕੌਂਸਲਰਾਂ ਦੀ ਕਾਰਗੁਜ਼ਾਰੀ ਬੇਹੱਦ ਨਿਰਾਸ਼ਾਜਨਕ ਰਹੀ। ਕਾਂਗਰਸ ਦੀ ਟਿਕਟ ਤੇ ਜਿੱਤ ਹਾਸਿਲ ਕਰਕੇ ਬਾਗੀ ਕਾਂਗਰਸੀ ਧੜੇ ਵਿਚ ਰਲਣ ਤੋਂ ਬਾਅਦ ਆਪ ਦੇ ਹੋਏ ਕੌਂਸਲਰ ਜਗਜੀਤ ਸਿੰਘ ਜੱਗੀ ਆਪਣੇ ਵਾਰਡ ਨੰਬਰ 2 ਵਿੱਚ ਆਪ ਉਮੀਦਵਾਰ ਪੱਪੀ ਲਈ ਕ੍ਰਿਸ਼ਮਾ ਨਹੀਂ ਦਿਖਾ ਸਕੇ, ਇਥੋਂ ਕਾਂਗਰਸ ਉਮੀਦਵਾਰ ਭਾਰੂ ਰਿਹਾ। ਵਾਰਡ ਨੰਬਰ 4 ਦੇ ਕੌਂਸਲਰ ਅਮਰਜੀਤ ਸਿੰਘ ਜਿਸ ਨੂੰ ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਦਾ ਕਾਰਜਕਾਰੀ ਪ੍ਰਧਾਨ ਵੀ ਬਣਾਇਆ ਗਿਆ ਸੀ, ਉਸਦੇ ਵਾਰਡ ਵਿੱਚ ਕਾਂਗਰਸ ਪਾਰਟੀ ਰਿਕਾਰਡ ਵੋਟਾਂ ਹਾਸਲ ਕਰਨ ਵਿੱਚ ਸਫਲ ਰਹੀ ਜਦੋਂਕਿ ਆਪ ਦੇ ਉਮੀਦਵਾਰ ਨੂੰ ਸਿਰਫ਼ 393 ਵੋਟਾਂ ਮਿਲੀਆਂ। ਵਾਰਡ ਨੰਬਰ 13 ਤੋਂ ਕੌਂਸਲਰ ਅਨੀਤਾ ਸੱਭਰਵਾਲ ਭਾਵੇਂ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ, ਪਰ ਉਨ੍ਹਾਂ ਦੇ ਪਤੀ ਰਵਿੰਦਰ ਕੁਮਾਰ ਸੱਭਰਵਾਲ ਪਹਿਲਾਂ ਹੀ ’ਆਪ’ ਵਿਧਾਇਕ ਦੇ ਨਾਲ ਸਨ ਅਤੇ ਲੋਕ ਸਭਾ ਚੋਣਾਂ ’ਚ ਆਪ ਦੇ ਉਮੀਦਵਾਰ ਪਰਾਸ਼ਰ ਪੱਪੀ ਦੇ ਨਾਲ ਖੜ੍ਹੇ ਸਨ। ਇਸ ਤੋਂ ਇਲਾਵਾ ਇਸੇ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੋਪੀ ਸ਼ਰਮਾ ਨੇ ਵੀ ਹਨ। ਇਹ ਦੋਵੇਂ ਨੇਤਾਵਾਂ ਨੇ ਵੀ ਆਪਣੇ ਉਮੀਦਵਾਰ ਨੂੰ ਨਿਰਾਸ਼ ਕੀਤਾ। ਇੱਥੇ ਭਾਜਪਾ ਉਮੀਦਵਾਰ ਰਿਕਾਰਡ ਵੋਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੇ। ਆਪਣੇ ਆਪ ਨੂੰ ‘ਆਪ’ ਦਾ ਵੱਡਾ ਆਗੂ ਮੰਨਣ ਵਾਲੇ ਸਾਜਨ ਮਲਹੋਤਰਾ ਨੇ ਵੀ ਆਪਣੇ ਵਾਰਡ ਵਿੱਚ ‘ਆਪ’ ਉਮੀਦਵਾਰ ਨੂੰ ਨਿਰਾਸ਼ ਕੀਤਾ। ਇਸੇ ਤਰ੍ਹਾਂ ਵਾਰਡ ਨੰਬਰ 17 ਦੇ ਕੌਂਸਲਰ ਕੰਵਰਪਾਲ ਸਿੰਘ ਵੀ ਆਪਣੇ ਉਮੀਦਵਾਰ ਲਈ ਆਪਣੇ ਵਾਰਡ ਦੇ ਵੋਟਰਾਂ ਤੋਂ ਵੋਟ ਨਹੀਂ ਪੁਆ ਸਕੇ।
ਪੱਪੂ ਪਾਸ ਹੋ ਗਿਆ-
ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਕੇ ਵਾਰਡ ਨੰਬਰ 15 ਤੋਂ ਜਿੱਤਣ ਵਾਲੇ ਕੌਂਸਲਰ ਸਤੀਸ਼ ਕੁਮਾਰ ਪੱਪੂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਧੜੇ ਨਾਲ ਖੜ੍ਹੇ ਸਨ। ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ’ਚ ਸ਼ਾਮਲ ਹੋ ਗਏ ਸਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਵਾਰਡ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੂੰ ਰਿਕਾਰਡ 698 ਵੋਟ ਦਵਾਉਣ ਵਿਚ ਕਾਮਯਾਬ ਹੋਏ। ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਪੱਪੂ ਭਾਜਪਾ ਲਈ ਪਾਸ ਹੋ ਗਿਆ।
ਕਲਿਆਣ ਪਰਿਵਾਰ ਨੇ ਪੱਖਿਆ ਬੈਂਲੇਂਸ ਬਰਕਾਰ-
ਜਗਰਾਉਂ ਦੇ ਵਾਰਡ ਨੰਬਰ 7 ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਚਰਨਜੀਤ ਅਤੇ ਕਲਿਆਣ ਦਾ ਪਰਿਵਾਰ ਸਿਆਸੀ ਤਿਕੜਮਬਾਜੀ ਲਈ ਜਾਣਿਆ ਜਾਂਦਾ ਸੀ। ਚਰਨਜੀਤ ਕੌਰ ਕਲਿਆਣ ਦੇ ਪਤੀ ਸਾਬਕਾ ਕੌਂਸਲਰ ਅਮਰਨਾਥ ਕਲਿਆਣ ਨੂੰ ਕੁਝ ਸਮਾਂ ਪਹਿਲਾਂ ਕਾਂਗਰਸ ’ਚੋਂ ਕੱਢ ਦਿੱਤਾ ਗਿਆ ਸੀ ਪਰ ਜਦੋਂ ਲੋਕ ਸਭਾ ਚੋਣਾਂ ਆਈਆਂ ਤਾਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਉਨ੍ਹਾਂ ਦੇ ਘਰ ਗਏ ਅਤੇ ਉਨ੍ਹਾਂ ਨੂੰ ਪਾਰਟੀ ’ਚ ਵਾਪਸ ਲੈ ਆਏ। ਉਹ ਆਪਣੇ ਵਾਰਡ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਰਿਕਾਰਡਤੋੜ ਵੋਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੇ। ਉਨ੍ਹਾਂ ਦਾ ਇੱਕ ਪੁੱਤਰ ਰਾਜੂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵਿੱਚ ਸ਼ਾਮਲ ਹੋਇਆ ਸੀ, ਇੱਥੇ ਭਾਜਪਾ ਦੂਜੇ ਨੰਬਰ ’ਤੇ ਰਹੀ, ਪਰ ਅਮਰਨਾਥ ਕਲਿਆਣ ਦਾ ਕਹਿਣਾ ਹੈ ਕਿ ਰਾਜੂ ਨੇ ਭਾਜਪਾ ਲਈ ਵੋਟਾਂ ਨਹੀਂ ਮੰਗੀਆਂ, ਉਹ ਮੇਰੇ ਨਾਲ ਸਨ। ਜਦਕਿ ਉਨ੍ਹਾਂ ਦੀ ਨੂੰਹ ਕੌਂਸਲਰ ਬਲਵਿੰਦਰ ਕੌਰ ਕਲਿਆਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ। ਕਲਿਆਣ ਪਰਿਵਾਰ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਲਈ ਵੋਟਾਂ ਮੰਗੀਆਂ।